''ਨਸ਼ਿਆਂ ਨੂੰ ਨਾਂਹ, ਜਿੰਦਗੀ ਨੂੰ ਹਾਂ'' ਦੇ ਨਾਅਰੇ ਨਾਲ ਪੁਲਸ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ
Tuesday, Jun 22, 2021 - 08:14 PM (IST)
ਭਵਾਨੀਗੜ੍ਹ(ਵਿਕਾਸ)- ਡੀ.ਐੱਸ.ਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਦੀ ਅਗਵਾਈ ਹੇਠ ਅੱਜ ਸ਼ਹਿਰ ਵਿੱਚ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੌਰਾਨ ਪੁਲਸ ਮੁਲਾਜ਼ਮਾਂ ਨੇ ਹੱਥਾਂ 'ਚ ਨਸ਼ਿਆਂ ਖ਼ਿਲਾਫ਼ ਲਿਖੇ ਸਲੋਗਨਾਂ ਦੇ ਫਲੈਕਸ ਫੜ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਡੀ.ਐੱਸ.ਪੀ ਸੁਖਰਾਜ ਸਿੰਘ ਘੁੰਮਣ ਤੇ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ 26 ਜੂਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਐਂਟੀ ਡਰੱਗ ਡੇ ਮਨਾਇਆ ਜਾਂਦਾ ਹੈ ਤੇ ਅੱਜ ਭਵਾਨੀਗੜ੍ਹ ਪੁਲਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸਦੇ ਨਾਲ ਹੀ 'ਨਸ਼ਿਆ ਨੂੰ ਨਾਂਹ, ਜਿੰਦਗੀ ਨੂੰ ਹਾਂ' ਦੇ ਨਾਅਰੇ ਨਾਲ ਪੁਲਸ ਨਸ਼ਾ ਰਹਿਤ ਸਮਾਜ ਸਿਰਜਣ ਦਾ ਹੋਕਾ ਵੀ ਦੇ ਰਹੀ ਹੈ। ਘੁੰਮਣ ਨੇ ਕਿਹਾ ਕਿ ਨਸ਼ਿਆਂ ਦਾ ਆਦੀ ਵਿਅਕਤੀ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਤਾਂ ਖਤਮ ਕਰਦਾ ਹੀ ਹੈ ਉੱਥੇ ਹੀ ਸਮਾਜ ਲਈ ਵੀ ਘਾਤਕ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਪੁਲਸ ਵੱਲੋਂ ਸਮੇਂ-ਸਮੇਂ 'ਤੇ ਇਲਾਕੇ ਵਿੱਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾਂਦਾ ਰਿਹਾ ਹੈ ਜਿਸ ਦਾ ਸਾਰਥਕ ਨਤੀਜਾ ਰਿਹਾ ਕਿ ਭਵਾਨੀਗੜ੍ਹ ਤਹਿਸੀਲ ਦੇ 10 ਪਿੰਡਾਂ ਨੂੰ ਪੰਚਾਇਤਾਂ ਦੀ ਮੱਦਦ ਨਾਲ ਬਿਲਕੁੱਲ ਨਸ਼ਾ ਰਹਿਤ ਬਣਾਇਆ ਗਿਆ ਹੈ। ਡੀ.ਐੱਸ.ਪੀ ਘੁੰਮਣ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।