ਰਾਣਾ ਸਿੱਧੂ ਕਤਲਕਾਂਡ ’ਚ ਪੁਲਸ ਹੱਥ ਲੱਗਾ ਅਹਿਮ ਸੁਰਾਗ਼, ਜੈਕੀ ਕਾਲੜਾ ਗ੍ਰਿਫ਼ਤਾਰ
Thursday, Sep 29, 2022 - 10:04 PM (IST)
ਮਲੋਟ (ਜੁਨੇਜਾ) : ਮਲੋਟ ਨੇੜੇ ਪਿੰਡ ਔਲਖ ਵਿਖੇ ਲਾਰੈਂਸ ਬਿਸ਼ਨੋਈ ਹੱਥੋਂ ਮਾਰੇ ਗਏ ਬੰਬੀਹਾ ਗਰੁੱਪ ਦੇ ਰਣਜੀਤ ਸਿੰਘ ਰਾਣਾ ਦੇ ਕਤਲ ਤੋਂ ਤਕਰੀਬਨ ਦੋ ਸਾਲ ਬਾਅਦ ਸਦਰ ਮਲੋਟ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ । ਪੁਲਸ ਨੇ ਇਸ ਮਾਮਲੇ ’ਚ ਮਲੋਟ ਵਾਸੀ ਜੈਕੀ ਕਾਲੜਾ ਪੁੱਤਰ ਬਾਬੂ ਰਾਮ ਕਾਲੜਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪੁਸ਼ਟੀ ਸਦਰ ਮਲੋਟ ਪੁਲਸ ਨੇ ਕਰ ਦਿੱਤੀ ਹੈ। ਜੈਕੀ ਕਾਲੜਾ ਉਹ ਵਿਅਕਤੀ ਹੈ, ਜਿਹੜਾ 2 ਦਸੰਬਰ 2019 ਨੂੰ ਲਾਰੈਂਸ ਬਿਸ਼ਨੋਈ ਗਿਰੋਹ ਹੱਥੋਂ ਮਾਰੇ ਗਏ ਮਲੋਟ ਵਾਸੀ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਮੌਕੇ ਉਸ ਦੇ ਨਾਲ ਸੀ ਅਤੇ ਇਸ ਦੀ ਲੱਤ ’ਚ ਗੋਲੀ ਵੀ ਵੱਜੀ ਸੀ। ਪੁਲਸ ਵੱਲੋਂ ਉਸ ਮੌਕੇ ਵੀ ਇਸ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਵੀ ਲਿਆ ਗਿਆ ਸੀ।
ਜ਼ਿਕਰਯੋਗ ਹੈ ਕਿ 22 ਅਕਤੂਬਰ 2020 ਨੂੰ ਦੁਪਹਿਰ ਵੇਲੇ ਲਾਰੈਂਸ ਬਿਸ਼ਨੋਈ ਦੇ ਖ਼ਤਰਨਾਕ ਸ਼ੂਟਰਾਂ ਨੇ ਸ੍ਰੀ ਮੁਕਤਸਰ ਸਾਹਿਬ ਵਾਸੀ ਰਣਜੀਤ ਸਿੰਘ ਰਾਣਾ ਦਾ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਉਸ ਵੇਲੇ ਕਤਲ ਕਰ ਦਿੱਤਾ ਸੀ, ਜਦੋਂ ਉਹ ਆਪਣੀ ਗਰਭਵਤੀ ਪਤਨੀ ਦੇ ਚੈੱਕਅਪ ਲਈ ਇਕ ਨਿੱਜੀ ਕਲੀਨਕ ’ਚ ਪੁੱਜਾ ਸੀ। ਸਦਰ ਮਲੋਟ ਪੁਲਸ ਨੇ ਇਸ ਮਾਮਲੇ ’ਚ ਵਿੱਕੀ ਮਿੱਡੂਖੇੜਾ ਸਮੇਤ 13 ਬੰਦਿਆਂ ਨੂੰ ਨਾਮਜ਼ਦ ਕੀਤਾ ਸੀ ਅਤੇ ਹੁਣ ਤੱਕ ਲਾਰੈਂਸ ਬਿਸ਼ਨੋਈ ਸਮੇਤ 10 ਤੋਂ ਵੱਧ ਦੋਸ਼ੀਆਂ ਨੂੰ ਪ੍ਰੋਡਕਸ਼ਨ ਰਿਮਾਂਡ ’ਤੇ ਲਿਆ ਕੇ ਪੁੱਛਗਿੱਛ ਕਰ ਚੁੱਕੀ ਹੈ। ਰਾਣੇ ਦੇ ਕਤਲ ਤੋਂ 2 ਸਾਲ ਬਾਅਦ ਪੁਲਸ ਵੱਲੋਂ ਕੀਤੀ ਇਹ ਗ੍ਰਿਫ਼ਤਾਰੀ ਤੋਂ ਬਾਅਦ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਹੈ । ਇਸ ਸਬੰਧੀ ਪੁਸ਼ਟੀ ਕਰਦਿਆਂ ਸਦਰ ਮਲੋਟ ਦੇ ਮੁੱਖ ਅਫ਼ਸਰ ਜਸਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਅੱਜ ਮਲੋਟ ਅਦਾਲਤ ’ਚ ਪੇਸ਼ ਕੀਤਾ ਹੈ ਅਤੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਲੱਗਦਾ ਹੈ ਕਿ ਪੁੱਛਗਿੱਛ ਤੋਂ ਬਾਅਦ ਹੀ ਅਗਲੇ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਹੈ |
ਪਹਿਲੀ ਵਾਰ ਗੋਲਡੀ ਬਰਾੜ ਦਾ ਨਾਂ ਆਇਆ ਸੀ ਸਾਹਮਣੇ
ਰਾਣਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਕੇ ਇਸ ਨੂੰ ਉਸ ਵਕਤ ਤੋਂ 2 ਮਹੀਨੇ ਪਹਿਲਾਂ ਚੰਡੀਗੜ੍ਹ ਵਿਚ ਕਤਲ ਹੋਏ ਆਪਣੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲਿਆ ਸੀ | ਇਸ ਮਾਮਲੇ ’ਚ ਪੁਲਸ ਵੱਲੋਂ ਜੈਕੀ ਕਾਲੜਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਵੇਂ ਭੇਤ ਖੁੱਲ੍ਹ ਸਕਦੇ ਹਨ ਕਿਉਂਕਿ ਮੰਨੇ ਦੇ ਕਤਲ ਤੋਂ ਬਾਅਦ ਉਸ ਦੇ ਵਿਰੋਧੀ ਗਰੁੱਪ ਲਾਰੈਂਸ ਗਰੁੱਪ ਦੇ ਬੰਦਿਆਂ ਨਾਲ ਜੈਕੀ ਕਾਲੜਾ ਦੀ ਫੋਟੋ ਵੀ ਸੋਸ਼ਲ ਮੀਡੀਆ ’ਤੇ ਫੋਟੋ ਵਾਇਰਲ ਹੋਈ ਸੀ।