ਜਬਰ-ਜ਼ਨਾਹ ਤੇ ਕੁੱਟਮਾਰ ਕਰਨ ਦੇ ਦੋਸ਼ੀ ਤਿੰਨ ਸਾਲਾਂ ਬਾਅਦ ਆਏ ਪੁਲਸ ਅੜਿੱਕੇ

Friday, Jan 12, 2018 - 02:08 AM (IST)

ਮੋਗਾ,  (ਆਜ਼ਾਦ)-  ਪੁਲਸ ਵੱਲੋਂ ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਮੋਗਾ ਨੇ ਜਬਰ-ਜ਼ਨਾਹ ਅਤੇ ਕੁੱਟਮਾਰ ਕਰਨ ਦੇ ਦੋ ਦੋਸ਼ੀਆਂ ਨੂੰ 3 ਸਾਲਾਂ ਬਾਅਦ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸੀ. ਆਈ. ਏ. ਸਟਾਫ ਮੋਗਾ ਦੇ ਮੁਖੀ ਇੰਚਾਰਜ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਪੀੜਤ ਲੜਕੀ ਦੀ ਸ਼ਿਕਾਇਤ 'ਤੇ 30 ਅਪ੍ਰੈਲ 2015 ਨੂੰ ਬਾਘਾਪੁਰਾਣਾ ਪੁਲਸ ਵੱਲੋਂ ਸੁਖਦੇਵ ਸਿੰਘ, ਜਗਦੀਪ ਸਿੰਘ ਅਤੇ ਕੁਝ ਹੋਰਨਾਂ ਖਿਲਾਫ ਜਬਰ-ਜ਼ਨਾਹ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਪੀੜਤਾ ਨੇ ਦੋਸ਼ ਲਾਇਆ ਸੀ ਕਿ ਉਹ ਪਿੰਡ ਚੰਨੂੰਵਾਲਾ 'ਚ ਆਪਣੀ ਇਕ ਸਹੇਲੀ ਦੇ ਘਰ ਮਿਲਣ ਲਈ ਆਈ ਸੀ, ਉਥੇ ਰਾਤ ਦੇ ਸਮੇਂ ਦੋਸ਼ੀਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਵਿਰੋਧ ਕਰਨ 'ਤੇ ਉਸ ਨਾਲ ਕੁੱਟਮਾਰ ਕੀਤੀ, ਜਿਸ 'ਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ। 
ਸੀ. ਆਈ. ਏ. ਇੰਚਾਰਜ ਨੇ ਦੱਸਿਆ ਕਿ ਦੋਵੇਂ ਦੋਸ਼ੀ ਪੁਲਸ ਦੇ ਕਾਬੂ ਨਹੀਂ ਆ ਰਹੇ ਸਨ, ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਕੇਵਲ ਸਿੰਘ, ਜਸਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਚੰਨੂੰਵਾਲਾ ਨਹਿਰ ਦੇ ਕੋਲੋਂ ਜਾ ਦਬੋਚਿਆ ਤੇ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਕਤ ਦੋਵਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।


Related News