ਬਠਿੰਡਾ ਦੇ ਹਸਪਤਾਲ 'ਚੋਂ ਚੋਰੀ ਹੋਏ ਬੱਚੇ ਦਾ ਨਹੀਂ ਮਿਲਿਆ ਕੋਈ ਸੁਰਾਗ, ਗਮ 'ਚ ਡੁੱਬਿਆ ਪਰਿਵਾਰ

Tuesday, Dec 06, 2022 - 12:51 PM (IST)

ਬਠਿੰਡਾ (ਸੁਖਵਿੰਦਰ) : ਐਤਵਾਰ ਨੂੰ ਸਿਵਲ ਹਸਪਤਾਲ ’ਚੋਂ ਦਿਨ ਦਿਹਾੜੇ ਚੋਰੀ ਹੋਈ ਬੱਚੇ ਦਾ ਪੁਲਸ ਨੂੰ ਹੁਣ ਤੱਕ ਵੀ ਕੋਈ ਸੁਰਾਗ ਨਹੀਂ ਮਿਲਿਆ, ਹਾਲਾਂਕਿ ਇਸ ਸਬੰਧ ਵਿਚ ਪੁਲਸ ਵਲੋਂ ਸੀ. ਆਈ. ਏ-1, ਸੀ. ਆਈ. ਏ-2 ਦੀਆ ਟੀਮਾਂ ਦਾ ਗਠਨ ਕਰਕੇ ਸੀ. ਸੀ. ਟੀ. ਵੀ. ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਪਰ ਅਜੇ ਤੱਕ ਬੱਚੇ ਦਾ ਕੋਈ ਪਤਾ ਨਹੀ ਲੱਗ ਸਕਿਆ। ਬੱਚੇ ਦੇ ਪਰਿਵਾਰਕ ਮੈਬਰਾਂ, ਰਿਸ਼ਤੇਦਾਰਾਂ ਅਤੇ ਮੁਹੱਲਾ ਵਾਸੀਆਂ ਵਲੋਂ ਸਿਵਲ ਹਸਪਤਾਲ ਵਿਖੇ ਬੀਤੇ ਦਿਨ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਬੱਚੇ ਨੂੰ ਲੱਭਣ ਦੀ ਮੰਗ ਕੀਤੀ ਗਈ। ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਪਰਵਿੰਦਰ ਸਿੰਘ ਨੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਸੀ. ਆਈ. ਏ. 1, 2 ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦੀਆ ਟੀਮਾਂ ਬਣਾਈਆਂ ਹਨ। ਔਰਤਾਂ ਦੀਆ ਫੋਟੋਆਂ ਵੀ ਜਾਰੀ ਕੀਤੀਆ ਗਈਆਂ ਹਨ ਤੇ ਜਲਦੀ ਹੀ ਬੱਚਾ ਚੋਰੀ ਕਰਨ ਵਾਲੀਆਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕੀ ਸੀ ਸਾਰਾ ਮਾਮਲਾ

ਐਤਵਾਰ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚੋਂ ਦੋ ਔਰਤਾਂ ਫਿਲਮੀ ਅੰਦਾਜ਼ ਵਿਚ ਇਕ ਨਵ-ਜੰਮਿਆ ਬੱਚਾ ਚੋਰੀ ਕਰਕੇ ਲੈ ਗਈਆ ਸਨ। ਕੁਝ ਦਿਨ ਪਹਿਲਾਂ ਹੀ ਬਬਲੀ ਵਾਸੀ ਪਰਸਰਾਮ ਨਗਰ ਗਲੀ ਨੰਬਰ 1 ਦੀ ਡਿਲਿਵਰੀ ਹੋਈ ਸੀ ਅਤੇ ਉਸ ਵਲੋਂ ਇਕ ਮੁੰਡੇ ਨੂੰ ਜਨਮ ਦਿੱਤਾ ਗਿਆ ਸੀ। ਲਗਭਗ ਡੇਢ ਕੁ ਵਜੇ ਇਕ ਕੁੜੀ ਅਤੇ ਔਰਤ ਉਨ੍ਹਾਂ ਕੋਲ ਆਈਆਂ ਅਤੇ ਬੱਚੇ ਨੂੰ ਇੰਜੈਕਸ਼ਨ ਲਗਾਉਣ ਦਾ ਬਹਾਨਾ ਲਗਾਕੇ ਬੱਚੇ ਨੂੰ ਲਿਜਾਣ ਲਈ ਕਿਹਾ। ਪਰਿਵਾਰਕ ਮੈਂਬਰ ਵੀ ਬੱਚੇ ਨੂੰ ਨਾਲ ਲੈ ਕੇ ਔਰਤਾਂ ਨਾਲ ਚਲੇ ਗਏ ਪਰ ਰਸਤੇ ਵਿਚ ਉਕਤ ਚੋਰ ਔਰਤਾਂ ਵਲੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਆਧਾਰ ਕਾਰਡ ਲਿਆਉਣ ਲਈ ਕਿਹਾ ਅਤੇ ਉਨ੍ਹਾਂ ਤੋਂ ਬੱਚਾ ਆਪ ਫੜ ਲਿਆ। ਜਦੋਂ ਪਰਿਵਾਰਕ ਮੈਂਬਰ ਆਧਾਰ ਕਾਰਡ ਲੈ ਕੇ ਆਏ ਤਾਂ ਉਕਤ ਦੋਵੇਂ ਔਰਤਾਂ ਬੱਚੇ ਨੂੰ ਹਸਪਤਾਲ ਵਿਚੋਂ ਲੈ ਕੇ ਫਰਾਰ ਹੋ ਗਈਆਂ। ਇਸ ਤੋਂ ਬਾਅਦ ਉਨ੍ਹਾਂ ਵਲੋਂ ਹਸਪਤਾਲ ਅਤੇ ਪੁਲਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਆਈਆ ਤਸਵੀਰਾਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੱਚਾ ਚੋਰੀ ਹੋ ਚੁੱਕਾ ਹੈ।

ਕੀ ਕਹਿਣਾ ਬੱਚੇ ਦਾ ਪਰਿਵਾਰ ਦਾ 

ਚੋਰੀ ਹੋਏ ਬੱਚੇ ਦੇ ਪਿਤਾ ਵਿਸ਼ਲੇਸ ਅਤੇ ਉਸਦੀ ਪਤਨੀ ਬਬਲੀ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਚੋਰੀ ਹੋਏ 24 ਘੰਟੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ ਪਰ ਹੁਣ ਤੱਕ ਬੱਚੇ ਦਾ ਕੋਈ ਸੁਰਾਗ ਨਹੀ ਮਿਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਵਲੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਜਾ ਰਹੀ ਅਤੇ ਮੁਲਜ਼ਮ ਔਰਤਾਂ ਨੂੰ ਗ੍ਰਿਫ਼ਤਾਰ ਵੀ ਨਹੀ ਕੀਤਾ ਗਿਆ ਜਦਕਿ ਉਕਤ ਔਰਤਾਂ ਦੀਆ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਪੁਲਸ ਵਲੋਂ ਉਕਤ ਬੱਚਾ ਚੋਰੀ ਕਰਨ ਵਾਲੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਉਕਤ ਚੋਰ ਔਰਤਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਹਾਲਾਂਕਿ ਮਾਮਲਾ ਭਖਦਾ ਦੇਖ ਕੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲਸ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤਾ ਬੱਚਾ ਬਰਾਮਦ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੜਤਾਲ ਚੁੱਕ ਦਿੱਤੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News