PUNJAB : 11 ਮਹੀਨੇ ਪਹਿਲਾਂ ਵਿਆਹੇ ਜੋੜੇ ਦੀ ਅਚਾਨਕ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ

Monday, Feb 02, 2026 - 10:34 AM (IST)

PUNJAB : 11 ਮਹੀਨੇ ਪਹਿਲਾਂ ਵਿਆਹੇ ਜੋੜੇ ਦੀ ਅਚਾਨਕ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ

ਤਲਵੰਡੀ ਸਾਬੋ (ਮੁਨੀਸ਼) : ਇੱਥੇ ਤਲਵੰਡੀ ਸਾਬੋ ਨਗਰ ਦੇ ਇਕ ਮੁਹੱਲੇ ’ਚ ਬੀਤੀ ਦੇਰ ਰਾਤ ਇਕ ਪਤੀ-ਪਤਨੀ ਦੀ ਭੇਤਭਰੇ ਕਾਰਨਾਂ ਕਰ ਕੇ ਸਿਹਤ ਵਿਗੜ ਜਾਣ ਉਪਰੰਤ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਦੋਹਾਂ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਦੇ ਰਮਨਦੀਪ ਸਿੰਘ (31) ਅਤੇ ਉਸਦੀ ਪਤਨੀ ਮਨਜੋਤ ਕੌਰ ਦੀ ਬੀਤੀ ਦੇਰ ਰਾਤ ਉਦੋਂ ਸਿਹਤ ਵਿਗੜ ਗਈ, ਜਦੋਂ ਦੋਹਾਂ ਨੂੰ ਉਲਟੀਆਂ ਲੱਗ ਗਈਆਂ।

ਇਹ ਵੀ ਪੜ੍ਹੋ : ਹੁਣ ਸਲਫ਼ਾਸ ਨਾਲ ਨਹੀਂ ਹੋਵੇਗੀ ਮੌਤ! PGI ਨੇ ਲੱਭ ਲਿਆ ਤੋੜ, ਬਚੇਗੀ ਹਜ਼ਾਰਾਂ ਮਰੀਜ਼ਾਂ ਦੀ ਜਾਨ

ਦੋਹਾਂ ਨੂੰ ਤੁਰੰਤ ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜ਼ਨਲ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮਨਜੋਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਕੁੱਝ ਸਮੇਂ ਬਾਅਦ ਹੀ ਜੇਰੇ ਇਲਾਜ਼ ਰਮਨਦੀਪ ਸਿੰਘ ਦੀ ਵੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਉਕਤ ਦੋਹਾਂ ਦਾ ਕਰੀਬ 11 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਜੋੜੇ ਦੀ ਮੌਤ ਕਾਰਨ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਧਰ ਘਟਨਾ ਦਾ ਪਤਾ ਲੱਗਦਿਆਂ ਹੀ ਤਲਵੰਡੀ ਸਾਬੋ ਪੁਲਸ ਦੀ ਇਕ ਟੀਮ ਨੇ ਸਿਵਲ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਸੀ।

ਇਹ ਵੀ ਪੜ੍ਹੋ : PM ਮੋਦੀ ਦੇ ਡੇਰਾ ਬੱਲਾਂ ਆਉਣ ਤੋਂ ਪਹਿਲਾਂ ਸੁਨੀਲ ਜਾਖੜ ਨੇ ਆਖੀ ਵੱਡੀ ਗੱਲ, ਪੜ੍ਹੋ ਕੀ ਕਿਹਾ

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਦੋਹਾਂ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਕਰ ਕੇ ਦੋਹਾਂ ਦੀ ਮੌਤ ਹੋ ਗਈ। ਉਨ੍ਹਾਂ ਮੁਤਾਬਕ ਉਕਤ ਹਲਫ਼ਨਾਮੇ ਤੋਂ ਬਾਅਦ ਮੁੱਢਲੀ ਰਿਪੋਰਟ ਦਰਜ ਕਰ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪਤੀ-ਪਤਨੀ ਦੀ ਮੌਤ ਨਾਲ ਨਗਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News