ਹੁਣ ਜਲੰਧਰ ਦੀ ਪੁਲਸ ਨੇ ਥਾਣੇ 'ਚੋਂ ਗਾਇਬ ਕੀਤਾ ਨੌਜਵਾਨ, ਪਰਿਵਾਰ ਨੇ ਲਗਾਏ ਇਹ ਦੋਸ਼

06/20/2019 11:03:38 AM

ਜਲੰਧਰ (ਰਮਨ)— ਨੰਗਲ-ਸਲੇਮਪੁਰ ਦੇ ਬੱਕਰੀਆਂ ਚਰਾਉਣ ਵਾਲੇ 27 ਸਾਲਾ ਨੌਜਵਾਨ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖਣ ਅਤੇ ਤਸ਼ੱਦਦ ਕਰਨ ਨੂੰ ਲੈ ਕੇ ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਥਾਣਾ ਮਕਸੂਦਾਂ ਦੇ ਬਾਹਰ ਧਰਨਾ ਪ੍ਰਦਰਸ਼ਨ 'ਤੇ ਸੜਕ ਜਾਮ ਕਰਕੇ ਮਕਸੂਦਾਂ ਪੁਲਸ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ। ਗੁੱਸੇ ਵਿਚ ਆਏ ਰਿਸ਼ਤੇਦਾਰਾਂ ਨੇ ਮਕਸੂਦਾਂ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਲੜਕਾ ਰਾਜ ਕੁਮਾਰ, ਜਿਸ ਨੂੰ ਪੁਲਸ ਸਵੇਰੇ 10 ਵਜੇ ਪੁੱਛਗਿੱਛ ਕਰਨ ਲਈ ਘਰ ਤੋਂ ਥਾਣੇ ਲੈ ਕੇ ਆਈ ਸੀ ਅਤੇ ਸ਼ਾਮ ਨੂੰ ਛੱਡਣ ਲਈ ਕਿਹਾ ਸੀ। ਜਿਵੇਂ ਹੀ ਰਿਸ਼ਤੇਦਾਰ ਥਾਣੇ ਰਾਜ ਕੁਮਾਰ ਨੂੰ ਲੈਣ ਪਹੁੰਚੇ ਤਾਂ ਪੁਲਸ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਰਾਜ ਕੁਮਾਰ ਪੁਲਸ ਹਿਰਾਸਤ 'ਚੋਂ ਦੌੜ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਨੰਗਲ ਸਲੇਮਪੁਰ ਧੋਗੜੀ ਦੇ ਦੋਵੇਂ ਭਰਾ ਗੁਰਮੇਲ ਸਿੰਘ ਰਿੰਕੂ, ਬਿਕਰਮ ਕੁਮਾਰ ਨੇ ਦੱਸਿਆ ਕਿ ਮਕਸੂਦਾਂ ਪੁਲਸ ਭਰਾ ਨੂੰ ਜਬਰਨ ਘਰ ਤੋਂ ਨਸ਼ੇ ਵਾਲਾ ਪਦਾਰਥ ਵੇਚਣ ਦੇ ਦੋਸ਼ 'ਚ ਲੈ ਕੇ ਆਈ ਸੀ। ਰੋਸ ਵਜੋਂ ਮੁਹੱਲਾ ਵਾਸੀ ਰਿਸ਼ਤੇਦਾਰਾਂ ਨਾਲ ਥਾਣੇ ਜਾਣਕਾਰੀ ਲੈਣ ਪਹੁੰਚੇ ਤਾਂ ਥਾਣਾ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਰਾਜ ਕੁਮਾਰ ਬੱਕਰੀਆਂ ਚਰਾਉਣ ਦੇ ਨਾਲ-ਨਾਲ ਨਸ਼ੇ ਵਾਲਾ ਪਦਾਰਥ ਵੇਚਦਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਬਕਾ ਸਰਪੰਚ ਰਾਜਾ ਨਾਲ ਦਿੱਤੀ ਸ਼ਿਕਾਇਤ 'ਤੇ ਹਸਤਾਖਰ ਕਰਵਾ ਕੇ ਪੁਲਸ ਨੇ ਕਿਹਾ ਕਿ ਉਸ ਨੂੰ ਜਾਂਚ ਤੋਂ ਬਾਅਦ ਸ਼ਾਮ 5 ਵਜੇ ਛੱਡ ਦਿੱਤਾ ਜਾਵੇਗਾ। ਰਿੰਕੂ ਨੇ ਦੱਸਿਆ ਕਿ ਜਿਵੇਂ ਹੀ ਉਹ ਸ਼ਾਮ 7 ਵਜੇ ਰਿਸ਼ਤੇਦਾਰਾਂ ਅਤੇ ਮੁਹੱਲਾ ਵਾਸੀਆਂ ਨਾਲ ਭਰਾ ਨੂੰ ਲੈਣ ਥਾਣੇ ਪਹੁੰਚੇ ਤਾਂ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਰਾਜ ਕੁਮਾਰ ਪੁਲਸ ਹਿਰਾਸਤ 'ਚੋਂ ਭੱਜ ਗਿਆ ਹੈ, ਜਿਸ ਖਿਲਾਫ ਕਾਰਵਾਈ ਕੀਤੀ ਜਾਏਗੀ।

PunjabKesari

ਪੁਲਸ ਦੇ ਰਵੱਈਏ ਤੋਂ ਨਾਰਾਜ਼ ਲੋਕਾਂ ਨੇ ਉਸੇ ਸਮੇਂ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਅਤੇ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਰਿਸ਼ਤੇਦਾਰਾਂ ਨੇ ਮੀਡੀਆ ਸਾਹਮਣੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਮਕਸੂਦਾਂ ਪੁਲਸ ਨੇ ਰਾਜ ਕੁਮਾਰ ਨੂੰ ਮਾਰ ਦਿੱਤਾ ਹੈ ਜਾਂ ਵੱਡੇ ਮਾਮਲੇ 'ਚ ਫਸਾਉਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਪੁਲਸ ਨੂੰ ਵਾਰ-ਵਾਰ ਪੁੱਛਣ 'ਤੇ ਇਹੀ ਕਿਹਾ ਜਾ ਰਿਹਾ ਹੈ ਕਿ ਰਾਜ ਕੁਮਾਰ ਥਾਣੇ 'ਚੋਂ ਦੌੜ ਗਿਆ ਹੈ। ਰਿਸ਼ਤੇਦਾਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੰਨੀ ਪੁਲਸ ਫੋਰਸ ਦੀ ਮੌਜੂਦਗੀ 'ਚ ਰਾਜ ਕੁਮਾਰ ਥਾਣੇ ਤੋਂ ਕਿਵੇਂ ਭੱਜ ਸਕਦਾ ਹੈ। ਦੇਰ ਰਾਤ ਤੱਕ ਮੁਹੱਲਾ ਵਾਸੀ ਅਤੇ ਰਿਸ਼ਤੇਦਾਰਾਂ ਵੱਲੋਂ ਥਾਣੇ 'ਚ ਲੱਗੇ ਸੀ. ਸੀ.ਟੀ. ਵੀ. ਫੁਟੇਜ ਚੈੱਕ ਕਰਵਾਈ ਪਰ ਫੁਟੇਜ 'ਚ ਰਾਜ ਕੁਮਾਰ ਨਜ਼ਰ ਨਹੀਂ ਆਇਆ, ਜਿਸ ਨਾਲ ਰਿਸ਼ਤੇਦਾਰ ਹੋਰ ਭੜਕ ਗਏ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਦੇਰ ਰਾਤ ਰਿਸ਼ਤੇਦਾਰਾਂ ਕੋਲ ਪਹੁੰਚੇ ਬਸਪਾ ਨੇਤਾਵਾਂ ਸਮੇਤ ਨੰਗਲ ਸਲੇਮਪੁਰ, ਨੂਰਪੁਰ ਅਤੇ ਮਕਸੂਦਾਂ ਦੇ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਇਸ ਦੀ ਸੂਚਨਾ ਮਿਲਣ 'ਤੇ ਉੱਚ ਅਧਿਕਾਰੀ ਰਵਿੰਦਰਪਾਲ ਸਿੰਘ ਸੰਧੂ ਡੀ. ਐੱਸ. ਪੀ., ਰਣਜੀਤ ਸਿੰਘ ਡੀ. ਐੱਸ. ਪੀ., ਸੁਰਿੰਦਰਪਾਲ ਸਿੰਘ ਡੀ. ਐੱਸ.ਪੀ., ਥਾਣਾ ਮੁਖੀ ਲਾਂਬੜਾ ਪੁਸ਼ਪ ਬਾਲੀ, ਸੀ. ਆਈ.ਏ. ਸਟਾਫ ਸ਼ਿਵ ਕੁਮਾਰ ਸਮੇਤ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ।

ਰਾਜ ਕੁਮਾਰ ਦੇ ਰਿਸ਼ਤੇਦਾਰ ਗੱਡੀਆਂ ਅੱਗੇ ਲੇਟ ਗਏ
ਦੇਰ ਰਾਤ ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਪੁਲਸ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਰੋਡ ਜਾਮ ਕੀਤਾ ਅਤੇ ਰਿਸ਼ਤੇਦਾਰ ਗੱਡੀਆਂ ਦੇ ਅੱਗੇ ਲੇਟ ਗਏ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲਸ ਉਨ੍ਹਾਂ ਦੇ ਬੇਟੇ ਨੂੰ ਸੁਰੱਖਿਅਤ ਥਾਣੇ 'ਚ ਪੇਸ਼ ਨਹੀਂ ਕਰਦੀ ਤਾਂ ਉਹ ਆਪਣੀ ਜਾਨ ਦੇ ਦੇਣਗੇ। ਗੱਡੀਆਂ ਅੱਗੇ ਲੇਟ ਕੇ ਪ੍ਰਦਰਸ਼ਨ ਕਰਨ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਸੀ।

PunjabKesari

ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਹੋਣ ਨਾਲ ਰੋਡ ਜਾਮ, ਲੰਬੀਆਂ ਲਾਈਨਾਂ ਲੱਗੀਆਂ
ਨੰਗਲ ਸਲੇਮਪੁਰ, ਨੂਰਪੁਰ, ਮਕਸੂਦਾਂ ਦੇ ਬਸਪਾ ਕਾਰਜਕਰਤਾਵਾਂ ਤੇ ਰਾਜ ਕੁਮਾਰ ਦੇ ਰਿਸ਼ਤੇਦਾਰਾਂ ਵੱਲੋਂ ਰੋਡ ਜਾਮ ਕਰਨ ਨਾਲ ਸੜਕਾਂ 'ਤੇ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ। ਰੋਡ ਜਾਮ ਹੋਣ ਨਾਲ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ ਅਤੇ ਰੋਡ ਜਾਮ ਨੂੰ ਖੁਲ੍ਹਵਾਉਣ ਲਈ ਪੁਲਸ ਰੂਟ ਨੂੰ ਡਾਈਵਰਟ ਕਰਨ 'ਚ ਲੱਗੀ ਰਹੀ। ਦੇਰ ਰਾਤ ਤੱਕ ਸੜਕਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਰਵਿੰਦਰ ਪਾਲ ਸਿੰਘ ਸੰਧੂ ਨੇ ਰਿਸ਼ਤੇਦਾਰਾਂ ਨੂੰ ਭਰੋਸਾ ਦਿੱਤਾ ਕਿ ਰਾਜ ਕੁਮਾਰ ਨੂੰ ਜਲਦੀ ਹੀ ਪੁਲਸ ਲੱਭ ਲਵੇਗੀ ਜੋ ਬਿਲਕੁਲ ਠੀਕ-ਠਾਕ ਹੈ। ਪੁਲਸ 'ਤੇ ਜੋ ਦੋਸ਼ ਲਾਏ ਗਏ ਹਨ, ਉਹ ਗਲਤ ਹਨ। ਉਕਤ ਸਾਰੀ ਘਟਨਾ ਦੇ ਮਾਮਲੇ ਬਾਰੇ ਜਦੋਂ ਥਾਣਾ ਮੁਖੀ ਰਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜੋ ਤੁਸੀਂ ਪੁਛਣਾ ਚਾਹੁੰਦੇ ਹੋ ਉਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲੇ ਸਮਾਂ ਨਹੀਂ ਹੈ।

ਵੱਡੀ ਨਾਕਾਮੀ ਆਈ ਸਾਹਮਣੇ-ਪੁਲਸ ਹਿਰਾਸਤ 'ਚੋਂ ਭੱਜਿਆ ਨੌਜਵਾਨ
ਇਕ ਵਾਰ ਫਿਰ ਬਦਨਾਮੀ ਦਾ ਦਾਗ ਮਕਸੂਦਾਂ ਥਾਣੇ 'ਤੇ ਲੱਗਿਆ। ਬੰਬ ਧਮਾਕੇ ਵਰਗੇ ਮਾਮਲੇ ਦੇ ਬਾਅਦ ਵੀ ਮਕਸੂਦਾਂ ਪੁਲਸ ਨਹੀਂ ਜਾਗੀ। ਪੁਲਸ ਚੌਕੀ ਸਬੰਧੀ ਇਕ ਵੱਡੀ ਨਾਕਾਮੀ ਸਾਹਮਣੇਆਈ ਹੈ, ਥਾਣਾ ਮਕਸੂਦਾਂ ਪੁਲਸ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਦਾਗ ਲੱਗ ਗਿਆ ਹੈ, ਜਿਸ ਨੂੰ ਧੋਣ ਲਈ ਮੌਕੇ 'ਤੇ ਪਹੁੰਚੇ ਉੱਚ ਅਧਿਕਾਰੀ ਪੂਰਾ ਜ਼ੋਰ ਲਗਾ ਰਹੇ ਸਨ।

PunjabKesari

ਰਿਸ਼ਤੇਦਾਰਾਂ ਨੇ 10 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਲਗਾਏ ਦੋਸ਼
ਦੇਰ ਰਾਤ ਰਿਸ਼ਤੇਦਾਰਾਂ ਨੇ ਥਾਣਾ ਪੁਲਸ ਮਕਸੂਦਾਂ 'ਤੇ ਦੋਸ਼ ਲਗਾਏ ਕਿ ਉਸ ਦੇ ਭਰਾ ਰਾਜ ਕੁਮਾਰ ਨੂੰ ਪੁਲਸ ਨੇ ਦੇਰ ਸ਼ਾਮ ਤੱਕ ਥਾਣੇ ਬਿਠਾਈ ਰੱਖਿਆ ਅਤੇ ਉਸ ਨੂੰ ਛੱਡਣ ਸਬੰਧੀ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਨਹੀਂ ਤਾਂ ਪਰਚਾ ਦਰਜ ਕੀਤਾ ਜਾਏਗਾ। ਮੀਡੀਆ ਨੂੰ ਦੱਸਦੇ ਹੋਏ ਰਿਸ਼ਤੇਦਾਰਾਂ ਨੇ ਨੋਟ ਤੱਕ ਦਿਖਾ ਦਿੱਤੇ ਅਤੇ ਕਿਹਾ ਕਿ ਪੁਲਸ ਉਨ੍ਹਾਂ ਦੇ ਬੇਟੇ ਨੂੰ ਪਿਛਲੇ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਹੀ ਸੀ ਅਤੇ ਬੀਤੇ ਦਿਨ ਜਾਂਚ ਕਰਨ ਲਈ ਲੈ ਕੇ ਆਈ ਸੀ।

PunjabKesari

ਪੁਲਸ ਨੂੰ ਗੁੰਮਰਾਹ ਕਰਨ ਲਈ ਰਚਿਆ ਡਰਾਮਾ-ਪੁਲਸ
ਦੇਰ ਰਾਤ 10.40 'ਤੇ ਉੱਚ ਅਧਿਕਾਰੀਆਂ ਸਮੇਤ ਰਵਿੰਦਰਪਾਲ ਸਿੰਘ ਸੰਧੂ ਡੀ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਰਾਜ ਕੁਮਾਰ ਗੜ੍ਹਦੀਵਾਲਾ ਹੁਸ਼ਿਆਰਪੁਰ ਆਪਣੇ ਰਿਸ਼ਤੇਦਾਰ ਕੋਲ ਪਹੁੰਚ ਗਿਆ ਹੈ, ਜਿਸ ਨੂੰ ਮਨੀ ਨਾਮਕ ਨੌਜਵਾਨ ਥਾਣੇ ਦੇ ਬਾਹਰੋਂ ਲੈ ਕੇ ਗਿਆ ਹੈ। ਪੁਲਸ ਨੂੰ ਰਾਜ ਕੁਮਾਰ ਸਬੰਧੀ ਜਾਣਕਾਰੀ ਮਿਲ ਗਈ ਹੈ। ਪੁਲਸ ਟੀਮ ਭੇਜ ਦਿੱਤੀ ਹੈ ਅਤੇ ਜਲਦੀ ਹੀ ਰਾਜ ਕੁਮਾਰ ਨੂੰ ਲਿਆਂਦਾ ਜਾਵੇਗਾ। ਉਸ ਤੋਂ ਬਾਅਦ ਸਾਰੀ ਸਥਿਤੀ ਸਾਫ ਹੋ ਜਾਵੇਗੀ। ਜਿਸ 'ਤੇ ਰਿਸ਼ਤੇਦਾਰਾਂ ਨੇ ਪੁਲਸ ਵਲੋਂ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕ ਲਿਆ। ਡੀ. ਐੱਸ. ਪੀ. ਰਵਿੰਦਰ ਪਾਲ ਸੰਧੂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪੁਲਸ ਨੂੰ ਗੁੰਮਰਾਹ ਕਰਨ ਸਬੰਧੀ ਬਣਦੀ ਕਾਰਵਾਈ ਕੀਤੀ ਜਾਏਗੀ।


shivani attri

Content Editor

Related News