ਪੁਲਸ ਹਿਰਾਸਤ ''ਚ ਨੌਜਵਾਨ ਦੀ ਮੌਤ, ਲਾਸ਼ ਨੂੰ ਕੀਤਾ ਖੁਰਦ-ਬੁਰਦ

05/22/2019 4:50:24 AM

ਫਰੀਦਕੋਟ,(ਜਗਤਾਰ, ਰਾਜਨ) : ਚੋਣਾਂ ਵਾਲੇ ਦਿਨ ਇਥੋਂ ਦੇ ਸੀ. ਆਈ. ਏ. ਸਟਾਫ਼ ਮੁਖੀ ਇੰਸਪੈਕਟਰ ਨਰਿੰਦਰ ਸਿੰਘ ਦੀ ਦਫਤਰ 'ਚ ਗੋਲੀ ਲੱਗਣ ਕਾਰਣ ਹੋਈ ਮੌਤ ਨੇ ਨਵਾਂ ਮੋੜ ਲੈ ਲਿਆ ਹੈ। ਬੇਸ਼ੱਕ ਪੁਲਸ ਵਲੋਂ ਇਸ ਨੂੰ ਸਪੱਸ਼ਟ ਨਹੀਂ ਕੀਤਾ ਗਿਆ ਹੈ ਪਰ ਮ੍ਰਿਤਕ ਸੀ. ਆਈ. ਏ. ਸਟਾਫ ਮੁਖੀ ਵਲੋਂ ਆਪਣੀ ਹਿਰਾਸਤ 'ਚ ਲਏ ਗਏ ਇਕ 22 ਸਾਲਾ ਨੌਜਵਾਨ ਦੀ ਲਾਕਅੱਪ 'ਚ ਮੌਤ ਹੋ ਗਈ। ਜਿਸ ਕਾਰਨ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ। 
ਜਾਣਕਾਰੀ ਮੁਤਾਬਕ 18 ਮਈ ਨੂੰ ਸੀ. ਆਈ. ਏ. ਪੁਲਸ ਵਲੋਂ ਪਿੰਡ ਰੱਤੀ ਰੋੜੀ ਤੋਂ ਹਿਰਾਸਤ 'ਚ ਲਏ ਗਏ 22 ਸਾਲ ਦੇ ਲੜਕੇ ਜਸਪਾਲ ਸਿੰਘ ਦੀ ਪੁਲਸ ਹਿਰਾਸਤ 'ਚ ਮੌਤ ਹੋ ਗਈ ਤੇ ਡਰ ਦੇ ਮਾਰੇ ਸੀ. ਆਈ. ਏ. ਸਟਾਫ ਮੁਖੀ ਨਰਿੰਦਰ ਸਿੰਘ ਸਮੇਤ ਕੁੱਝ ਪੁਲਸ ਮੁਲਾਜ਼ਮਾਂ ਵਲੋਂ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਕਰ ਦਿੱਤਾ ਗਿਆ। ਇਸ ਗੱਲ ਦੀ ਪੁਸ਼ਟੀ ਜਿਲੇ ਦੇ ਐਸ. ਐਸ. ਪੀ. ਰਾਜ ਬੱਚਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ। ਉਨ੍ਹਾਂ ਦੱਸਿਆ ਕਿ 18 ਮਈ ਨੂੰ ਕੰਟਰੋਲ ਰੂਮ 'ਤੇ ਆਈ ਇਕ ਸ਼ਿਕਾਇਤ ਤੋਂ ਬਾਅਦ ਸੀ. ਆਈ. ਏ. ਇੰਚਾਰਜ ਨਰਿੰਦਰ ਸਿੰਘ ਦੀ ਪੁਲਸ ਪਾਰਟੀ ਵਲੋਂ ਪਿੰਡ ਰੱਤੀ ਰੋੜੀ ਤੋਂ ਨੌਜਵਾਨ ਜਸਪਾਲ ਸਿੰਘ ਉਰਫ ਜੱਸ ਨੂੰ ਹਿਰਾਸਤ 'ਚ ਲੈ ਕੇ ਸੀ. ਆਈ. ਏ. ਸਟਾਫ ਲਿਆਇਆ ਗਿਆ। ਜਦ ਦੂਜੇ ਦਿਨ ਪਰਿਵਾਰ ਵਾਲਿਆਂ ਨੇ ਪੁਲਸ ਤੋਂ ਆਪਣੇ ਲੜਕੇ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਸਵੇਰੇ 5 ਵਜੇ ਹੀ ਲੜਕੇ ਨੂੰ ਛੱਡ ਦਿੱਤਾ ਗਿਆ ਸੀ, ਹਾਲਾਂਕਿ ਨੌਜਵਾਨ ਆਪਣੇ ਘਰ ਨਹੀਂ ਪਹੁੰਚਿਆ। ਜਿਸ ਦੇ ਚੱਲਦੇ ਪਰਿਵਾਰ ਵਾਲਿਆਂ ਵਲੋਂ ਆਪਣੇ ਪੁੱਤਰ ਦੀ ਮੰਗ ਕੀਤੀ ਗਈ। 

ਇਸ ਵਿਚਾਲੇ ਸੀ. ਆਈ. ਏ. ਇੰਚਾਰਜ ਨਰਿੰਦਰ ਸਿੰਘ ਵਲੋਂ ਆਪਣੀ ਹੀ ਅਸਾਲਟ ਤੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਜਿਸ ਤੋਂ ਬਾਅਦ ਮਾਮਲਾ ਹੋਰ ਗੰਭੀਰ ਤੇ ਪੇਚੀਦਾ ਹੋ ਗਿਆ ਪਰ ਅੱਜ ਸ਼ਾਮ ਹੁੰਦੇ ਹੀ ਪੁਲਸ ਵਲੋਂ ਇਕ ਪ੍ਰੈਸ ਕਾਨਫਰੰਸ ਕਰ ਕੇ ਇਸ ਮਾਮਲੇ ਤੋਂ ਪਰਦਾ ਹਟਾਉਂਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਨੌਜਵਾਨ ਜਸਪਾਲ ਨੇ ਹਵਾਲਾਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਡਰ ਦੇ ਮਾਰੇ ਪੁਲਸ ਮੁਲਾਜ਼ਮਾਂ ਵਲੋਂ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਥੇ ਹੀ ਪ੍ਰੈਸ ਕਾਨਫਰੰਸ ਦੌਰਾਨ ਪੁਲਸ ਮੀਡੀਆ ਦੇ ਸਵਾਲਾਂ ਤੋਂ ਬਚਦੀ ਰਹੀ ਤੇ ਹਰ ਸਵਾਲ 'ਚ ਜਾਂਚ ਜਾਰੀ ਹੈ, ਕਹਿ ਕੇ ਕੰਮ ਚਲਾਉਂਦੀ ਰਹੀ। 

ਉਥੇ ਹੀ ਪਰਿਵਾਰ ਵਾਲੇ ਐਸ.ਐਸ. ਪੀ. ਦੇ ਦਫਤਰ 'ਚ ਇੱਕਠੇ ਹੋਏ ਤੇ ਉਕਤ ਜਾਣਕਾਰੀ ਮਿਲਣ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਣ ਹੋ ਗਿਆ ਤੇ ਪੁਲਸ 'ਤੇ ਉਨ੍ਹਾਂ ਦੇ ਬੱਚੇ ਨੂੰ ਮਾਰ ਕੇ ਝੂਠੀ ਕਹਾਣੀ ਬਣਾਉਣ ਦੇ ਦੋਸ਼ ਲਗਾਏ ਗਏ ਹਨ। ਪਰਿਵਾਰ ਵਲੋਂ ਦੋਸ਼ੀ ਪੁਲਸ ਮੁਲਾਜ਼ਮਾਂ ਜਲਦੀ ਗ੍ਰਿਫਤਾਰ ਕਰਨ ਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ  ਚੇਤਾਵਨੀ ਦਿੰਦੇ ਹੋਏ ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਦੋਸ਼ੀ ਪੁਲਸ ਮੁਲਾਜ਼ਮਾਂ ਦਾ ਜ਼ਲਦ ਪਤਾ ਨਾ ਲਗਾਇਆ ਗਿਆ ਤਾਂ ਉਨ੍ਹਾਂ ਵਲੋਂ ਪੁਲਸ ਖਿਲਾਫ ਸਖ਼ਤ ਸੰਘਰਸ਼ ਛੇੜਿਆ ਜਾਵੇਗਾ। ਇਸ ਮਾਮਲੇ 'ਚ ਪੁਲਸ ਵਲੋਂ ਕੁੱਝ ਪੁਲਸ ਮੁਲਾਜ਼ਮਾਂ ਖਿਲਾਫ ਨੌਜਵਾਨ ਦੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਐਸ. ਆਈ. ਟੀ. ਗਠਿਤ ਕਰ ਪਰਿਵਾਰ ਨੂੰ ਜਾਂਚ ਦਾ ਭਰੋਸਾ ਦਿੱਤਾ ਗਿਆ।


Related News