ਛੇੜਛਾੜ ਮਾਮਲੇ ''ਚ ਪੁਲਸ ''ਤੇ ਜਬਰੀ ਸਮਝੌਤਾ ਕਰਵਾਉਣ ਦੇ ਦੋਸ਼
Sunday, Jun 11, 2017 - 07:07 AM (IST)
ਸਮਰਾਲਾ (ਗਰਗ, ਬੰਗੜ, ਗੋਪਾਲ) - ਪਿੰਡ ਮੁਸ਼ਕਾਬਾਦ ਦੀ ਇਕ ਛੇੜਛਾੜ ਤੋਂ ਪੀੜਤ ਲੜਕੀ ਨੇ ਚੌਕੀ ਹੇਡੋਂ ਦੀ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਤਿੰਨ ਮਹੀਨੇ ਬੀਤ ਗਏ ਹਨ ਪਰ ਦੋਸ਼ੀ ਆਜ਼ਾਦ ਘੁੰਮ ਰਹੇ ਹਨ ਤੇ ਮੇਰਾ ਪਰਿਵਾਰ ਪੁਲਸ ਥਾਣਿਆਂ ਦੀਆਂ ਠੋਕਰਾਂ ਖਾਂਦਾ ਫਿਰ ਰਿਹੈ।
ਸਮਰਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਲੜਕੀ ਦੇ ਨਾਲ ਪੁੱਜੇ ਰਾਸ਼ਟਰੀ ਵਾਲਮੀਕਿ ਸਭਾ ਦੇ ਚੇਅਰਮੈਨ ਕੁਲਦੀਪ ਸਿੰਘ ਸਹੋਤਾ, ਮੀਤ ਪ੍ਰਧਾਨ ਰਘਵੀਰ ਸਿੰਘ ਬਡਲਾ, ਹਰਭਜਨ ਸਿੰਘ ਦਲਵਾ ਅਤੇ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਪੁਲਸ ਚੌਕੀ ਹੇਡੋਂ ਰਾਹੀਂ ਥਾਣਾ ਸਮਰਾਲਾ ਵਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਪੁਲਸ ਵਲੋਂ ਤਫਤੀਸ਼ ਦੇ ਬਹਾਨੇ ਪੀੜਤ ਲੜਕੀ ਨੂੰ ਡਰਾ-ਧਮਕਾ ਕੇ ਸਮਝੌਤਾ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਮਿਤੀ 31. 3. 17 ਨੂੰ ਪੀੜਤ ਲੜਕੀ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਗੋਗਾ ਸਿੰਘ ਪੁੱਤਰ ਲਾਲ ਸਿੰਘ ਤੇ ਲਾਲ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਪਿੰਡ ਮੁਸ਼ਕਾਬਾਦ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਪੀੜਤਾ ਵਲੋਂ ਬਿਆਨ ਦਿੱਤੇ ਗਏ ਸਨ ਕਿ ਉਹ ਆਪਣੀ ਮਾਤਾ ਤੇ ਭਰਜਾਈ ਨਾਲ 31 ਮਾਰਚ ਨੂੰ ਸਵੇਰੇ 8:30 ਵਜੇ ਸੈਰ ਕਰਨ ਜਾ ਰਹੀ ਸੀ ਕਿ ਰਸਤੇ 'ਚ ਮੇਰੀ ਮਾਂ ਬਾਥਰੂਮ ਕਰਨ ਲਈ ਰੁਕ ਗਈ ਤੇ ਇਸ ਦੌਰਾਨ ਮੋਟਰ ਵਾਲਾ ਗੋਗਾ ਸਿੰਘ ਪੁੱਤਰ ਲਾਲ ਸਿੰਘ ਹੱਥ 'ਚ ਸੋਟੀ ਫੜੀ ਸਾਡੇ ਕੋਲ ਆਇਆ ਤੇ ਸਾਨੂੰ ਮੰਦਾ-ਚੰਗਾ ਬੋਲਣ ਲਗ ਪਿਆ। ਉਸਨੇ ਸੋਟੀ ਨਾਲ ਮੇਰੇ ਖੱਬੇ ਪੱਟ 'ਤੇ ਦੋ ਵਾਰ ਕੀਤੇ ਤਾਂ ਮੇਰੀ ਮਾਤਾ ਨੇ ਸੋਟੀ ਫੜੀ ਲਈ ਤਾਂ ਗੋਗੇ ਨੇ ਜ਼ੋਰ ਨਾਲ ਮੇਰੀ ਗੱਲ 'ਤੇ ਥੱਪੜ ਮਾਰਿਆ ਤੇ ਮੇਰੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਛੇੜ-ਛਾੜ ਕੀਤੀ।
ਪੀੜਤਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਗੋਗੇ ਦਾ ਪਿਤਾ ਲਾਲ ਸਿੰਘ ਵੀ ਮੌਕੇ 'ਤੇ ਆ ਗਿਆ, ਜਿਸ ਨੇ ਗਾਲੀ-ਗਲੋਚ ਕਰਦੇ ਹੋਏ ਸਾਨੂੰ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਪੁਲਸ ਵਲੋਂ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਆਗੂਆਂ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀ ਬੇਫਿਕਰੀ ਨਾਲ ਘੁੰਮਦੇ ਫਿਰ ਰਹੇ ਹਨ ਤੇ ਪੀੜਤ ਪਰਿਵਾਰ ਇਨਸਾਫ ਲਈ ਥਾਣਿਆਂ ਦੀਆਂ ਠੋਕਰਾਂ ਖਾਂਦਾ ਫਿਰ ਰਿਹਾ ਹੈ। ਇਸ ਮੌਕੇ ਧਰਮਪਾਲ ਸਹੋਤਾ, ਬਸਪਾ ਆਗੂ ਗੁਰਚਰਨ ਸਿੰਘ ਚੰਨੀ, ਗੁਰਮੇਲ ਸਿੰਘ ਮੁੱਲਾਂਪੁਰੀ ਪ੍ਰਧਾਨ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ, ਮੋਹਣ ਸਿੰਘ, ਕਾਂਗਰਸ ਦੇ ਜ਼ਿਲਾ ਜਨ. ਸਕੱਤਰ ਜਸਵੀਰ ਕੌਰ ਤੋਂ ਇਲਾਵਾ ਮਾਇਆ ਦੇਵੀ ਤੇ ਬਹਾਦਰ ਸਿੰਘ ਵੀ ਹਾਜ਼ਰ ਸਨ।
ਇਸ ਸਬੰਧੀ ਜਦੋਂ ਪੁਲਸ ਚੌਕੀ ਦੇ ਇੰਚਾਰਜ ਵਿਜੈਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਮੁਤਾਬਿਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਨੇ ਜ਼ਮਾਨਤ ਲੈ ਲਈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਜਲਦ ਹੀ ਅਦਾਲਤ 'ਚ ਦੋਸ਼ੀਆਂ ਦੇ ਚਲਾਨ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਬਰਦਸਤੀ ਸਮਝੌਤਾ ਕਰਵਾਉਣ ਦੇ ਦੋਸ਼ ਬੇਬੁਨਿਆਦ ਹਨ।
