ਨਾਕੇ ’ਤੇ ਪੁਲਸ ਦੇਖ ਕਾਰ ਛੱਡ ਕੇ ਭੱਜਿਆ ਚਾਲਕ, ਜਦੋਂ ਤਲਾਸ਼ੀ ਲਈ ਬਰਾਮਦ ਹੋਈ ਨਾਜਾਇਜ਼ ਸ਼ਰਾਬ
Sunday, Nov 20, 2022 - 06:38 PM (IST)
ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ ਇਕ ਕਾਰ ’ਚੋਂ 432 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਜਾਣ ’ਚ ਸਫਲ ਹੋ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਏ. ਐੱਸ. ਆਈ. ਬਲਜਿਦੰਰ ਸਿੰਘ ਢਿੱਲੋਂ ਨੇ ਸਮੇਤ ਪੁਲਸ ਪਾਰਟੀ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਅਜੀਜਪੁਰ ਟੋਲ ਪਲਾਜ਼ੇ ਦੇ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਨਾਕੇ ’ਤੇ ਪੁਲਸ ਪਾਰਟੀ ਵਾਹਨਾ ਦੀ ਜਾਂਚ ਕਰ ਰਹੀ ਸੀ ਤਾਂ ਜ਼ੀਰਕਪੁਰ ਵੱਲੋਂ ਇਕ ਕਾਰ 51 2114 ਆ ਰਹੀ ਸੀ, ਜਿਸ ਦੇ ਚਾਲਕ ਨੇ ਪੁਲਸ ਨੂੰ ਦੇਖਦੇ ਹੋਏ ਕਾਰ ਪਿੱਛੇ ਮੋੜਨੀ ਚਾਹੀ ਅਤੇ ਕਾਰ ਡਿਵਾਇਡਰ ’ਤੇ ਚੜ੍ਹ ਜਾਣ ਕਾਰਨ ਟਾਇਰ ਫੱਟ ਗਿਆ। ਚਾਲਕ ਕਾਰ ਨੂੰ ਛੱਡ ਕੇ ਫਰਾਰ ਹੋ ਗਿਆ ਅਤੇ ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ 432 ਬੋਤਲਾਂ ਸ਼ਰਾਬ ਬਰਾਮਦ ਹੋਈਆਂ ਜੋ ਕਿ ਕੇਵਲ ਚੰਡੀਗੜ੍ਹ ਵਿਚ ਹੀ ਵੇਚੀ ਜਾ ਸਕਦੀ ਹੈ। ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ’ਚ ਲੈ ਕੇ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।