ਪੁਲਸ ਨੂੰ ਗੁੰਮਰਾਹ ਕਰ ਕੇ 4 ਲੱਖ ਦੀ ਖੋਹ ਦੀ ਝੂਠੀ ਕਹਾਣੀ ਬਣਾਉਣ ਵਾਲਾ ਗ੍ਰਿਫਤਾਰ

Saturday, Jun 14, 2025 - 03:37 PM (IST)

ਪੁਲਸ ਨੂੰ ਗੁੰਮਰਾਹ ਕਰ ਕੇ 4 ਲੱਖ ਦੀ ਖੋਹ ਦੀ ਝੂਠੀ ਕਹਾਣੀ ਬਣਾਉਣ ਵਾਲਾ ਗ੍ਰਿਫਤਾਰ

ਪਟਿਆਲਾ (ਬਲਜਿੰਦਰ) : ਪੁਲਸ ਨੂੰ ਗੁੰਮਰਾਹ ਕਰਕੇ ਖੋਹ ਦੀ ਝੂਠੀ ਕਹਾਣੀ ਬਣਾਉਣ ਵਾਲੀ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਹਮਿਤ ਕੁਮਾਰ ਪੁੱਤਰ ਰਾਮ ਤੀਰਥ ਵਾਸੀ ਜੁਝਾਰ ਨਗਰ ਪਟਿਆਲਾ ਵਜੋਂ ਹੋਈ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਹਮਿਤ ਕੁਮਾਰ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਘਲੌੜੀ ਗੇਟ ਮੜੀਆਂ ਤੋਂ ਥੋੜਾ ਅੱਗੇ ਚਾਕੂ ਨਾਲ ਵਾਰ ਕਰਕੇ 4 ਲੱਖ ਰੁਪਏ ਖੋਹ ਲਏ ਹਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ।

ਟੀਮ ਨੇ ਡੂੰਘਾਈ ਨਾਲ ਅਤੇ ਤਕਨੀਕੀ ਤੌਰ ’ਤੇ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਜਾਂਚ ਕੀਤੀ ਤਾਂ ਪਾਇਆ ਕਿ ਹਮਿਤ ਕੁਮਾਰ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਕੇ ਇਹ ਝੂਠਾ ਡਰਾਮਾ ਰਚਿਆ ਹੈ। ਪੁਲਸ ਨੇ ਹਮਿਤ ਕੁਮਾਰ ਨੂੰ ਹਿਰਾਸਤ ’ਚ ਲੈ ਕੇ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਸਿਰ 2 ਲੱਖ ਰੁਪਏ ਦਾ ਕਰਜ਼ਾ ਸੀ। ਇਸ ਲਈ ਉਸ ਨੇ 4 ਲੱਖ ਰੁਪਏ ਹੜੱਪਣ ਦੀ ਨੀਅਤ ਨਾਲ ਇਹ ਡਰਾਮਾ ਰਚਿਆ।

ਐੱਸ. ਪੀ. ਸਿਟੀ ਚੀਮਾ ਨੇ ਦੱਸਿਆ ਕਿ ਹਮਿਤ ਕੁਮਾਰ ਖਿਲਾਫ 217, 240 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ 4 ਲੱਖ ਰੁਪਏ ਵੀ ਰਿਕਵਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਝੁੂਠੀਆਂ ਕਹਾਣੀਆਂ ਬਣਾਉਣ ਅਤੇ ਪੁਲਸ ਨੂੰ ਗੁੰਮਰਾਹ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇਗੀ। ਉਨ੍ਹਾਂ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਵੀ ਕੀਤੀ।


author

Gurminder Singh

Content Editor

Related News