ਕੰਜਕਾਂ ਮਨਾਉਣ ਗਈਆਂ ਦੋ ਨਾਬਾਲਗ ਲੜਕੀਆਂ ਲਾਪਤਾ ! 30 ਘੰਟੇ ਬੀਤਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ

Tuesday, Oct 20, 2026 - 08:01 PM (IST)

ਕੰਜਕਾਂ ਮਨਾਉਣ ਗਈਆਂ ਦੋ ਨਾਬਾਲਗ ਲੜਕੀਆਂ ਲਾਪਤਾ ! 30 ਘੰਟੇ ਬੀਤਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ

ਪਾਤੜਾਂ, (ਸੁਖਦੀਪ ਸਿੰਘ ਮਾਨ)-ਸ਼ਹਿਰ ਦੇ ਚੁਨਾਗਰਾ ਰੋਡ ਸਥਿਤ ਹਰਮਨ ਨਗਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੰਜਕਾਂ ਦੇ ਪਵਿੱਤਰ ਤਿਉਹਾਰ ਮੌਕੇ ਘਰੋਂ ਨਿਕਲੀਆਂ ਦੋ ਨਾਬਾਲਗ ਲੜਕੀਆਂ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਈਆਂ ਹਨ। ਘਟਨਾ ਨੂੰ 30 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਸਥਾਨਕ ਪੁਲਸ ਪ੍ਰਸ਼ਾਸਨ ਬੱਚੀਆਂ ਦਾ ਕੋਈ ਵੀ ਸੁਰਾਗ ਲੱਭਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਇਸ ਲਾਪਰਵਾਹੀ ਕਾਰਨ ਇਲਾਕਾ ਨਿਵਾਸੀਆਂ ਅਤੇ ਮਾਪਿਆਂ ਵਿੱਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਕੰਜਕਾਂ ਦੇ ਤਿਉਹਾਰ ਮੌਕੇ ਹਰਮਨ ਨਗਰ ਦੀਆਂ ਰਹਿਣ ਵਾਲੀਆਂ ਦੋਵੇਂ ਨਾਬਾਲਗ ਲੜਕੀਆਂ ਮੁਹੱਲੇ ਦੇ ਕੁਝ ਘਰਾਂ ਵਿੱਚ ਪ੍ਰਸ਼ਾਦ ਛਕਣ ਅਤੇ ਰੋਟੀ ਖਾਣ ਗਈਆਂ ਸਨ। ਕਰੀਬ ਸਵੇਰੇ 11 ਵਜੇ ਉਹ ਇੱਕ ਹੋਰ ਘਰ ਜਾਣ ਲਈ ਕਹਿ ਕੇ ਘਰੋਂ ਨਿਕਲੀਆਂ ਸਨ, ਜਿਸ ਤੋਂ ਬਾਅਦ ਉਹ ਰਹੱਸਮਈ ਢੰਗ ਨਾਲ ਲਾਪਤਾ ਹੋ ਗਈਆਂ। ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੱਧਰ 'ਤੇ ਕਾਫ਼ੀ ਭਾਲ ਕਰਨ ਉਪਰੰਤ ਵੀ ਜਦੋਂ ਬੱਚੀਆਂ ਦਾ ਕੋਈ ਥਹੁ-ਪਤਾ ਨਹੀਂ ਲੱਗਿਆ, ਤਾਂ ਮਜਬੂਰਨ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਖਾਨਾਪੂਰਤੀ ਤਾਂ ਕਰ ਦਿੱਤੀ ਹੈ, ਪਰ ਜ਼ਮੀਨੀ ਪੱਧਰ 'ਤੇ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਮੁੱਢਲੀ ਜਾਂਚ ਦੌਰਾਨ ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਘੋਖ ਕਰਨ 'ਤੇ ਲੜਕੀਆਂ ਜ਼ੋਰਾ ਬਸਤੀ ਵਾਲੇ ਪਾਸੇ ਜਾਂਦੀਆਂ ਦਿਖਾਈ ਜ਼ਰੂਰ ਦਿੱਤੀਆਂ ਹਨ, ਪਰ ਉਸ ਤੋਂ ਅੱਗੇ ਪੁਲਿਸ ਦੀ ਜਾਂਚ ਪੂਰੀ ਤਰ੍ਹਾਂ ਠੱਪ ਨਜ਼ਰ ਆ ਰਹੀ ਹੈ। 30 ਘੰਟਿਆਂ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਨਾਬਾਲਗ ਬੱਚੀਆਂ ਦਾ ਅਜੇ ਤੱਕ ਕੋਈ ਸੁਰਾਗ ਨਾ ਮਿਲਣਾ ਸਥਾਨਕ ਪ੍ਰਸ਼ਾਸਨ ਦੀ ਗੰਭੀਰ ਨਾਕਾਮੀ ਨੂੰ ਉਜਾਗਰ ਕਰਦਾ ਹੈ।

ਪੁਲਸ ਦੀ ਇਸ ਸੁਸਤ ਕਾਰਵਾਈ ਅਤੇ ਅਵੇਸਲੇਪਣ ਤੋਂ ਖਫ਼ਾ ਹੋ ਕੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਜੇਕਰ ਪੁਲਿਸ ਪਹਿਲੇ ਘੰਟਿਆਂ ਵਿੱਚ ਹੀ ਮੁਸਤੈਦੀ ਦਿਖਾਉਂਦੀ ਤਾਂ ਸ਼ਾਇਦ ਬੱਚੀਆਂ ਦਾ ਪਤਾ ਲੱਗ ਸਕਦਾ ਸੀ। ਧੀਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਦਾ ਰੋਜ਼-ਰੋਜ਼ ਦਾ ਰੁਦਨ ਅਤੇ ਪ੍ਰਸ਼ਾਸਨ ਦੀ ਬੇਰੁਖ਼ੀ ਸਮਾਜ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਸਬੰਧੀ ਥਾਣਾ ਮੁਖੀ ਪਾਤੜਾਂ, ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਸਵਾਲ ਇਹ ਬਣਦਾ ਹੈ ਕਿ ਆਖ਼ਰ ਕਦੋਂ ਤੱਕ ਧੀਆਂ ਦੇ ਮਾਪੇ ਇਸ ਤਰ੍ਹਾਂ ਥਾਣਿਆਂ ਦੇ ਚੱਕਰ ਕੱਟਣ ਲਈ ਮਜਬੂਰ ਰਹਿਣਗੇ ਅਤੇ ਪ੍ਰਸ਼ਾਸਨ ਕਦੋਂ ਆਪਣੀ ਨੀਂਦ ਤੋਂ ਜਾਗੇਗਾ?


author

Shubam Kumar

Content Editor

Related News