ਪਸਿਆਣਾ ਪੁਲਸ ਨੇ ਕਿੱਲੋ ਭੁੱਕੀ ਸਮੇਤ ਜਨਾਨੀ ਨੂੰ ਕੀਤਾ ਗ੍ਰਿਫ਼ਤਾਰ
Friday, Mar 03, 2023 - 03:52 PM (IST)
ਪਟਿਆਲਾ (ਬਲਜਿੰਦਰ) : ਥਾਣਾ ਪਸਿਆਣਾ ਦੀ ਪੁਲਸ ਨੇ ਐੱਸ. ਐੱਚ. ਓ. ਅੰਕੁਰਦੀਪ ਸਿੰਘ ਦੀ ਅਗਵਾਈ ਹੇਠ ਮਹਿਲਾ ਨੂੰ ਚਾਰ ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਗਈ ਮਹਿਲਾ ਦਾ ਨਾਮ ਗੁਰਪ੍ਰੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਦਿਲਾਵਰਪੁਰ ਥਾਣਾ ਪਸਿਆਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਅੰਕੁਰਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਵਜੀਦਪੁਰ ਵਿਖੇ ਮੌਜੂਦ ਸੀ, ਜਿਥੇ ਉਕਤ ਮਹਿਲਾ ਨੂੰ ਜਦੋਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਉਸ ਤੋਂ 4 ਕਿੱਲੋ ਭੁੱਕੀ ਬਰਾਮਦ ਹੋਈ, ਜਿਸ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਅੰਕੁਰਦੀਪ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਭੁੱਕੀ ਕਿੱਥੋਂ ਲੈ ਕੇ ਆਈ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਨਿਰਦੇਸ਼ ਹਨ ਕਿ ਨਸ਼ਾ ਤਸਰਕਰਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸੇ ਤਰ੍ਹਾਂ ਕੇਂਦਰੀ ਜੇਲ੍ਹ ਪਟਿਆਲਾ ’ਚੋਂ ਦੋ ਮੋਬਾਇਲ ਅਤੇ ਦੋ ਡਾਟਾ ਕੇਬਲਾਂ ਬਰਾਮਦ ਹੋਈਆਂ ਹਨ। ਇਸ ਸਬੰਧੀ ਥਾਣਾ ਤ੍ਰਿਪੜੀ ਦੀ ਪੁਲਸ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਅਮਰਵੀਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਮੁਰਗੀ ਅਹਾਤੇ ਦੀ ਅਚਨਚੇਤ ਕੀਤੀ ਗਈ ਤਲਾਸ਼ੀ ਦੌਰਾਨ ਦੋ ਮੋਬਾਇਲ ਬਰਾਮਦ ਹੋਏ ਅਤੇ ਦੋ ਡਾਟਾ ਕੇਬਲਾਂ ਵੀ ਬਰਾਮਦ ਹੋਈਆਂ। ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।