ਪੁਲਸ ਵੱਲੋਂ ਝੂਠੇ ਕੇਸ ਦਰਜ ਕਰਨ ਖਿਲਾਫ ਲਗਾਇਆ ਧਰਨਾ ਡੀ. ਐੱਸ. ਪੀ. ਦੇ ਭਰੋਸੇ ਤੋਂ ਬਾਅਦ ਚੁੱਕਿਆ

01/22/2018 6:06:54 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) -  ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਾਂਝੇ ਤੌਰ 'ਤੇ ਥਾਣਾ ਸਰਾਏ ਅਮਾਨਤ ਖਾਂ ਅੱਗੇ ਧਰਨਾ ਲਗਾਇਆ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਧਰਨਾ ਪੁਲਸ ਵੱਲੋਂ ਝੂਠੇ ਪਰਚੇ ਦਰਜ ਕਰਨ ਅਤੇ ਇੰਨਸਾਫ਼ ਮੰਗਦੇ ਫ਼ਰਿਆਦੀਆਂ ਨੂੰ ਧਕਮਕਾਉਣ ਦੇ ਦੋਸ਼ਾਂ ਤਹਿਤ ਆਰ. ਐੱਮ. ਪੀ. ਆਈ. (ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ) ਦੀ ਅਗਵਾਈ 'ਚ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਾਂਝੇ ਤੌਰ 'ਤੇ ਲਗਾ ਕੇ ਪੁਲਸ ਵਿਰੁੱਧ ਰੋਸ ਪ੍ਰਗਟਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਕਰ ਰਹੇ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਦੀਪ ਸਿੰਘ ਰਸੂਲਪੁਰ, ਜਸਬੀਰ ਸਿੰਘ ਗੰਡੀਵਿੰਡ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਸਿੰਘ ਚੀਮਾ 'ਤੇ ਗੁਰਵੇਲ ਸਿੰਘ ਚੀਮਾ ਨੇ ਕਿਹਾ ਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਤਾਨਾਸ਼ਾਹੀ ਦੇ ਸਾਰੇ ਰਿਕਾਰਡ ਤੋੜਦਿਆਂ ਬੇ-ਕਸੂਰ ਲੋਕਾਂ ਨਾਲ ਧੱਕੇਸ਼ਾਹੀ ਕਰਦਿਆਂ ਮੁਗਲ ਹਕੂਮਤਾਂ ਵੇਲੇ ਦੇ ਸਾਸ਼ਨ ਨੂੰ ਵੀ ਮਾਤ ਪਾ ਦਿੱਤੀ ਹੈ। ਧਰਨੇ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਆਰ. ਐੱਮ. ਪੀ. ਆਈ. ਦੇ ਜ਼ਿਲਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਸਾਥੀ ਜਸਪਾਲ ਸਿੰਘ ਝਬਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਚਮਨ ਲਾਲ ਦਰਾਜਕੇ ਅਤੇ ਬਲਦੇਵ ਸਿੰਘ ਭੈਲ ਨੇ ਵੱਖ-ਵੱਖ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਵੱਲੋਂ ਸਿਆਸੀ ਡੁਗਡੁੱਗੀ ਵਜਾਈ ਜਾ ਰਹੀ ਹੈ ਅਤੇ ਕਥਿਤ ਸਿਆਸੀ ਆਗੂਆਂ ਦਾ ਇਸ਼ਾਰਾ ਮਿਲਦਿਆਂ ਹੀ ਬੇਕਸੂਰ ਲੋਕਾਂ 'ਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਥਾਣੇ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ। ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਪਿਛਲੀ ਅਕਾਲੀ ਸਰਕਾਰ ਵਾਲੇ ਜ਼ਬਰ ਹਕੂਮਤ ਦੀ ਰਾਹ 'ਤੇ ਚੱਲ ਰਹੀ ਹੈ ਤੇ ਜਮਹੂਰੀ ਢੰਗ ਨਾਲ ਆਪਣਾ ਹੱਕ ਮੰਗਦੇ ਧਰਨਾ ਪ੍ਰਦਰਸ਼ਨਕਾਰੀਆਂ ਵਿਰੋਧ ਪਰਚੇ ਦਰਜ ਕੀਤੇ ਜਾ ਰਹੇ ਹਨ। ਕਾਮਰੇਡ ਜਸਪਾਲ ਸਿੰਘ ਢਿੱਲੋਂ ਝਬਾਲ ਨੇ ਕਿਹਾ ਕਿ ਮਿਹਨਤਕੱਸ ਲੋਕਾਂ ਨੂੰ ਪੁਲਸ ਦੇ ਨਾਬਰ ਖਾਨਾਂ ਵੱਲੋਂ ਘਰਾਂ ਅੰਦਰੋਂ ਚੁੱਕ ਕੇ ਉਨ੍ਹਾਂ 'ਤੇ ਨਜਾਇਜ਼ ਕੇਸ ਦਰਜ ਕਰਕੇ ਜੇਲ•ਭੇਜਿਆ ਜਾਂਦਾ ਹੈ ਤੇ ਹਕੂਮਤ ਦੇ ਜ਼ੋਰ ਅਤੇ ਪੁਲਸ ਦੇ ਡੰਡੇ ਨਾਲ ਦੋਸ਼ੀ ਧਿਰਾਂ ਨਾਲ ਰਾਜ਼ੀਨਾਮੇ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਚਮਨ ਲਾਲ ਦਰਾਜਕੇ ਨੇ ਕਿਹਾ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਵੱਲੋਂ ਪੁਲਸ ਅਫ਼ਸਰ ਦੀ ਥਾਂ ਕਾਂਗਰਸੀ ਆਗੂ ਹੋਣ ਦਾ ਪ੍ਰਮਾਣ ਦਿੰਦਿਆਂ ਕਥਿਤ ਸਿਆਸੀ ਇਸ਼ਾਰੇ 'ਤੇ ਬੇਨਿਯਮੀਆਂ ਵਿਰੋਧ ਜਮਹੂਰੀ ਢੰਗ ਨਾਲ ਪ੍ਰਦਰਸ਼ਨ ਕਰਦੇ ਲੋਕਾਂ ਵਿਰੋਧ ਹੀ ਉਲਟੇ-ਪੁਲਟੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਆਗੂਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਨਾ ਕੀਤੇ ਗਏ, ਹੱਕ ਮੰਗਦੇ ਲੋਕਾਂ ਨੂੰ ਇੰਨਸਾਫ਼ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਥਾਣਾ ਸਰਾਏ ਅਮਾਨਤ ਖਾਂ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਪਹੁੰਚੇ ਡੀ. ਐੱਸ. ਪੀ. ਸ਼ਹਿਰੀ ਤਰਨਤਾਰਨ ਸਤਨਾਮ ਸਿੰਘ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ, ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਸਬ ਇੰ. ਬਲਜਿੰਦਰ ਸਿੰਘ ਵਿਚਾਰ-ਵਿਟਾਂਦਰਾ ਕਰਨ ਤੋਂ ਬਾਅਦ ਧਰਨਾਕਾਰੀਆਂ ਨੂੰ ਉਨ੍ਹਾਂ ਵੱਲੋਂ ਦੱਸੇ ਗਏ ਮੁਕੱਦਮਿਆਂ ਨੂੰ ਪੜਤਾਲ ਕਰਕੇ ਜਲਦੀ ਰੱਦ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਥਾਣੇ ਅੱਗੋਂ ਧਰਨਾ ਚੁੱਕ ਦਿੱਤਾ ਗਿਆ। ਇਸ ਸਮੇਂ ਮੰਗਲ ਸਿੰਘ ਸਾਂਘਣਾ, ਹਰਦੀਪ ਸਿੰਘ ਦੋਦੇ, ਗੁਰਵਿੰਦਰ ਸਿੰਘ ਭੋਲਾ ਦੋਦੇ, ਬਲਵਿੰਦਰ ਸਿੰਘ ਬਿੱਲਾ ਚੀਮਾ, ਸਵਿੰਦਰ ਸਿੰਘ ਦੋਦੇ, ਪੂਰਨ ਸਿੰਘ ਜਗਤਪੁਰਾ, ਬਲਜਿੰਦਰ ਸਿੰਘ ਜਗਤਪੁਰਾ, ਗੁਰਲਾਲ ਸਿੰਘ, ਜਸਬੀਰ ਸਿੰਘ ਚੀਮਾ, ਧੀਰ ਸਿੰਘ ਚੀਮਾ, ਸਾਹਿਬ ਸਿੰਘ ਚੀਮਾ, ਸ਼ਮਸ਼ੇਰ ਸਿੰਘ ਚੀਮਾ ਆਦਿ ਸਮੇਤ ਵੱਡੀ ਗਿਣਤੀ 'ਚ ਧਰਨਾ ਪ੍ਰਦਰਸ਼ਨਕਾਰੀ ਹਾਜ਼ਰ ਸਨ। 


Related News