ਔਰਤ ਅਤੇ ਨਾਬਾਲਗ ਤੋਂ ਫੋਨ ਖੋਹ ਕੇ ਲੁਟੇਰੇ ਫ਼ਰਾਰ
Monday, Jul 01, 2024 - 02:52 PM (IST)

ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਲੁਟੇਰੇ ਔਰਤ ਅਤੇ ਨਾਬਾਲਗ ਤੋਂ ਫੋਨ ਖੋਹ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾਵਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲੁਟੇਰਿਆਂ ਨੂੰ ਫੜ੍ਹਨ ਲਈ ਨਾਕਾਬੰਦੀ ਕਰ ਦਿੱਤੀ ਪਰ ਪੁਲਸ ਨੂੰ ਚਕਮਾ ਦੇ ਕੇ ਲੁਟੇਰੇ ਫ਼ਰਾਰ ਹੋ ਗਏ। ਸੈਕਟਰ-34 ਅਤੇ 39 ਥਾਣਿਆਂ ਦੀ ਪੁਲਸ ਨੇ ਖੋਹ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਹਿਲੀ ਘਟਨਾ ’ਚ ਸੈਕਟਰ-38 ਦੀ ਰਹਿਣ ਵਾਲੀ ਪਿੰਕੀ (38) ਪਾਰਕ ’ਚ ਬੈਠੀ ਫੋਨ ’ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਪਿੱਛੇ ਤੋਂ ਇਕ ਨੌਜਵਾਨ ਆਇਆ ਅਤੇ ਉਹ ਕੰਨ ਨਾਲ ਲੱਗਾ ਫੋਨ ਖੋਹ ਕੇ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਥੋਂ ਭੱਜ ਗਿਆ। ਸੈਕਟਰ-39 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਔਰਤ ਦੇ ਬਿਆਨ ਦਰਜ ਕਰਕੇ ਖੋਹ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੈਦਲ ਜਾ ਰਹੇ ਵਿਅਕਤੀ ਤੋਂ ਖੋਹ ਖੋਹਿਆ ਮੋਬਾਇਲ
ਸ਼ਿਕਾਇਤਕਰਤਾ ਨਾਬਾਲਗ ਵਾਸੀ ਬੁੜੈਲ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਸੈਕਟਰ-33 ਗਿਆ ਹੋਇਆ ਸੀ। ਜਦੋਂ ਉਹ ਮਕਾਨ ਨੰਬਰ 1397 ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇਕ ਬਾਈਕ ਸਵਾਰ ਲੁਟੇਰੇ ਆਏ ਤੇ ਫੋਨ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਰਾਹਗੀਰ ਦੀ ਮਦਦ ਨਾਲ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਬਾਈਕ ਸਵਾਰ ਸਨੈਚਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।