ਨਿਗਮ ਅਫ਼ਸਰਾਂ ਨੇ ਨਹੀਂ ਲਿਆ ਮਕਾਨ ਡਿੱਗਣ ਦੀ ਘਟਨਾ ਤੋਂ ਸਬਕ! ਫਿਰ ਸ਼ੁਰੂ ਹੋਇਆ ਹਸਪਤਾਲ ਦਾ ਨਾਜਾਇਜ਼ ਨਿਰਮਾਣ

07/01/2024 2:17:52 PM

ਲੁਧਿਆਣਾ (ਹਿਤੇਸ਼)– ਜਵੱਦੀ ਦੀ ਪ੍ਰਕਾਸ਼ ਕਾਲੋਨੀ ’ਚ ਮਨਜ਼ੂਰੀ ਤੋਂ ਜ਼ਿਆਦਾ ਬੇਸਮੈਂਟ ਦੀ ਖੋਦਾਈ ਹੋਣ ਦੀ ਵਜ੍ਹਾ ਨਾਲ ਮਕਾਨ ਡਿੱਗਣ ਦੀ ਘਟਨਾ ਤੋਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੇ ਸਬਕ ਨਹੀਂ ਲਿਆ, ਜਿਸ ਦੇ ਤਹਿਤ ਸਾਈਟ ’ਤੇ ਫਿਰ ਤੋਂ ਹਸਪਤਾਲ ਦਾ ਨਾਜਾਇਜ਼ ਨਿਰਮਾਣ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੋਵੇਗਾ ਕਿ 27 ਜੂਨ ਨੂੰ ਹੋਈ ਭਾਰੀ ਬਾਰਿਸ਼ ਤੋਂ ਬਾਅਦ ਜਵੱਦੀ ਦੀ ਪ੍ਰਕਾਸ਼ ਕਾਲੋਨੀ ’ਚ ਅੱਧਾ ਦਰਜਨ ਤੋਂ ਵੱਧ ਮਕਾਨਾਂ ’ਚ ਤਰੇੜਾਂ ਆਉਣ ਅਤੇ ਕੰਧ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਲਈ ਇਨ੍ਹਾਂ ਮਕਾਨਾਂ ਦੀ ਕੰਧ ਨਾਲ ਲੱਗਦੀ ਜਗ੍ਹਾ ’ਚ ਹਸਪਤਾਲ ਬਣਾਉਣ ਦੀ ਖੋਦੀ ਜਾ ਰਹੀ ਬੇਸਮੈਂਟ ’ਚ ਪਾਣੀ ਭਰਨ ਨੂੰ ਵਜ੍ਹਾ ਦੱਸਿਆ ਜਾ ਰਿਹਾ ਸੀ।

ਉਸ ਸਮੇਂ ਮੌਕੇ ’ਤੇ ਪੁੱਜੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਇਲਾਕੇ ਦੇ ਲੋਕਾਂ ਵੱਲੋਂ ਮਨਜ਼ੂਰੀ ਤੋਂ ਜ਼ਿਆਦਾ ਬੇਸਮੈਂਟ ਦੀ ਖੋਦਾਈ ਹੋਣ ਕਾਰਨ ਹਾਦਸਾ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਨੂੰ ਲੈ ਕੇ ਵਿਧਾਇਕ ਗੋਗੀ ਨੇ ਖੁਦ ਮੰਨਿਆ ਸੀ ਕਿ ਕੰਪਨੀ ਦੀ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ ਹੈ ਅਤੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ ਪਰ ਉਸ ਤੋਂ ਪਹਿਲਾਂ ਹੀ ਸਾਈਟ ’ਤੇ ਇਕ ਵਾਰ ਫਿਰ ਤੋਂ ਪੂਰੇ ਜ਼ੋਰਾਂ ਨਾਲ ਬੇਸਮੈਂਟ ਦੀ ਖੋਦਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਉਥੇ ਕੋਈ ਸੇਫਟੀ ਦੇ ਇੰਤਜ਼ਾਮ ਨਹੀਂ ਕੀਤੇ ਗਏ।

ਡੀ. ਸੀ. ਦੀ ਚਿਤਾਵਨੀ ਦਾ ਵੀ ਨਹੀਂ ਹੋਇਆ ਅਸਰ

ਇਸ ਮਾਮਲੇ ’ਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਦੀ ਮਿਲੀਭੁਗਤ ਹੋਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ, ਜਿਸ ਤੋਂ ਸਾਬਿਤ ਹੋ ਗਿਆ ਹੈ ਕਿ ਉਨ੍ਹਾਂ ’ਤੇ ਡੀ. ਸੀ. ਸਾਕਸ਼ੀ ਸਾਹਨੀ ਦੀ ਉਸ ਚਿਤਾਵਨੀ ਦਾ ਵੀ ਅਸਰ ਨਹੀਂ ਹੋਇਆ ਹੈ, ਜਿਸ ’ਚ ਉੁਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਬੁਲਾਈ ਗਈ ਸਭ ਤੋਂ ਪਹਿਲੀ ਮੀਟਿੰਗ ਵਿਚ ਸਾਫ ਕਰ ਦਿੱਤਾ ਸੀ ਕਿ ਕੋਈ ਵੀ ਨਾਜਾਇਜ਼ ਬਿਲਡਿੰਗ ਬਣਨ ਦੀ ਸ਼ਿਕਾਇਤ ਮਿਲਣ ’ਤੇ ਜ਼ਿੰਮੇਦਾਰ ਮੁਲਾਜ਼ਮ ਨੂੰ ਚਿਤਾਵਨੀ ਦੇਣ ਦੀ ਬਜਾਏ ਸਿੱਧੇ ਸਸਪੈਂਡ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਪਰ ਬਿਲਡਿੰਗ ਬ੍ਰਾਂਚ ਦੇ ਅਫਸਰ ਸ਼ਾਇਦ ਇਸ ਚਿਤਾਵਨੀ ਨੂੰ ਹਲਕੇ ’ਚ ਲੈ ਰਹੇ ਹਨ ਅਤੇ ਉਨ੍ਹਾਂ ਨੇ ਹਸਪਤਾਲ ਬਣਾਉਣ ਵਾਲੀ ਕੰਪਨੀ ਦੇ ਮਾਲਕਾਂ ਨਾਲ ਦੋਸਤੀ ਨਿਭਾਉਣ ਦੇ ਚੱਕਰ ’ਚ ਨੇੜੇ ਰਹਿਣ ਵਾਲੇ ਲੋਕਾਂ ’ਤੇ ਖਤਰਾ ਵਧਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ: 14 ਸਾਲ ਦੀ ਕੁੜੀ ਨੇ ਦਿੱਤਾ ਮਰੇ ਹੋਏ ਬੱਚੇ ਨੂੰ ਜਨਮ

ਇਸ ਤਰ੍ਹਾਂ ਹੋ ਰਹੀ ਨਿਯਮਾਂ ਦੀ ਉਲੰਘਣਾ

ਜਿਥੋਂ ਤੱਕ ਜਵੱਦੀ ਦੀ ਪ੍ਰਕਾਸ਼ ਕਾਲੋਨੀ ’ਚ ਹੋ ਰਹੇ ਹਸਪਤਾਲ ਦੇ ਨਾਜਾਇਜ਼ ਨਿਰਮਾਣ ਦੌਰਾਨ ਨਿਯਮਾਂ ਦੀ ਉਲੰਘਣਾ ਹੋਣ ਦਾ ਸਵਾਲ ਹੈ, ਉਸ ਦੀ ਨੀਂਹ ਬੇਸਮੈਂਟ ਦੀ ਖੁਦਾਈ ਦੇ ਨਾਲ ਹੀ ਰੱਖ ਦਿੱਤੀ ਗਈ ਹੈ ਕਿਉਂਕਿ ਬੇਸਮੈਂਟ ਦੀ ਖੋਦਾਈ ਲਈ ਨਾਲ ਲੱਗਦੀਆਂ ਬਿਲਡਿੰਗਾਂ ਦੇ ਮਾਲਕਾਂ ਤੋਂ ਐੱਨ. ਓ. ਸੀ. ਲੈਣ ਦਾ ਨਿਯਮ ਹੈ ਪਰ ਇਸ ਮਾਮਲੇ ’ਚ ਨਗਰ ਨਿਗਮ ਅਫਸਰਾਂ ਵੱਲੋਂ ਐੱਨ. ਓ. ਸੀ. ਤੋਂ ਬਿਨਾਂ ਹੀ ਨਕਸ਼ਾ ਪਾਸ ਕਰ ਦਿੱਤਾ ਗਿਆ ਅਤੇ ਹੁਣ ਮਨਜ਼ੂਰੀ ਤੋਂ ਜ਼ਿਆਦਾ ਬੇਸਮੈਂਟ ਦੀ ਖੋਦਾਈ ਨੂੰ ਲੈ ਕੇ ਅੱਖਾਂ ਬੰਦ ਕਰ ਕੇ ਬੈਠੇ ਹੋਏ ਹਨ।

ਨਿਯਮਾਂ ਮੁਤਾਬਕ ਹੋਵੇਗੀ ਕਾਰਵਾਈ - ਐੱਮ. ਟੀ. ਪੀ.

ਇਸ ਸਬੰਧੀ ਐੱਮ. ਟੀ. ਪੀ. ਸੰਜੇ ਕੰਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸ਼ਿਕਾਇਤ ਮਿਲੀ ਹੈ, ਜਿਸ ਨੂੰ ਲੈ ਕੇ ਜ਼ੋਨ-ਡੀ ਦੀ ਬਿਲਡਿੰਗ ਬ੍ਰਾਂਚ ਦੇ ਸਟਾਫ ਨੂੰ ਸਾਈਟ ’ਤੇ ਭੇਜ ਕੇ ਚੈਕਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਨਾਜਾਇਜ਼ ਨਿਰਮਾਣ ਹੋਣ ਦੀ ਹਾਲਤ ’ਚ ਨਿਯਮਾਂ ਮੁਤਾਬਕ ਕਾਰਵਾਈ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News