ਦਾਜ ਦੀ ਖਾਤਿਰ ਨੂੰਹਾਂ ਨੂੰ ਘਰੋਂ ਕੱਢਿਆ
Sunday, Aug 06, 2017 - 02:53 PM (IST)
ਅੰਮ੍ਰਿਤਸਰ - ਦਾਜ ਦੀ ਖਾਤਿਰ ਨੂੰਹਾਂ ਨੂੰ ਧੱਕੇ ਦੇ ਕੇ ਘਰੋਂ ਕੱਢਣ ਦੇ 2 ਵੱਖ-ਵੱਖ ਮਾਮਲਿਆਂ 'ਚ ਪਤੀਆਂ ਸਮੇਤ 4 ਸਹੁਰੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਦਾਜ ਲਈ ਪ੍ਰੇਸ਼ਾਨ ਕਰਨ ਦੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਦਮਨਦੀਪ ਕੌਰ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਮਨਪ੍ਰੀਤ ਸਿੰਘ, ਸਹੁਰਾ ਕਮਲਜੀਤ ਸਿੰਘ ਤੇ ਸੱਸ ਹਰਮਿੰਦਰ ਕੌਰ ਨਿਵਾਸੀ ਹਰਕ੍ਰਿਸ਼ਨ ਨਗਰ ਛੇਹਰਟਾ ਵਿਰੁੱਧ ਕੇਸ ਦਰਜ ਕੀਤਾ ਹੈ। ਦਮਨਦੀਪ ਕੌਰ ਨੇ ਦੱਸਿਆ ਕਿ ਦਸੰਬਰ 2013 ਵਿਚ ਉਸ ਦਾ ਵਿਆਹ ਉਕਤ ਮੁਲਜ਼ਮ ਨਾਲ ਸਾਰੇ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਬਾਅਦ ਮੁਲਜ਼ਮ ਦਾਜ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਕੁਝ ਸਮੇਂ ਬਾਅਦ ਮੁਲਜ਼ਮਾਂ ਨੇ ਉਸ ਦੇ ਦਾਜ ਦਾ ਸਾਮਾਨ ਖੁਰਦ-ਬੁਰਦ ਕਰ ਦਿੱਤਾ। ਇਸੇ ਤਰ੍ਹਾਂ ਅਲਵੀਨਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਵਿਲੀਅਮ ਮਸੀਹ ਨਿਵਾਸੀ ਨਿਊ ਆਬਾਦੀ ਫੈਜ਼ਪੁਰਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਅਲਵੀਨਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ 13 ਸਾਲ ਪਹਿਲਾਂ ਉਕਤ ਮੁਲਜ਼ਮ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੁਲਜ਼ਮ ਹੋਰ ਦਾਜ ਦੀ ਮੰਗ ਕਰਨ ਲੱਗਾ, ਜਦੋਂ ਉਸ ਨੇ ਮੁਲਜ਼ਮ ਦੀਆਂ ਮੰਗਾਂ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ ਅਤੇ ਬਿਨਾਂ ਤਲਾਕ ਦਿੱਤੇ ਇਕ ਹੋਰ ਔਰਤ ਨਾਲ ਵਿਆਹ ਕਰਵਾ ਲਿਆ। ਪੁਲਸ ਨੇ ਦੋਵਾਂ ਮਾਮਲਿਆਂ 'ਚ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
