ਜ਼ਹਿਰੀਲੀ ਸ਼ਰਾਬ ਪੀ ਕੇ ਬੀਮਾਰ ਹੋਣ ਵਾਲੇ ਵਿਅਕਤੀ ਨੇ ਸੁਣਾਈ ਹੱਡਬੀਤੀ

Sunday, Aug 02, 2020 - 03:22 PM (IST)

ਅੰਮ੍ਰਿਤਸਰ : ਸੂਬੇ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ 87 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਇਸ ਮਾਮਲੇ 'ਚ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਮਾਫੀਆ ਮਾਸਟਰ ਮਾਈਂਡ ਸਰਗਣਾ ਦਰਸ਼ਨ ਰਾਣੀ ਉਰਫ ਫੌਜਣ ਅਤੇ ਉਸ ਦੀ ਨਨਾਣ ਤ੍ਰਿਵਾਣੀ ਚੌਹਾਨ ਵੀ ਸ਼ਾਮਲ ਹੈ। ਤ੍ਰਿਵਾਣੀ ਚੌਹਾਨ ਪੁਲਸ ਨੂੰ ਇਹੀ ਕਹਿੰਦੀ ਰਹੀ ਕਿ ਬਟਾਲਾ ਦੇ ਹਾਥੀ ਗੇਟ ਇਲਾਕੇ 'ਚ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਹਨ, ਜ਼ਹਿਰੀਲੀ ਸ਼ਰਾਬ ਕਾਰਨ ਨਹੀਂ।

ਦੱਸਣਯੋਗ ਹੈ ਕਿ ਹਾਥੀ ਗੇਟ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਕਾਰਨ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਬਟਾਲਾ ਪੁਲਸ ਨੇ ਸ਼ੁੱਕਰਵਾਰ ਨੂੰ ਤ੍ਰਿਵਾਣੀ ਅਤੇ ਉਸ ਦੀ ਭਾਬੀ ਦਰਸ਼ਨ ਰਾਣੀ ਅਤੇ ਉਸ ਦੇ ਬੇਟਿਆਂ ਜਾਨੀ ਅਤੇ ਰਾਜਨ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ 'ਤੇ ਧਾਰਾ-304, 328 ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਸ਼ਰਾਬ ਪੀ ਕੇ ਬੀਮਾਰ ਹੋਣ ਵਾਲੇ ਤਿਲਕ ਰਾਜ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਪੀਂਦੇ ਸਾਰ ਹੀ ਸ਼ਰਾਬ ਕੁੱਝ ਸਹੀ ਨਹੀਂ ਲੱਗੀ।

ਇਹ ਸ਼ਰਾਬ ਉਸ ਨੇ ਤ੍ਰਿਵਾਣੀ ਚੌਹਾਨ ਅਤੇ ਦਰਸ਼ਨ ਰਾਣੀ ਦੇ ਘਰੋਂ ਖਰੀਦੀ ਸੀ, ਜਿੱਥੇ ਸ਼ਰਾਬ ਖਰੀਦਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ ਅਤੇ ਉਸ ਨੇ ਉੱਥੋਂ ਇਕ ਬੋਤਲ 60 ਰੁਪਏ 'ਚ ਖਰੀਦੀ ਸੀ, ਜਦੋਂ ਕਿ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ 'ਤੇ ਇਹ ਬੋਤਲ 120 ਰੁਪਏ ਦੀ ਵੇਚੀ ਜਾਂਦੀ ਹੈ। ਸ਼ਰਾਬ ਪੀਣ ਤੋਂ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਡਾਕਟਰ ਕੋਲ ਲੈ ਗਏ ਅਤੇ ਉਸ ਦਾ ਇਲਾਜ ਕੀਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਤ੍ਰਿਵਾਣੀ ਚੌਹਾਨ ਅਤੇ ਦਰਸ਼ਨ ਰਾਣੀ ਦੀ ਜੋੜੀ ਪਿਛਲੇ ਕਈ ਸਾਲਾਂ ਤੋਂ ਸ਼ਰਾਬ ਵੇਚ ਰਹੀ ਹੈ। 
ਜ਼ਹਿਰੀਲੀ ਸ਼ਰਾਬ ਨਾਲ ਹੁਣ ਤਕ 87 ਮੌਤਾਂ
ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿਚ ਸ਼ਨੀਵਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ 46 ਹੋਰ ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਦੀਆਂ ਮੌਤਾਂ ਦਾ ਅੰਕੜਾ ਮਿਲਾ ਕੇ ਹੁਣ ਤੱਕ ਕੁੱਲ 87 ਲੋਕ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋ ਚੁੱਕੇ ਹਨ। ਸਭ ਤੋਂ ਵੱਧ 64 ਮੌਤਾਂ ਇਕੱਲੇ ਤਰਨਤਾਰਨ ਵਿਚ ਹੋਈਆਂ ਹਨ, ਜਦਕਿ ਅੰਮ੍ਰਿਤਸਰ ਦੇਹਾਤੀ ਵਿਚ 12 ਅਤੇ ਬਟਾਲਾ ਵਿਚ 11 ਵਿਅਕਤੀਆਂ ਨੇ ਜਾਨ ਗੁਆਈ ਹੈ।
 


Babita

Content Editor

Related News