PM ਮੋਦੀ ਫਿਰੋਜ਼ਪੁਰ ਵਿਖੇ 42,750 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ
Tuesday, Jan 04, 2022 - 03:43 PM (IST)
ਜੈਤੋ (ਰਘੂਨੰਦਨ ਪਰਾਸ਼ਰ) - ਪੀ.ਐੱਮ. ਓ. ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 5 ਜਨਵਰੀ, 2022 ਨੂੰ ਫਿਰੋਜ਼ਪੁਰ, ਪੰਜਾਬ ਦਾ ਦੌਰਾ ਕਰਨਗੇ। ਦੁਪਹਿਰ 1 ਵਜੇ ਦੇ ਕਰੀਬ ਉਹ 42,750 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰਾਜੈਕਟਾਂ ਅਨੁਸਾਰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ, ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਹੁੰ-ਮਾਰਗੀ, ਮੁਕੇਰੀਆਂ-ਤਲਵਾੜਾ ਨਵੀਂ ਵੱਡੀ ਰੇਲਵੇ ਲਾਈਨ, ਫ਼ਿਰੋਜ਼ਪੁਰ ਵਿਖੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਅਤੇ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਦੋ ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ।
ਪ੍ਰਧਾਨ ਮੰਤਰੀ ਦੇ ਦੇਸ਼ ਭਰ ਵਿੱਚ ਸੰਪਰਕ ਨੂੰ ਬਿਹਤਰ ਬਣਾਉਣ ਦੇ ਲਗਾਤਾਰ ਯਤਨਾਂ ਸਦਕਾ ਪੰਜਾਬ ਰਾਜ ਵਿੱਚ ਕਈ ਰਾਸ਼ਟਰੀ ਮਾਰਗਾਂ ਦਾ ਵਿਕਾਸ ਹੋਇਆ ਹੈ। ਨਤੀਜੇ ਵਜੋਂ ਰਾਜ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਕੁੱਲ ਲੰਬਾਈ 2014 ਵਿੱਚ ਲਗਭਗ 1700 ਕਿਲੋਮੀਟਰ ਤੋਂ ਵੱਧ ਕੇ 2021 ਵਿੱਚ 4100 ਕਿਲੋਮੀਟਰ ਤੋਂ ਵੱਧ ਹੋ ਗਈ ਹੈ। ਅਜਿਹੇ ਯਤਨਾਂ ਨੂੰ ਜਾਰੀ ਰੱਖਦਿਆਂ ਪੰਜਾਬ ਵਿੱਚ ਦੋ ਵੱਡੇ ਸੜਕੀ ਗਲਿਆਰਿਆਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਹ ਪ੍ਰਮੁੱਖ ਧਾਰਮਿਕ ਕੇਂਦਰਾਂ ਤੱਕ ਪਹੁੰਚ ਵਧਾਉਣ ਦੇ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵੀ ਸਾਬਤ ਹੋਵੇਗਾ।
669 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਕੁੱਲ 39,500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਇਸ ਨਾਲ ਦਿੱਲੀ ਤੋਂ ਅੰਮ੍ਰਿਤਸਰ ਅਤੇ ਦਿੱਲੀ ਤੋਂ ਕਟੜਾ ਦੀ ਯਾਤਰਾ ਦਾ ਸਮਾਂ ਅੱਧਾ ਰਹਿ ਜਾਵੇਗਾ। ਗ੍ਰੀਨਫੀਲਡ ਐਕਸਪ੍ਰੈਸ ਵੇਅ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ- ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਕਟੜਾ ਵਿਖੇ ਵੈਸ਼ਨੋ ਦੇਵੀ ਦੇ ਪਵਿੱਤਰ ਹਿੰਦੂ ਮੰਦਰ ਨੂੰ ਜੋੜੇਗਾ। ਐਕਸਪ੍ਰੈਸਵੇਅ ਤਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ-ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਦੇ ਪ੍ਰਮੁੱਖ ਆਰਥਿਕ ਕੇਂਦਰਾਂ ਜਿਵੇਂ ਅੰਬਾਲਾ, ਚੰਡੀਗੜ੍ਹ, ਮੋਹਾਲੀ, ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਕਠੂਆ ਅਤੇ ਸਾਂਬਾ ਨੂੰ ਵੀ ਜੋੜੇਗਾ।
ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਕਰੀਬ 1700 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਕੀਤਾ ਜਾਵੇਗਾ। 77-ਕਿਲੋਮੀਟਰ-ਲੰਬਾ ਹਿੱਸਾ ਵੱਡੇ ਅੰਮ੍ਰਿਤਸਰ ਤੋਂ ਭੋਟਾ ਕਾਰੀਡੋਰ ਦਾ ਹਿੱਸਾ ਹੈ, ਜੋ ਉੱਤਰੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿਚਕਾਰ ਲੰਬਕਾਰੀ ਤੌਰ 'ਤੇ ਫੈਲਿਆ ਹੋਇਆ ਹੈ। ਉੱਤਰ-ਦੱਖਣੀ ਕੋਰੀਡੋਰ ਅਤੇ ਕਾਂਗੜਾ-ਹਮੀਰਪੁਰ-ਬਿਲਾਸਪੁਰ-ਸ਼ਿਮਲਾ ਕੋਰੀਡੋਰ ਇਸਨੂੰ ਜੋੜਦਾ ਹੈ। ਇਸ ਨਾਲ ਘੁਮਾਣ, ਸ੍ਰੀ ਹਰਗੋਬਿੰਦਪੁਰ ਅਤੇ ਪੁਲਪੁਕਤ ਕਸਬੇ (ਪ੍ਰਸਿੱਧ ਗੁਰਦੁਆਰਾ ਪੁਲਪੁਖਤਾ ਸਾਹਿਬ ਦਾ ਸਥਾਨ) ਵਿੱਚ ਸਥਿਤ ਧਾਰਮਿਕ ਸਥਾਨਾਂ ਦੀ ਆਵਾਜਾਈ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ 410 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਕੇਰੀਆਂ ਅਤੇ ਤਲਵਾੜਾ ਵਿਚਕਾਰ ਬਣਨ ਵਾਲੀ ਲਗਭਗ 27 ਕਿਲੋਮੀਟਰ ਲੰਬੀ ਬਰਾਡ ਗੇਜ ਰੇਲਵੇ ਲਾਈਨ ਦਾ ਨੀਂਹ ਪੱਥਰ ਰੱਖਣਗੇ। ਇਸ ਨਾਲ ਰੇਲ ਲਾਈਨ ਨੰਗਲ ਡੈਮ-ਦੌਲਤਪੁਰ ਚੌਕ ਰੇਲਵੇ ਸੈਕਸ਼ਨ ਦਾ ਵਿਸਤਾਰ ਹੋਵੇਗਾ।
ਇਸ ਪ੍ਰਾਜੈਕਟ ਦੀ ਰਣਨੀਤਕ ਮਹੱਤਤਾ ਵੀ ਹੈ। ਇਹ ਮੁਕੇਰੀਆਂ ਵਿਖੇ ਮੌਜੂਦਾ ਜਲੰਧਰ-ਜੰਮੂ ਰੇਲਵੇ ਲਾਈਨ ਨਾਲ ਜੁੜ ਕੇ ਜੰਮੂ-ਕਸ਼ਮੀਰ ਦੇ ਬਦਲਵੇਂ ਮਾਰਗ ਵਜੋਂ ਕੰਮ ਕਰੇਗਾ। ਇਹ ਪ੍ਰਾਜੈਕਟ ਪੰਜਾਬ ਦੇ ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਲਾਹੇਵੰਦ ਸਾਬਤ ਹੋਵੇਗਾ। ਇਸ ਨਾਲ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਪਹਾੜੀ ਸਟੇਸ਼ਨਾਂ ਦੇ ਨਾਲ-ਨਾਲ ਧਾਰਮਿਕ ਮਹੱਤਵ ਵਾਲੇ ਸਥਾਨਾਂ ਨੂੰ ਆਸਾਨ ਸੰਪਰਕ ਮਿਲੇਗਾ। ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਿਸ਼ਵ ਪੱਧਰੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਦੇ 3 ਸ਼ਹਿਰਾਂ ਵਿੱਚ ਨਵੇਂ ਮੈਡੀਕਲ ਬੁਨਿਆਦੀ ਢਾਂਚੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਫਿਰੋਜ਼ਪੁਰ ਵਿਖੇ 490 ਕਰੋੜ ਰੁਪਏ ਦੀ ਲਾਗਤ ਨਾਲ 100 ਬਿਸਤਰਿਆਂ ਵਾਲਾ ਪੀ.ਜੀ.ਆਈ. ਸੈਟੇਲਾਈਟ ਸੈਂਟਰ ਸਥਾਪਿਤ ਕੀਤਾ ਜਾਵੇਗਾ।
ਇਹ ਕੇਂਦਰ ਅੰਦਰੂਨੀ ਦਵਾਈ, ਸਰਜਰੀ (ਜਨਰਲ ਸਰਜਰੀ), ਆਰਥੋਪੈਡਿਕਸ, ਪਲਾਸਟਿਕ ਸਰਜਰੀ, ਨਿਊਰੋਸਰਜਰੀ, ਪ੍ਰਸੂਤੀ ਅਤੇ ਗਾਇਨੀਕੋਲੋਜੀ, ਬਾਲ ਰੋਗ, ਨੇਤਰ ਵਿਗਿਆਨ, ਕੰਨ, ਨੱਕ ਅਤੇ ਗਲੇ ਦੀਆਂ ਬਿਮਾਰੀਆਂ ਅਤੇ ਮਨੋਰੋਗ ਸਮੇਤ 10 ਵਿਸ਼ੇਸ਼ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ। ਇਹ ਸੈਟੇਲਾਈਟ ਸੈਂਟਰ ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਸ਼ਵ ਪੱਧਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰੇਗਾ। ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਲਗਭਗ 325 ਕਰੋੜ ਰੁਪਏ ਦੀ ਲਾਗਤ ਨਾਲ 100 ਸੀਟਾਂ ਦੀ ਸਮਰੱਥਾ ਵਾਲੇ ਦੋ ਮੈਡੀਕਲ ਕਾਲਜ ਵਿਕਸਤ ਕੀਤੇ ਜਾਣਗੇ। ਇਨ੍ਹਾਂ ਕਾਲਜਾਂ ਨੂੰ ਕੇਂਦਰੀ ਸਪਾਂਸਰ ਸਕੀਮ 'ਜ਼ਿਲ੍ਹਾ/ਰੈਫਰਲ ਹਸਪਤਾਲਾਂ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ' ਦੇ ਤੀਜੇ ਪੜਾਅ ਵਿੱਚ ਮਨਜ਼ੂਰੀ ਦਿੱਤੀ ਗਈ ਹੈ। ਇਸ ਸਕੀਮ ਤਹਿਤ ਪੰਜਾਬ ਲਈ ਕੁੱਲ ਤਿੰਨ ਮੈਡੀਕਲ ਕਾਲਜ ਮਨਜ਼ੂਰ ਕੀਤੇ ਗਏ ਹਨ। ਇਸ ਸਕੀਮ ਦੇ ਪਹਿਲੇ ਪੜਾਅ ਵਿੱਚ ਐੱਸ.ਏ.ਐੱਸ.ਨਗਰ ਲਈ ਮਨਜ਼ੂਰ ਹੋਏ ਕਾਲਜ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ।