ਜਲੰਧਰ ਵੈਸਟ ਦੇ 7 ਵਿਕਾਸ ਕਾਰਜਾਂ ''ਤੇ ਲੱਗੀ ਬ੍ਰੇਕ! ਨਗਰ ਨਿਗਮ ਨੇ ਰੱਦ ਕੀਤੇ ਟੈਂਡਰ
Saturday, Nov 08, 2025 - 03:19 PM (IST)
ਜਲੰਧਰ (ਖੁਰਾਣਾ)– ਨਗਰ ਨਿਗਮ ਜਲੰਧਰ ਦੀ ਫਾਈਨਾਂਸ ਐਂਡ ਕਾਂਟ੍ਰੈਕਟ ਕਮੇਟੀ ਦੀ ਇਕ ਅਹਿਮ ਮੀਟਿੰਗ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਕੌਂਸਲਰ ਹਿਤੇਸ਼ ਗਰੇਵਾਲ, ਕੌਂਸਲਰ ਕਵਿਤਾ ਸੇਠ ਅਤੇ ਨਿਗਮ ਦੇ ਸਾਰੇ ਸਬੰਧਤ ਅਧਿਕਾਰੀ ਮੌਜੂਦ ਰਹੇ। ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ ਪਰ ਵੈਸਟ ਵਿਧਾਨ ਸਭਾ ਇਲਾਕੇ ਨਾਲ ਜੁੜੇ 7 ਮਹੱਤਵਪੂਰਨ ਵਿਕਾਸ ਕਾਰਜਾਂ ਨੂੰ ਰੋਕ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸਾਰੇ ਕੰਮ ਗਲੋਬਲ ਕੰਸਟਰੱਕਸ਼ਨ ਕੰਪਨੀ ਨੂੰ ਅਲਾਟ ਕੀਤੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'
ਪਿਛਲੇ ਦਿਨੀਂ ਇਹ ਵਿਵਾਦ ਸਾਹਮਣੇ ਆਇਆ ਸੀ ਕਿ ਉਕਤ ਕੰਪਨੀ ਨਗਰ ਨਿਗਮ ਵਿਚ ਕੰਮ ਕਰ ਰਹੇ ਇਕ ਜੂਨੀਅਰ ਇੰਜੀਨੀਅਰ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਹੈ। ਇਸ ਕਾਰਨ ਮੀਟਿੰਗ ਵਿਚ ਕੰਪਨੀ ਦੇ ਸਾਰੇ ਕੰਮਾਂ ਨੂੰ ਰੱਦ ਕਰਦੇ ਹੋਏ ਉਸ ਦੀ ਜਾਂਚ ਕਰਨ ਅਤੇ ਉਸ ਨੂੰ ਬਲੈਕ ਲਿਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ। ਖਾਸ ਗੱਲ ਇਹ ਹੈ ਕਿ ਕੁਝ ਹਫਤੇ ਪਹਿਲਾਂ ਵੀ ਵੈਸਟ ਵਿਧਾਨ ਸਭਾ ਹਲਕੇ ਨਾਲ ਸਬੰਧਤ 44 ਕੰਮਾਂ ਵਿਚ ਠੇਕੇਦਾਰਾਂ ਵੱਲੋਂ ਕਥਿਤ ਪੂਲਿੰਗ ਅਤੇ ਫਿਕਸਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ‘ਜਗ ਬਾਣੀ’ ਨੇ ਇਸ ਘਪਲੇ ਦਾ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੂੰ ਸਾਰੇ ਟੈਂਡਰ ਰੱਦ ਕਰਨੇ ਪਏ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SI ਨੇ ਨਹੀਂ ਕੀਤੀ DGP ਦੇ ਹੁਕਮਾਂ ਦੀ ਪਰਵਾਹ! ਪੈ ਗਈ ਕਾਰਵਾਈ
ਹੁਣ ਇਕ ਵਾਰ ਫਿਰ ਗਲੋਬਲ ਕੰਸਟਰੱਕਸ਼ਨ ਨਾਲ ਜੁੜਿਆ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਵੈਸਟ ਵਿਧਾਨ ਸਭਾ ਹਲਕੇ ਦੇ ਵਿਕਾਸ ਕਾਰਜ ਇਕ ਵਾਰ ਫਿਰ ਵਿਚਾਲੇ ਲਟਕ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਾਰ-ਵਾਰ ਰੁਕਾਵਟਾਂ ਕਾਰਨ ਇਲਾਕੇ ਦੇ ਵਿਕਾਸ ’ਤੇ ਗੰਭੀਰ ਅਸਰ ਪੈ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਇਲਾਕਾ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਇਲਾਕਾ ਹੈ, ਜਿਥੋਂ ਉਹ ਵਿਧਾਇਕ ਚੁਣੇ ਗਏ ਸਨ।
