10 ਸਾਲਾਂ ਤੋਂ ਹੱਤਿਆ ਦਾ ਬਣਾ ਰਿਹਾ ਸੀ ਪਲਾਨ, ਵਿਸ਼ਵਾਸ ਬਣਾ ਕੇ ਕੀਤੀ ਹੱਤਿਆ

Monday, Aug 20, 2018 - 06:51 AM (IST)

10 ਸਾਲਾਂ ਤੋਂ ਹੱਤਿਆ ਦਾ ਬਣਾ ਰਿਹਾ ਸੀ ਪਲਾਨ, ਵਿਸ਼ਵਾਸ ਬਣਾ ਕੇ ਕੀਤੀ ਹੱਤਿਆ

ਲੁਧਿਆਣਾ, (ਰਿਸ਼ੀ)- 16 ਦਿਨ ਪਹਿਲਾਂ ਕਿਸ਼ੋਰ ਨਗਰ ਦੀ ਗਲੀ ਨੰਬਰ 7 ’ਚ ਘਰ ਵਿਚ ਦਾਖਲ ਹੋ ਕੇ ਬਜ਼ੁਰਗ ਭੈਣ ਗੁਰਵਿੰਦਰ ਕੌਰ (52), ਐੱਲ. ਕੇ. ਜੀ. ਵਿਚ ਪਡ਼੍ਹਨ ਵਾਲੇ ਦੋਹਤਾ ਹਿਤਕ ਬੱਸੀ (6) ਅਤੇ ਪਹਿਲੀ ਕਲਾਸ ਵਿਚ ਪਡ਼੍ਹਨ ਵਾਲੀ ਦੋਹਤੀ ਮਨਦੀਪ ਕੌਰ (8) ਦੀ ਹੱਤਿਆ ਕਰਨ ਵਾਲੇ ਮਾਮੇ ਦੇ ਲੜਕੇ ਰਵਿੰਦਰ ਸਿੰਘ ਬਖਸ਼ੀ ਨੂੰ ਸੀ. ਆਈ. ਏ-2 ਦੇ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਪੁਲਸ ਪਾਰਟੀ ਨੇ ਐਤਵਾਰ ਨੂੰ ਸੰਗਰੂਰ ਬੱਸ ਸਟੈਂਡ ਨੇਡ਼ੇ ਇਕ ਧਰਮਸ਼ਾਲਾ ਤੋਂ ਗ੍ਰਿਫਤਾਰ ਕਰ ਲਿਆ। ਪੁਲਸ ਹਿਰਾਸਤ ਵਿਚ ਹਤਿਆਰੇ ਨੇ ਕਈ ਖੁਲਾਸੇ ਕੀਤੇ ਹਨ। ਭੈਣ ਅਤੇ ਜੀਜੇ ’ਤੇ ਉਸਦਾ ਘਰ ਬਰਬਾਦ ਕਰਨ ਦਾ ਸ਼ੱਕ ਹੀ ਟ੍ਰਿਪਲ ਮਰਡਰ ਦਾ ਕਾਰਨ ਬਣਿਆ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ , ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ, ਏ. ਡੀ. ਸੀ. ਪੀ-4 ਰਾਜਵੀਰ ਸਿੰਘ ਤੇ ਹੋਰਨਾਂ ਪੁਲਸ ਅਫਸਰਾਂ ਨੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।
 ®ਉਨ੍ਹਾਂ ਦੱਸਿਆ ਕਿ ਹਤਿਆਰੇ ਦਾ ਨਾਂ ਰਵਿੰਦਰ ਸਿੰਘ ਬਖਸ਼ੀ ਹੈ। ਸਾਲ 1997 ’ਚ ਪਹਿਲਾ ਵਿਅਾਹ ਹੋਇਆ ਸੀ ਪਰ 1 ਸਾਲ ਬਾਅਦ ਹੀ ਪਤਨੀ ਨਾਲ ਵਿਵਾਦ ਹੋ ਗਿਆ। ਸਾਲ 2000 ’ਚ ਪਤਨੀ ਨੇ ਉਸ ’ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਵਾ ਦਿੱਤਾ। 
ਉਕਤ ਮਾਮਲੇ ਵਿਚ ਸਾਲ 2009 ’ਚ ਅਦਾਲਤ ਵੱਲੋਂ ਉਸ ਨੂੰ ਪੀ. ਓ. ਕਰਾਰ ਦਿੱਤਾ ਜਾ ਚੁੱਕਾ ਹੈ ਪਰ ਜ਼ਿੰਦਗੀ ਬਤੀਤ ਕਰਨ ਲਈ ਉਸ ਨੇ ਖੁਦ ਦਾ ਨਾਂ ਬਦਲ ਕੇ ਰਾਜਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੇ ਜਾਅਲੀ ਆਈ. ਡੀ. ਪਰੂਫ ਤਿਆਰ ਕਰਵਾ ਲਏ ਅਤੇ ਸਾਲ 2000 ’ਚ ਹੀ ਖੁਦ ਨੂੰ ਕੁਆਰਾ ਦੱਸ ਕੇ ਅੰਮ੍ਰਿਤਸਰ ਦੀ ਰਹਿਣ ਵਾਲੀ ਲਡ਼ਕੀ ਨਾਲ ਦੂਸਰਾ ਵਿਅਾਹ ਕਰ ਲਿਆ, ਪੁਲਸ ਤੋਂ ਬਚਣ ਲਈ ਉਸ ਨੂੰ ਲੈ ਕੇ ਪਹਿਲਾਂ ਦਿੱਲੀ ਤੇ ਫਿਰ ਮੁੰਬਈ ਚਲਾ ਗਿਆ, ਜਿਥੇ ਕਢਾਈ ਦਾ ਕੰਮ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗ ਪਿਆ ਪਰ ਸਾਲ 2006 ਵਿਚ ਕਿਸੇ ਨੇ ਦੂਸਰੀ ਪਤਨੀ ਨੂੰ ਉਸਦਾ ਸੱਚ ਦੱਸ ਦਿੱਤਾ, ਜਿਸ ਕਾਰਨ ਦੂਸਰੀ ਪਤਨੀ ਵੀ ਉਸ ਨੂੰ ਛੱਡ ਕੇ ਵਾਪਸ ਅੰਮ੍ਰਿਤਸਰ ਚਲੀ ਗਈ। ਹਤਿਆਰੇ ਨੂੰ ਸ਼ੱਕ ਹੈ ਕਿ ਉਕਤ ਜੋਡ਼ੇ ਨੇ ਦੂਸਰੀ ਪਤਨੀ  ਨੂੰ ਸੱਚ ਦੱਸ ਕੇ ਉਸਦਾ ਘਰ ਬਰਬਾਦ ਕੀਤਾ ਹੈ, ਜਿਸ ਦਾ ਬਦਲਾ ਲੈਣ ਲਈ 10 ਸਾਲਾਂ ਤੋਂ ਉਨ੍ਹਾਂ ਦੀ ਹੱਤਿਆ ਦਾ ਪਲਾਨ ਬਣਾ ਰਿਹਾ  ਸੀ।
 ਇਸੇ ਕਾਰਨ ਲਗਭਗ 2 ਸਾਲ ਪਹਿਲਾਂ ਉਨ੍ਹਾਂ ਦੇ ਘਰ ਨੇਡ਼ੇ ਕਿਰਾਏ  ’ਤੇ ਕਮਰਾ ਲੈ ਕੇ ਰਹਿਣ ਲੱਗ ਪਿਆ। ਲਗਭਗ 1 ਸਾਲ ਤਕ ਚੌਡ਼ਾ ਬਾਜ਼ਾਰ ਵਿਚ ਕੱਪਡ਼ੇ ਦੀ ਦੁਕਾਨ ’ਤੇ ਨੌਕਰੀ ਵੀ ਕੀਤੀ ਅਤੇ ਪੂਰੇ ਪਰਿਵਾਰ ’ਤੇ ਵਾਰਦਾਤ ਕਰਨ ਤੋਂ ਪਹਿਲਾਂ ਵਿਸ਼ਵਾਸ ਬਣਾਇਆ।  ਪੁਲਸ ਸੋਮਵਾਰ ਨੂੰ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਦੌਰਾਨ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।
  ਲਹੂ-ਲੁਹਾਨ ਹਾਲਤ ਵਿਚ ਵੀ ਕੀਤਾ ਮੁਕਾਬਲਾ
 ਏ. ਸੀ. ਪੀ. ਪਵਨਜੀਤ ਸਿੰਘ ਅਨੁਸਾਰ ਹਤਿਆਰੇ ਨੇ ਦੱਸਿਆ ਕਿ ਉਸ ਨੇ ਪਹਿਲੀ ਮੰਜ਼ਿਲ ’ਤੇ ਭੈਣ ਦੇ ਸਿਰ ’ਤੇ ਪਿੱਛੋਂ ਹਥੌਡ਼ਾ ਮਾਰ ਕੇ ਆਪਣੇ ਵੱਲੋਂ ਹੱਤਿਆ ਕਰ ਦਿੱਤੀ ਪਰ ਕੁਝ  ਸਮੇਂ ਬਾਅਦ ਉਹ ਲਹੂ-ਲੁਹਾਨ ਹਾਲਤ ਵਿਚ ਪੌਡ਼ੀਆਂ ਤੋਂ ਹੇਠਾਂ ਉਤਰੀ ਅਤੇ ਮੁਕਾਬਲਾ ਕੀਤਾ ਤਾਂ ਉਹ ਘਬਰਾ ਗਿਆ, ਜਿਸ ਦੇ ਬਾਅਦ ਫਿਰ ਹਥੌਡ਼ੇ ਨਾਲ ਕਈ ਵਾਰ ਕਰ ਕੇ ਉਸ ਨੂੰ ਘਸੀਟਦੇ ਹੋਏ ਹੇਠਾਂ ਕਮਰੇ ਵਿਚ ਲੈ ਗਿਆ, ਦਵਿੰਦਰ ਨੂੰ ਘਰ ਵਿਚ  ਦਾਖਲ ਹੋਣ ’ਤੇ ਕੋਈ ਸ਼ੱਕ ਨਾ ਹੋਵੇ, ਇਸ ਲਈ ਖੂਨ ਦੇ ਸਾਰੇ ਨਿਸ਼ਾਨ ਸਾਫ ਕੀਤੇ ਪਰ ਦਵਿੰਦਰ ਦੇ ਆਉਣ ਤੋਂ ਪਹਿਲਾਂ ਦੋਨੋਂ ਬੱਚੇ ਇਕ-ਇਕ ਕਰ ਕੇ ਘਰ ਆਏ ਅਤੇ ਉਨ੍ਹਾਂ ਨੇ ਖੂਨ ਸਾਫ ਕਰਦੇ ਦੇਖ ਲਿਆ, ਜਿਸ ਦੇ ਬਾਅਦ ਦੋਵਾਂ ਬੱਚਿਆਂ ਦੀ ਹੱਤਿਆ ਕਰ ਦਿੱਤੀ ਤਾਂਕਿ ਉਹ ਰੌਲਾ ਨਾ ਪਾ ਸਕਣ। ਹਤਿਆਰੇ ਨੇ ਨਾਲ ਲਿਆਂਦੇ ਨਾਲੇ ਨਾਲ ਭੈਣ ਦੇ ਹੱਥ ਬੰਨ੍ਹੇ  ਦਿੱਤੇ ਸਨ।
 ਹੱਤਿਆ ਦੇ ਬਾਅਦ ਬੱਸ ’ਚ ਚਡ਼੍ਹ ਕੇ ਗਿਆ ਅੰਮ੍ਰਿਤਸਰ
 ਇੰਸਪੈਕਟਰ ਰਾਜੇਸ਼ ਸ਼ਰਮਾ ਅਨੁਸਾਰ ਹੱਤਿਆ ਕਰਨ ਦੇ ਬਾਅਦ ਦੋਸ਼ੀ ਘਰ ਵਿਚ ਪਈ 10 ਹਜ਼ਾਰ ਦੀ ਨਕਦੀ ਲੈ ਕੇ ਸਮਰਾਲਾ ਚੌਕ ਗਿਆ, ਜਿਥੋਂ ਮਾਛੀਵਾਡ਼ਾ, ਨਵਾਂਸ਼ਹਿਰ ਦੇ ਰਸਤੇ ਅੰਮ੍ਰਿਤਸਰ ਪਹੁੰਚਿਆ, ਇਕ ਦਿਨ ਉਥੇ ਧਰਮਸ਼ਾਲਾ ਵਿਚ ਰਹਿਣ ਬਾਅਦ ਸੰਗਰੂਰ, ਹਨੂਮਾਨਗਡ਼੍ਹ ਅਤੇ ਹੋਰ ਅਜਿਹੇ ਕਈ ਸਥਾਨਾਂ ’ਤੇ ਗਿਆ, ਜਿਥੇ ਉਸ ਨੂੰ ਲੰਗਰ ਵਿਚ ਖਾਣਾ ਮਿਲ ਸਕੇ।
4 ਮਹੀਨੇ ਤੋਂ ਹਰ ਰੋਜ਼ ਨਾਲ ਲੈ ਕੇ ਜਾਂਦਾ ਰਿਹਾ ਹਥੌਡ਼ਾ
 ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਅਨੁਸਾਰ ਹਤਿਆਰਾ 4 ਮਹੀਨੇ ਤੋਂ ਹਰ ਰੋਜ਼ ਆਪਣੇ ਨਾਲ ਹਥੌਡ਼ਾ ਲੈ ਕੇ ਜਾ ਰਿਹਾ ਸੀ  ਤਾਂ ਕਿ ਭੈਣ ਅਤੇ ਜੀਜਾ ਦੀ ਹੱਤਿਆ ਕਰ ਸਕੇ ਪਰ ਉਸ ਨੂੰ ਮੌਕਾ ਨਹੀਂ ਮਿਲ ਰਿਹਾ ਸੀ। ਪੁਲਸ ਅਨੁਸਾਰ ਹਤਿਆਰਾ ਪਹਿਲਾਂ ਉਨ੍ਹਾਂ ਨੂੰ ਕਰੰਟ ਲਾ ਕੇ  ਤੇ ਅੱਖਾਂ ਵਿਚ ਮਿਰਚਾਂ ਪਾ ਕੇ ਮਾਰਨ ਦਾ ਵੀ ਪਲਾਨ ਬਣਾ ਚੁੱਕਾ ਸੀ, ਹੱਤਿਆ ਵਾਲੇ ਦਿਨ ਉਸ ਕੋਲ ਇਕ ਪੇਪਰ ਕਟਰ ਅਤੇ ਨਾਲਾ ਵੀ ਸੀ। ਪੁਲਸ ਨੂੰ ਹਤਿਆਰੇ ਕੋਲੋਂ ਬਿਜਲੀ ਦੀਆਂ ਤਾਰਾਂ ਵੀ ਬਰਾਮਦ ਹੋਈਆਂ ਹਨ, ਜੇਕਰ ਮਕਾਨ ਮਾਲਕ ਉਸ  ਨੂੰ ਕਿਰਾਇਆ ਨਾ ਦੇਣ ’ਤੇ ਕਮਰਾ ਖਾਲੀ ਕਰਨ ਦੀ ਗੱਲ ਨਾ ਕਹਿੰਦਾ  ਤਾਂ ਸ਼ਾਇਦ ਉਸ ਦਿਨ ਹੱਤਿਆ ਨਾ ਕਰਦਾ।
 ਭੈਣ ਦੀ ਹੱਤਿਆ ਦੇ ਬਾਅਦ ਜੀਜੇ  ਦੀ ਕਰਦਾ ਰਿਹਾ ਉਡੀਕ
 ਇੰਸਪੈਕਟਰ ਰਾਜੇਸ਼ ਸ਼ਰਮਾ ਅਨੁਸਾਰ ਭੈਣ ਦੀ ਹੱਤਿਆ ਕਰਨ ਦੇ ਬਾਅਦ ਉਹ ਘਰ ’ਤੇ ਹੀ ਜੀਜੇ ਦਵਿੰਦਰ ਸਿੰਘ ਦੇ ਆਉਣ ਦੀ ਉਡੀਕ ਕਰ ਰਿਹਾ ਸੀ, ਤਾਂ ਕਿ ਦੋਵਾਂ ਦੀ ਹੱਤਿਆ ਕਰ ਕੇ ਆਪਣਾ ਬਦਲਾ ਪੂਰਾ ਕਰ ਸਕੇ ਪਰ ਚੰਗੀ ਕਿਸਮਤ ਕਾਰਨ ਦਵਿੰਦਰ ਉਸ ਦਿਨ ਦੁਪਹਿਰ ਨੂੰ ਘਰ ਆੳੁਣ ਵਿਚ ਲੇਟ ਹੋ ਗਿਆ। ਹੱਤਿਆ ਵਾਲੇ ਦਿਨ ਰਵਿੰਦਰ ਨੇ ਖੁਦ ਹੀ ਸਵੇਰੇ ਨਹਾਉਣ ਤੋਂ ਪਹਿਲਾਂ  ਜਵਾਈ ਤੇ ਬਾਅਦ ਵਿਚ ਭਾਣਜੀ ਨੂੰ ਭੈਣ ਦੇ ਘਰ ਭੇਜਿਆ ਸੀ। ਇਹੀ ਕਾਰਨ ਸੀ ਕਿ ਰਵਿੰਦਰ ਨੇ ਬਾਅਦ ਵਿਚ ਫੋਨ ਕਰ ਕੇ ਦਵਿੰਦਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਘਰੋਂ ਸੋਨਾ ਲਿਜਾਣ ਦੇ ਲਾਏ ਜਾ ਰਹੇ ਝੂਠੇ ਦੋਸ਼ ਦਾ ਵੀ ਵਿਰੋਧ ਕੀਤਾ ਸੀ।
 ਜੀਜੇ ’ਤੇ ਜਾਦੂ-ਟੂਣੇ ਕਰਨ ਦਾ ਸ਼ੱਕ
 ਇੰਸਪੈਕਟਰ ਰਾਜੇਸ਼ ਸ਼ਰਮਾ ਅਨੁਸਾਰ ਹਤਿਆਰੇ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਹਰਚਰਨ ਨਗਰ ਅਤੇ ਗੁਰੂ ਅਰਜਨ ਦੇਵ ਨਗਰ ਵਿਚ ਘਰ ਸੀ ਪਰ ਉਸ ਦੇ ਪਿਤਾ ਨੇ ਦਵਿੰਦਰ ਸਿੰਘ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ ਤੇ ਦੋਨੋਂ ਮਕਾਨ ਵੇਚ ਦਿੱਤੇ, ਜਿਸ ਕਾਰਨ ਉਹ ਆਰਥਿਕ ਤੌਰ ’ਤੇ ਕਾਫੀ ਕਮਜ਼ੋਰ ਹੋ ਗਏ ਅਤੇ ਅੰਮ੍ਰਿਤਸਰ ਚਲੇ ਗਏ, ਉਥੇ ਉਸ ਨੂੰ ਸ਼ੱਕ ਸੀ ਕਿ ਜੀਜੇ ਨੇ ਜਾਦੂ-ਟੂਣਾ ਕਰ ਕੇ ਉਸਦਾ ਸਾਰਾ ਪਰਿਵਾਰ ਖਤਮ ਕਰ ਦਿੱਤਾ।
 ਕ੍ਰਾਈਮ ਪੈਟਰੋਲ ਦੇਖ ਕੇ ਬਚਣ ਦਾ ਲੱਭ ਰਿਹਾ ਸੀ ਰਸਤਾ
 ਹਤਿਆਰੇ ਨੇ ਦੱਸਿਆ ਕਿ  ਉਹ ਟੀ.ਵੀ. ’ਤੇ ਕ੍ਰਾਈਮ ਪੈਟਰੋਲ ਦੇਖਦਾ ਸੀ, ਜਿਸ ਕਾਰਨ ਉਸ ਨੂੰ ਪਤਾ ਸੀ ਕਿ ਹੱਤਿਆ ਦੇ ਬਾਅਦ ਪੁਲਸ ਕੇਸ ਕਿਸ ਤਰ੍ਹਾਂ ਹੱਲ ਕਰਦੀ ਹੈ, ਇਸ ਲਈ ਉਹ ਆਪਣੇ ਬਚਣ ਦਾ ਰਸਤਾ ਲੱਭ ਰਿਹਾ ਸੀ, ਜਦੋਂ ਵੀ ਉਹ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਜਾਂਦਾ ਤਾਂ ਰਸਤੇ ਵਿਚ  2 ਤੋਂ 3 ਵਾਰ ਬੱਸ ਬਦਲ ਲੈਂਦਾ, ਤਾਂ ਕਿ  ਜੇਕਰ ਕੋਈ ਉਸਦਾ ਪਿੱਛਾ ਕਰ ਰਿਹਾ ਹੈ ਤਾਂ ਉਸ ਤਕ ਪਹੁੰਚ ਨਾ ਸਕੇ। ਆਪਣੇ ਚਿਹਰੇ ਨੂੰ ਹਰ ਸਮੇਂ ਰੁਮਾਲ ਨਾਲ ਢੱਕ ਕੇ ਰੱਖਦਾ ਸੀ।
ਧਮਕੀ ਭਰਿਆ ਕੀਤਾ ਫੋਨ, ਪੁਲਸ ਨੇ ਫਸਾਇਆ ਜਾਲ ’ਚ
ਪੁਲਸ ਸੂਤਰਾਂ ਅਨੁਸਾਰ ਜੇਕਰ ਹਤਿਆਰਾ ਧਮਕੀ ਭਰਿਆ ਫੋਨ ਨਾ ਕਰਦਾ ਤਾਂ ਉਸ ਨੂੰ ਫਡ਼ਨਾ ਇੰਨਾ ਸੌਖਾ ਨਹੀਂ ਸੀ, ਕਿਉਂਕਿ ਫੋਨ ਕਰਨ ਦੇ ਬਾਅਦ ਚਾਹੇ ਉਸਨੇ ਨੰਬਰ ਬੰਦ ਕਰ ਦਿੱਤਾ ਪਰ ਉਸ ਨੇ ਫੋਨ ਵਿਚ ਫਿਰ ਤੋਂ ਨਵਾਂ ਨੰਬਰ ਪਾ ਲਿਆ। ਜਿਸ ਕਾਰਨ ਪੁਲਸ ਨੂੰ ਉਸ ਤਕ ਪਹੁੰਚਣ ਵਿਚ ਆਸਾਨੀ ਹੋਈ। ਪੁਲਸ ਨੂੰ ਹਤਿਆਰੇ ਕੋਲੋਂ ਕਈ ਸਿਮ ਕਾਰਡ ਬਰਾਮਦ ਹੋਏ ਹਨ।
 


Related News