ਗਲੀ ''ਚ ਖੇਡਦੇ ਬੱਚੇ ਨੂੰ ਪਿਟਬੁੱਲ ਨੇ ਬਣਾਇਆ ਸ਼ਿਕਾਰ, ਬੁਰ੍ਹੀ ਤਰ੍ਹਾਂ ਵੱਢੀ ਬਾਂਹ ਤੇ ਪਿੱਠ

09/13/2020 2:17:46 PM

ਲੁਧਿਆਣਾ (ਜ.ਬ) : ਭਾਈ ਰਣਧੀਰ ਸਿੰਘ ਨਗਰ ਦੇ ਸੁਨੇਤ ਇਲਾਕੇ 'ਚ ਇਕ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਗਲੀ 'ਚ ਖੇਡ ਰਹੇ 11 ਸਾਲ ਦੇ ਬੱਚੇ ਨੂੰ ਖ਼ਤਰਨਾਕ ਨਸਲ ਦੇ ਪਿਟਬੁੱਲ ਕੁੱਤੇ ਨੇ ਆਪਣਾ ਸ਼ਿਕਾਰ ਬਣਾ ਲਿਆ ਅਤੇ ਉਸ ਦੀ ਬਾਂਹ ਅਤੇ ਪਿੱਠ ਨੂੰ ਬੁਰੀ ਤਰ੍ਹਾਂ ਨਾਲ ਵੱਢ ਲਿਆ। ਪੀੜਤ ਬੱਚੇ ਸੁਖਦੀਪ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਦਾ ਦੋਸ਼ ਹੈ ਕਿ ਇਸ ਘਟਨਾ ਨੂੰ 8 ਦਿਨ ਬੀਤ ਚੁੱਕੇ ਹਨ ਪਰ ਇਲਾਕਾ ਪੁਲਸ ਕੁੱਤੇ ਦੇ ਮਾਲਕ ’ਤੇ ਕਾਰਾਵਈ ਕਰਨ ਦੀ ਬਜਾਏ ਉਨ੍ਹਾਂ ’ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੀਡੀਆ ਰਾਹੀਂ ਆਵਾਜ਼ ਚੁੱਕਣੀ ਪਈ। ਕੁਲਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਨੇ ਪਿਟਬੁੱਲ ਪਾਲ ਰੱਖਿਆ ਹੈ, ਜਿਨ੍ਹਾਂ ਦੀ ਕਸਾਈ ਦੀ ਦੁਕਾਨ ਹੈ।

4 ਸਤੰਬਰ ਨੂੰ ਉਸਨੇ ਆਪਣਾ ਕੁੱਤਾ ਖੁੱਲ੍ਹਾ ਛੱਡ ਦਿੱਤਾ, ਜਿਸ ਨੇ ਬਾਹਰ ਗਲੀ 'ਚ ਖੇਡ ਰਹੇ ਉਸ ਦੇ ਛੋਟੇ ਭਰਾ ਨੂੰ ਬੁਰੀ ਤਰ੍ਹਾਂ ਨੋਚ ਖਾਧਾ। ਲੋਕਾਂ ਨੇ ਕਿਸੇ ਤਰ੍ਹਾਂ ਭਰਾ ਨੂੰ ਬਚਾਇਆ। ਮੇਰੀ ਮਾਂ ਜੋ ਘਰ 'ਚ ਉਸ ਸਮੇਂ ਇਕੱਲੀ ਸੀ, ਉਸ ਨੂੰ ਇਲਾਜ ਲਈ ਰਘੁਨਾਥ ਹਸਪਤਾਲ ਲੈ ਕੇ ਗਈ ਅਤੇ ਬਾਕਾਇਦਾ ਪੁਲਸ ਕੋਲ ਇਸਦੀ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ ਨੇ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਉਨ੍ਹਾਂ ’ਤੇ ਦੋਸ਼ੀ ਪੱਖ ਨਾਲ ਸਮਝੌਤਾ ਕਰਨ ਦਾ ਦਬਾਅ ਬਣਾਉਂਦੀ ਰਹੀ।

ਉਧਰ ਸਰਾਭਾ ਨਗਰ ਥਾਣਾ ਇੰਚਾਰਜ ਸਬ ਇੰਸ. ਮਧੂ ਬਾਲਾ ਦਾ ਕਹਿਣਾ ਹੈ ਕਿ ਪੁਲਸ ’ਤੇ ਲਾਏ ਦੋਸ਼ ਝੂਠੇ ਤੇ ਬੇ-ਬੁਨਿਆਦ ਹਨ। ਸ਼ਿਕਾਇਤ ਕਰਤਾ ਨੇ ਹੀ ਪੁਲਸ ਨੂੰ ਇਹ ਕਹਿ ਕੇ ਕਾਰਵਾਈ ਕਰਨ ਤੋਂ ਰੋਕਿਆ ਕਿ ਉਨ੍ਹਾਂ ਦੀ ਸਮਝੌਤੇ ਦੀ ਗੱਲ ਚੱਲ ਰਹੀ ਹੈ ਜੇਕਰ ਪੀੜਤ ਪੱਖ ਕੇਸ ਕਰਵਾਉਣਾ ਚਾਹੁੰਦਾ ਹੈ ਤਾਂ ਪੁਲਸ ਇਨਸਾਫ ਦਿਵਾਉਣ ਲਈ ਨਾਲ ਖੜ੍ਹੀ ਹੈ।


Babita

Content Editor

Related News