ਪਿਮਸ ''ਚ ਜਨਤਾ ਨਾਲ ਹੋ ਰਿਹਾ ਧੋਖਾ

Wednesday, Jul 26, 2017 - 05:44 AM (IST)

ਪੀ. ਜੀ. ਆਈ. ਤੋਂ 5 ਗੁਣਾ ਜ਼ਿਆਦਾ ਵਸੂਲੀ ਜਾ ਰਹੀ ਫਿਜ਼ੀਓਥੈਰੇਪੀ ਦੀ ਕੀਮਤ
ਜਲੰਧਰ(ਅਮਿਤ)-ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਗੜ੍ਹਾ ਰੋਡ ਜਲੰਧਰ ਵਿਚ ਗਰੀਬ ਅਤੇ ਜ਼ਰੂਰਤਮੰਦ ਜਨਤਾ ਨੂੰ ਫਾਇਦਾ ਪਹੁੰਚਾਉਣ ਦੀ ਜਗ੍ਹਾ ਧੋਖਾ ਦੇਣ ਦਾ ਕੰਮ ਹੋ ਰਿਹਾ ਹੈ। ਪਿਛਲੇ 2 ਸਾਲਾਂ ਤੋਂ ਇਥੇ ਫਿਜ਼ੀਓਥੈਰੇਪੀ ਵਿਭਾਗ ਵਿਚ ਆਉਣ ਵਾਲੇ ਲੋਕਾਂ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਚ ਲਈ ਜਾ ਰਹੀ ਫੀਸ ਤੋਂ ਲੱਗਭਗ 5 ਗੁਣਾ ਜ਼ਿਆਦਾ ਕੀਮਤ ਵਸੂਲਣ ਦਾ ਕੰਮ ਲਗਾਤਾਰ ਜਾਰੀ ਹੈ। 2010 ਵਿਚ ਖੋਲ੍ਹੇ ਗਏ ਪਿਮਸ ਦਾ ਮੁੱਖ ਉਦੇਸ਼ ਦੋਆਬਾ ਖੇਤਰ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਦੀ ਜਨਤਾ ਨੂੰ ਪੀ. ਜੀ. ਆਈ. ਦੀਆਂ ਕੀਮਤਾਂ ਦੇ ਬਰਾਬਰ ਮੈਡੀਕਲ ਸਹੂਲਤਾਂ ਮੁਹੱਈਆ ਕਰਨਾ ਸੀ ਪਰ 2014 ਵਿਚ ਜਦੋਂ ਤੋਂ ਇਸ ਨੂੰ ਫੋਰਟਿਸ ਦੇ ਹੱਥਾਂ ਵਿਚ ਸੌਂਪਿਆ ਗਿਆ ਹੈ, ਤਦ ਤੋਂ ਇਹ ਆਪਣੇ ਮੁੱਖ ਉਦੇਸ਼ ਤੋਂ ਭਟਕ ਚੁੱਕਾ ਹੈ ਅਤੇ ਨਾ ਸਿਰਫ ਇਸ ਦਾ ਤਰ੍ਹਾਂ-ਤਰ੍ਹਾਂ ਦੇ ਵਿਵਾਦਾਂ ਦੇ ਨਾਲ ਚੋਲੀ ਦਾਮਨ ਦਾ ਸਾਥ ਰਿਹਾ ਹੈ, ਬਲਕਿ ਆਮ ਜਨਤਾ ਨੂੰ ਵੀ ਮੈਡੀਕਲ ਸਹੂਲਤਾਂ ਦੇ ਲਈ ਕਾਫੀ ਜ਼ਿਆਦਾ ਕੀਮਤ ਚੁਕਾਉਣੀ ਪੈ ਰਹੀ ਹੈ। 
ਕੀ ਹੈ ਮਾਮਲਾ, ਕਿਵੇਂ ਵਸੂਲੀ ਜਾ ਰਹੀ ਹੈ ਜ਼ਿਆਦਾ ਕੀਮਤ
ਪਿਮਸ ਦੇ ਅੰਦਰ ਅੰਡਰਗਰਾਊਂਡ ਫਲੋਰ ਦੇ ਇਕ ਨੰਬਰ ਓ. ਪੀ. ਡੀ. ਦੇ ਅੰਦਰ ਬਣੇ ਹੋਏ ਫਿਜ਼ੀਓਥੈਰੇਪੀ ਵਿਭਾਗ ਵਿਚ ਮਰੀਜ਼ਾਂ ਦੀ ਫਿਜ਼ੀਓਥੈਰੇਪੀ ਕਰਨ ਦਾ ਕੰਮ ਕੀਤਾ ਜਾਂਦਾ ਹੈ। ਵਿਭਾਗ ਵਿਚ ਕੁਝ ਸਮਾਂ ਪਹਿਲਾਂ ਪੀ. ਜੀ. ਆਈ. ਦੇ ਬਰਾਬਰ 30 ਰੁਪਏ ਪ੍ਰਤੀ ਵਿਜ਼ਟ ਵਸੂਲਿਆ ਜਾਂਦਾ ਸੀ ਪਰ ਪਿਮਸ ਮੈਨੇਜਮੈਂਟ ਦੁਆਰਾ ਆਪਣੇ ਨਿੱਜੀ ਸਵਾਰਥ ਨੂੰ ਦੇਖਦੇ ਹੋਏ ਸਿਨੈਪਸ ਫਿਜ਼ੀਓ ਪ੍ਰਾਈਵੇਟ ਲਿਮਟਿਡ ਨਾਂ ਦੀ ਇਕ ਕੰਪਨੀ, ਜਿਸ ਦਾ ਪੂਰੇ ਦੇਸ਼ ਵਿਚ ਫੋਰਟਿਸ ਗਰੁੱਪ ਦੇ ਨਾਲ ਟਾਈਅਪ ਹੋ ਰੱਖਿਆ ਹੈ, ਉਸ ਨੂੰ ਮਾਰਚ 2015 ਨੂੰ ਫਿਜ਼ੀਓਥੈਰੇਪੀ ਦਾ ਸਾਰਾ ਕੰਮ ਆਊਟਸੋਰਸ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਥੇ ਆਉਣ ਵਾਲੇ ਮਰੀਜ਼ਾਂ ਤੋਂ ਪਹਿਲਾਂ ਪ੍ਰਤੀ ਵਿਜ਼ਿਟ 75 ਰੁਪਏ ਅਤੇ ਬਾਅਦ ਵਿਚ 150 ਰੁਪਏ ਵਸੂਲੇ ਜਾਣ ਲੱਗੇ ਜੋ ਕਿ ਸਿੱਧਾ 5 ਗੁਣਾ ਜ਼ਿਆਦਾ ਹਨ। ਪਿਮਸ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਥੇ ਰੋਜ਼ਾਨਾ ਲੱਗਭਗ 24 ਤੋਂ 25 ਮਰੀਜ਼ ਆਉਂਦੇ ਹਨ ਅਤੇ ਇਸ ਤਰ੍ਹਾਂ ਰੋਜ਼ਾਨਾ ਲੱਗਭਗ 3 ਹਜ਼ਾਰ ਰੁਪਏ ਪੀ. ਜੀ. ਆਈ. ਤੋਂ ਜ਼ਿਆਦਾ ਵਸੂਲੇ ਜਾ ਰਹੇ ਹਨ। ਮੌਜੂਦਾ ਸਮੇਂ ਅੰਦਰ ਵਿਭਾਗ ਅੰਦਰ ਪਿਮਸ ਵਲੋ 2 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੂੰ ਲਗਭਗ 13 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਜਦੋਂਕਿ ਨਿੱਜੀ ਕੰਪਨੀ ਵਲੋਂ 3 ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਲੱਗਭਗ 18 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨਿੱਜੀ ਕੰਪਨੀ ਅਤੇ ਪਿਮਸ ਦੇ ਦਰਮਿਆਨ ਆਪਸ ਵਿਚ ਪ੍ਰਾਫਿਟ ਸ਼ੇਅਰਿੰਗ ਐਗਰੀਮੈਂਟ ਕੀਤਾ ਗਿਆ ਹੈ, ਜਿਸ ਦੇ ਤਹਿਤ ਨਿੱਜੀ ਕੰਪਨੀ ਆਪਣੇ ਮੁਨਾਫੇ ਵਿਚੋਂ ਕੁਝ ਹਿੱਸਾ ਪਿਮਸ ਨੂੰ ਦੇ ਰਹੀ ਹੈ ਪਰ ਇਸ ਪੂਰੇ ਮਾਮਲੇ ਵਿਚ ਜੋ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਪਿਮਸ ਨੂੰ ਤਾਂ ਬਿਨਾਂ ਕੋਈ ਕੋਸ਼ਿਸ਼ ਕੀਤੇ ਕਮਾਈ ਹੋਣ ਲੱਗੀ ਹੈ ਪਰ ਆਮ ਜਨਤਾ ਨੂੰ ਬਿਨਾਂ ਕਿਸੇ ਕਸੂਰ ਦੇ ਜ਼ਿਆਦਾ ਕੀਮਤ ਚੁਕਾਉਣੀ ਪੈ ਰਹੀ ਹੈ। 
ਪਿਮਸ ਦੇ ਨਾਲ ਕੀ ਕਰਾਰ ਹੋਇਆ, ਕੋਈ ਜਾਣਕਾਰੀ ਨਹੀਂ : ਡਾ. ਮਿਲੀਕਾਂਤ
ਨਿੱਜੀ ਕੰਪਨੀ, ਜਿਸ ਦੇ ਕੋਲ ਫਿਜ਼ੀਓਥੈਰੇਪੀ ਵਿਭਾਗ ਦਾ ਆਊਟਸੋਰਸ ਠੇਕਾ ਹੈ, ਡਾ. ਮਿਲੀਕਾਂਤ ਤੋਂ ਜਦੋਂ ਇਸ ਬਾਰੇ ਵਿਚ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਮਸ ਦੇ ਨਾਲ ਉਨ੍ਹਾਂ ਦੀ ਕੰਪਨੀ ਦਾ ਕੀ ਕਰਾਰ ਹੋਇਆ ਹੈ, ਇਸ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੀ ਕੰਪਨੀ ਦੁਆਰਾ ਪਿਮਸ ਨੂੰ ਪ੍ਰਤੀ ਮਰੀਜ਼ ਕੋਈ ਕਮਿਸ਼ਨ ਦਿੱਤੀ ਜਾਂਦੀ ਹੈ ਜਾਂ ਫਿਰ ਇਕਮੁਸ਼ਤ ਰਕਮ ਦਿੱਤੀ ਜਾਂਦੀ ਹੈ ਜਾਂ ਫਿਰ ਸਿਰਫ ਜਗ੍ਹਾ ਦਾ ਕਿਰਾਇਆ ਲਿਆ ਜਾ ਰਿਹਾ ਹੈ, ਇਸਨੂੰ ਲੈ ਕੇ ਵੀ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ। ਇਸ ਲਈ ਇਸ ਨੂੰ ਲੈ ਕੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। 
ਪੀ. ਜੀ. ਆਈ. ਦੇ ਬਰਾਬਰ ਹੀ ਹਨ ਕੀਮਤਾਂ, ਅਸੀਂ 5 ਵਿਜ਼ਿਟ ਦੇ 150 ਰੁਪਏ ਲੈ ਰਹੇ ਹਾਂ :ਦਿਨੇਸ਼ ਮਿਸ਼ਰਾ
ਪਿਮਸ ਮੈਨੇਜਮੈਂਟ ਵਲੋਂ ਪ੍ਰਿੰਸੀਪਲ ਅਫਸਰ-ਕਮ-ਫਾਈਨਾਂਸਰ ਕੰਟਰੋਲਰ ਦਿਨੇਸ਼ ਮਿਸ਼ਰਾ ਤੋਂ ਜਦੋਂ ਇਸ ਬਾਰੇ ਵਿਚ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਮਸ ਵਿਚ ਫਿਜ਼ਓਥੈਰੇਪੀ ਦੀਆਂ ਕੀਮਤਾਂ ਪੀ. ਜੀ. ਆਈ. ਦੇ ਬਰਾਬਰ ਹੀ ਹਨ ਅਤੇ ਜਨਤਾ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਲਈ 5 ਵਿਜ਼ਿਟ ਦੇ ਪੈਸੇ ਮਤਲਬ ਕਿ 150 ਰੁਪਏ ਇਕੱਠਿਆ ਚਾਰਜ ਕੀਤੇ ਜਾਂਦੇ ਹਨ। 
ਦੇਖਣ ਵਿਚ ਅਜਿਹਾ ਲੱਗਦਾ ਹੈ ਕਿ ਪੈਸੇ ਜ਼ਿਆਦਾ ਵਸੂਲੇ ਜਾ ਰਹੇ ਹਨ ਪਰ ਅਸਲੀਅਤ ਵਿਚ ਅਜਿਹਾ ਨਹੀਂ ਹੈ। ਇਸ ਲਈ ਜ਼ਿਆਦਾ ਪੈਸੇ ਵਸੂਲਣ ਦੀ ਗੱਲ ਬਿਲਕੁਲ ਗਲਤ ਹੈ।


Related News