ਸ਼ਹਿਰ ''ਚ ਲੱਗੇ ਕੂੜੇ ਦੇ ਢੇਰ

02/24/2018 7:41:57 AM

ਫਗਵਾੜਾ, (ਰੁਪਿੰਦਰ ਕੌਰ, ਜਲੋਟਾ)- ਨਗਰ ਨਿਗਮ ਆਊਟ ਸੋਰਸ ਕਰਮਚਾਰੀਆਂ ਦਾ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਕਰਮਚਾਰੀਆਂ ਦੇ ਲਗਾਤਾਰ ਕੰਮ ਛੱਡ ਕੇ ਧਰਨੇ 'ਤੇ ਬੈਠਣ ਕਾਰਨ ਪੂਰੇ ਸ਼ਹਿਰ ਵਿਚ ਕੂੜੇ ਦੇ ਢੇਰ ਲੱਗ ਗਏ। ਜਿਸ ਨਾਲ ਬੀਮਾਰੀਆਂ ਫੈਲਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ। 
ਅਜੇ ਤਕ ਆਪਣੀਆਂ ਮੰਗਾਂ ਦੇ ਅਟਲ ਸਫਾਈ ਕਰਮਚਾਰੀਆਂ ਨੂੰ ਸਿਰਫ ਲਾਰੇ ਮਿਲਦੇ ਹੀ ਦਿਖਾਈ ਦੇ ਰਹੇ ਹਨ ਕਿਉਂਕਿ ਨਾ ਤਾਂ ਉਨ੍ਹਾਂ ਨੂੰ 2 ਦਿਨ ਪਹਿਲਾਂ ਮੇਅਰ ਵੱਲੋਂ ਐਲਾਨੇ ਗਏ ਚੈੱਕ ਮਿਲੇ ਹਨ ਅਤੇ ਨਾ ਹੀ ਸਬੰਧਤ ਠੇਕੇਦਾਰ ਵਲੋਂ ਹਰੀ ਝੰਡੀ ਮਿਲੀ ਹੈ। ਅੱਜ ਸਫਾਈ ਕਰਮਚਾਰੀ ਯੂਨੀਅਨ ਆਜ਼ਾਦ ਨੇ ਵੀ ਨਿਗਮ ਹਾਲ 'ਚ ਆ ਕੇ ਧਰਨੇ ਨੂੰ ਸਮਰਥਨ ਦਿੱਤਾ, ਪ੍ਰਧਾਨ ਰਜੇਸ਼ ਬੌਬੀ, ਖਜ਼ਾਨਚੀ ਸਦੇਸ਼ ਮੱਟੂ ਅਤੇ ਸਕੱਤਰ ਪਦਮ ਕੁਮਾਰ ਨੇ ਕਿਹਾ ਹੈ ਕਿ ਉਹ ਨਿਗਮ ਅਧਿਕਾਰੀਆਂ ਦੀ ਬੇਰੁਖ਼ੀ ਦੀ ਨਿਖੇਧੀ ਕਰਦੇ ਹਨ। 
ਇਸ ਤੋਂ ਇਲਾਵਾ ਅੱਜ ਸ਼ਹਿਰ ਦੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਵੀ ਆ ਕੇ ਸਫਾਈ ਕਰਮਚਾਰੀਆਂ ਦੇ ਨਾਲ ਬੈਠ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਸਹੀ ਦੱਸਦਿਆਂ ਸਮਰਥਨ ਦਿੱਤਾ। ਜਿਨ੍ਹਾਂ ਵਿਚੋਂ ਬਸਪਾ, ਭਾਜਪਾ ਅਤੇ ਕਾਂਗਰਸ ਪਾਰਟੀ ਦੇ ਲੀਡਰ ਪ੍ਰਮੁੱਖ ਸਨ। 
PunjabKesari
ਇਹ ਸਨ ਮੌਜੂਦ
ਇਸ ਮੌਕੇ ਸੂਬਾ ਕਾਂਗਰਸ ਸਕੱਤਰ ਮਨੀਸ਼ ਭਾਰਦਵਾਜ, ਬਲਾਕ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਕੌਂਸਲਰ ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਅਵਿਨਾਸ਼ ਗੁਪਤਾ ਬਾਸ਼ੀ, ਸੁਨੀਲ ਪਰਾਸ਼ਰ, ਪ੍ਰਮੋਦ ਜੋਸ਼ੀ, ਸੀਤਾ ਦੇਵੀ, ਸੁਮਨ ਸ਼ਰਮਾ, ਸ਼ਵਿੰਦਰ ਨਿਸਚਲ, ਵੀਨਾ ਸ਼ਰਮਾ ਆਦਿ ਮੌਜੂਦ ਸਨ।
ਏ. ਡੀ. ਸੀ. ਨੇ ਮਿਲਣ ਤੋਂ ਕੀਤਾ ਇਨਕਾਰ
ਜਦੋਂ ਉਕਤ ਮਾਮਲੇ ਸਬੰਧੀ ਏ. ਡੀ. ਸੀ. ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮਿਲਣ ਤੋਂ ਇਨਕਾਰ ਕਰ ਦਿੱਤਾ। 
ਜੋਗਿੰਦਰ ਸਿੰਘ ਮਾਨ ਨੂੰ ਦਿੱਤਾ ਮੰਗ ਪੱਤਰ
ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਦਿੱਤੇ ਜਾ ਰਹੇ ਧਰਨੇ ਦੇ ਪੰਜਵੇਂ ਦਿਨ ਅੱਜ ਜੋਗਾ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਂ ਇਕ ਮੰਗ ਪੱਤਰ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਨੂੰ ਦਿੱਤਾ ਗਿਆ। ਇਸ ਦੌਰਾਨ ਜੋਗਿੰਦਰ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਤਕ ਪਹੁੰਚਾ ਕੇ ਢੁਕਵਾਂ ਹੱਲ ਕਰਵਾਇਆ ਜਾਵੇਗਾ। 
ਇਹ ਹਨ ਮੰਗਾਂ
-ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ। 
-ਸਰਕਾਰ ਵਲੋਂ ਜਾਰੀ 9/7/17 ਦੇ ਪੱਤਰ ਮੁਤਾਬਕ ਰੈਗੂਲਰ ਕਰਮਚਾਰੀਆਂ ਦੀ ਪੈਨਸ਼ਨ ਲਾਈ ਜਾਵੇ। 
=ਨਗਰ ਨਿਗਮ ਫਗਵਾੜਾ 'ਚ ਲੋੜੀਂਦੇ 550 ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ। 
-ਆਊਟ ਸੋਰਸ ਅਤੇ ਸਫਾਈ ਸੇਵਕ, ਕੰਪਿਊਟਰ ਓਪਰੇਟਰ, ਡਰਾਈਵਰ, ਮਾਲੀ, ਫਾਇਰ ਬ੍ਰਿਗੇਡ, ਸੇਵਾਦਾਰ, ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ। 
-ਨਗਰ ਨਿਗਮ ਕਰਮਚਾਰੀਆਂ ਵਿਚ ਤਰੱਕੀ ਤੋਂ ਵਾਂਝੇ ਮੁਲਾਜ਼ਮਾਂ ਨੂੰ ਬਤੌਰ ਕਲਰਕ ਪ੍ਰਮੋਟ ਕੀਤਾ ਜਾਵੇ। 
-ਸਫਾਈ ਸੇਵਕਾਂ ਨੂੰ ਨਕੋਦਰ ਰੋਡ ਵਿਖੇ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕੀਤੇ ਜਾਣ।
-ਡੀ. ਏ. ਦੀ ਬਕਾਇਆ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇ।


Related News