ਪਿਆਰਾ ਸਿੰਘ ਢਿੱਲੋਂ ਨੇ ਦਿੱਤਾ ਪ੍ਰਧਾਨਗੀ ਪਦ ਤੋਂ ਅਸਤੀਫ਼ਾ

Tuesday, Sep 12, 2017 - 02:30 PM (IST)

ਪਿਆਰਾ ਸਿੰਘ ਢਿੱਲੋਂ ਨੇ ਦਿੱਤਾ ਪ੍ਰਧਾਨਗੀ ਪਦ ਤੋਂ ਅਸਤੀਫ਼ਾ

ਜ਼ੀਰਾ (ਅਕਾਲੀਆਂਵਾਲਾ) — ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ 'ਤੇ ਬਿਰਾਜਮਾਨ ਹੋਏ ਪਿਆਰਾ ਸਿੰਘ ਢਿੱਲੋਂ ਨੇ ਸਮੇਂ ਦੀ ਹਕੂਮਤ ਦੀਆਂ ਜ਼ਿਆਦਤੀਆਂ ਨੂੰ ਵੇਖਦਿਆਂ ਇਸ ਅਹੁਦੇ 'ਤੇ ਰਹਿ ਕੇ ਕੰਮ ਨਾ ਕਰਨਾ ਵਾਜਿਬ ਸਮਝਦੇ ਹੋਏ ਆਪਣੇ ਪ੍ਰਧਾਨਗੀ ਪਦ ਦੇ ਅਹੁਦੇ ਨੂੰ ਤਿਆਗ ਦਿੱਤਾ ਹੈ। ਪਿਆਰਾ ਸਿੰਘ ਢਿੱਲੋਂ ਦੇ ਪਰਿਵਾਰ ਨੂੰ ਦੂਜੀ ਵਾਰ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮਾਣ ਪ੍ਰਾਪਤ ਹੋਇਆ ਸੀ। ਪਿਛਲੇ ਕਰੀਬ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਢਿੱਲੋਂ ਪਰਿਵਾਰ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ 'ਤੇ ਕਾਬਿਜ਼ ਸੀ ਅਤੇ ਇਸ ਪਰਿਵਾਰ ਨੇ ਸ਼ਹਿਰ ਵਿਚ ਰਾਜਨੀਤੀ ਤੋਂ ਉਪਰ ਉਠ ਕੇ ਵਿਕਾਸ ਕਰਵਾਇਆ। ਇਹ ਪਰਿਵਾਰ ਨਿੱਜੀ ਤੌਰ 'ਤੇ ਵੀ ਸ਼ਹਿਰ ਵਾਸੀਆਂ ਵਿਚ ਹਰਮਨ ਪਿਆਰਾ ਹੈ। 
ਪਿਆਰਾ ਸਿੰਘ ਢਿੱਲੋਂ ਨੇ ਅੱਜ 'ਜਗ ਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਜਥੇ. ਹਰੀ ਸਿੰਘ ਜ਼ੀਰਾ ਤੇ ਅਵਤਾਰ ਸਿੰਘ ਜ਼ੀਰਾ ਦੇ ਪਰਿਵਾਰ ਦੀ ਬਦੌਲਤ ਉਸ ਨੂੰ ਇਹ ਅਹੁਦਾ ਨਸੀਬ ਹੋਇਆ ਸੀ ਅਤੇ ਕਿਸੇ ਵੀ ਹਾਲਾਤ ਵਿਚ ਮੇਰਾ ਜ਼ਮੀਰ ਹੋਰ ਕਿਸੇ ਪਾਰਟੀ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਹੈ । ਮੈਂ ਆਪਣੇ ਅਹੁਦੇ 'ਤੇ ਰਹਿ ਕੇ ਸ਼ਹਿਰ ਦੇ ਲਈ ਸਾਫ਼-ਸੁਥਰੇ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਸ਼ਹਿਰ ਨਿਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਵਿਕਾਸ ਦੇ ਕੰਮ ਕਰਨ ਲਈ ਦਿੱਤੇ ਸਹਿਯੋਗ ਦਾ ਰਿਣੀ ਰਹੇਗਾ। ਅੰਤ ਵਿਚ ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ ਵਿਚ ਰਹਿ ਕੇ ਨਿੱਜੀ ਤੌਰ 'ਤੇ ਇਲਾਕੇ ਦੀ ਸੇਵਾ ਕਰਦਾ ਰਹਾਂਗਾ। 
ਕਿਉਂ ਪੈਦਾ ਹੋਏ ਅਜਿਹੇ ਹਾਲਾਤ
ਜ਼ੀਰਾ ਸ਼ਹਿਰ ਦੀ ਨਗਰ ਕੌਂਸਲ ਨੂੰ ਹੋਂਦ ਵਿਚ ਆਇਆ 25 ਸਾਲ ਹੋ ਗਏ ਹਨ। ਸਰਕਾਰਾਂ ਦੀ ਅਦਲਾ ਬਦਲੀ ਹੁੰਦੀ ਰਹੀ ਪਰ ਮੈਂ ਹੀ ਇਕ ਅਜਿਹਾ ਪ੍ਰਧਾਨ ਹਾਂ ਜਿਸ ਦੇ ਖਿਲਾਫ਼ ਰਾਜਸੀ ਦਬਾਅ ਦੇ ਤਹਿਤ 28-07-2017 ਨੂੰ  ਪਰਚਾ ਦਰਜ ਕਰਵਾਇਆ ਗਿਆ ਹੈ, ਜਿਸ ਕਾਰਨ ਇਸ ਅਹੁਦੇ ਦਾ ਤਿਆਗ ਕਰਨ ਦੇ ਹਾਲਾਤ ਪੈਦਾ ਹੋ ਗਏ। ਪਿਆਰਾ ਸਿੰਘ ਢਿੱਲੋਂ ਨੇ ਕਿਹਾ ਕਿ ਮੈਨੂੰ ਇਸ ਦਾ ਗਹਿਰਾ ਸਦਮਾ ਹੈ ਕਿ ਜਦ ਨਗਰ ਕੌਂਸਲ ਦਾ ਪ੍ਰਧਾਨ ਖੁਦ ਹੀ ਸੁਰੱਖਿਅਤ ਨਹੀ ਤਾਂ ਉਹ ਲੋਕਾਂ ਦੀ ਸੁਰੱਖਿਆ ਕਿਵੇਂ ਕਰ ਸਕਦਾ ਹੈ ।  
ਈ. ਓ. ਵੱਲੋਂ ਵੀ ਪੁਸ਼ਟੀ
ਨਗਰ ਕੌਂਸਲ ਜ਼ੀਰਾ ਦੇ ਈ. ਓ. ਧਰਮ ਪਾਲ ਨੇ ਸੰਪਰਕ ਕਰਨ 'ਤੇ ਪਿਆਰਾ ਸਿੰਘ ਢਿੱਲੋਂ ਵੱਲੋਂ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨਗੀ ਪਦ ਤੋਂ ਦਿੱਤੇ ਅਸਤੀਫ਼ੇ ਦੀ ਪੁਸ਼ਟੀ ਕਰ ਦਿੱਤੀ ਹੈ ।


Related News