328 ਪਾਵਨ ਸਰੂਪਾਂ ਦੇ ਮਾਮਲੇ ''ਚ SIT ਨੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਕੀਤੀ ਪੁੱਛਗਿੱਛ

Thursday, Jan 15, 2026 - 12:41 PM (IST)

328 ਪਾਵਨ ਸਰੂਪਾਂ ਦੇ ਮਾਮਲੇ ''ਚ SIT ਨੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਕੀਤੀ ਪੁੱਛਗਿੱਛ

ਬਠਿੰਡਾ (ਵਿਜੈ ਵਰਮਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸ. ਆਈ. ਟੀ. ਨੇ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਉਨ੍ਹਾਂ ਦੇ ਨਿਵਾਸ ’ਤੇ ਜਾ ਕੇ ਪੁੱਛਗਿੱਛ ਕੀਤੀ। ਐੱਸ. ਆਈ. ਟੀ. ਦੀ ਅਗਵਾਈ ਕਰ ਰਹੇ ਏ. ਆਈ. ਜੀ. ਜਗਤਪ੍ਰੀਤ ਸਿੰਘ ਵਲੋਂ ਸਾਬਕਾ ਜੱਥੇਦਾਰ ਤੋਂ ਪੁੱਛਗਿੱਛ ਕੀਤੀ ਗਈ। ਏ. ਆਈ. ਜੀ. ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਲਾਕਾਤ ਜਾਂਚ ਪ੍ਰਕਿਰਿਆ ਦਾ ਹਿੱਸਾ ਸੀ ਅਤੇ ਸਾਬਕਾ ਜੱਥੇਦਾਰ ਵੱਲੋਂ ਪੂਰਾ ਸਹਿਯੋਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਗੁੰਮ ਹੋਏ ਸਰੂਪਾਂ ਨਾਲ ਸਬੰਧਿਤ ਮਰਿਆਦਾਵਾਂ, ਜਾਂਚ ਦੀ ਦਿਸ਼ਾ ਅਤੇ ਪੁਰਾਣੇ ਰਿਕਾਰਡ ਬਾਰੇ ਜਾਣਕਾਰੀ ਦਿੱਤੀ ਹੈ, ਜੋ ਜਾਂਚ ਲਈ ਮਦਦਗਾਰ ਸਾਬਿਤ ਹੋਵੇਗੀ।
SGPC ਦੀ ਲਾਪਰਵਾਹੀ ਨਾਲ ਮਾਮਲਾ ਵਿਗੜਿਆ : ਗਿ. ਹਰਪ੍ਰੀਤ ਸਿੰਘ
ਐੱਸ. ਆਈ. ਟੀ. ਦੇ ਜਾਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਜਦੋਂ ਸਰੂਪ ਗੁੰਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ, ਉਸੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਗਤ ਦੀ ਮੰਗ ਅਨੁਸਾਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ। ਦੋਸ਼ੀਆਂ ਦੀ ਪਛਾਣ ਕਰ ਕੇ ਤੁਰੰਤ ਬਰਾਮਦਗੀ ਕਰਵਾਈ ਜਾਣੀ ਚਾਹੀਦੀ ਸੀ ਪਰ ਇਸ ਵਿਚ ਗੰਭੀਰ ਕੋਤਾਹੀ ਹੋਈ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਵਿਚ ਕਿਸੇ ਵੀ ਪੱਖ ਵੱਲੋਂ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਦੌਰਾਨ ਉਨ੍ਹਾਂ ਨੇ ਬਿਨਾਂ ਨਾਂ ਲਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਵੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਸਿਧਾਂਤਕ ਤੌਰ ’ਤੇ ਐੱਸ. ਜੀ. ਪੀ. ਸੀ. ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਰਵਉੱਚ ਹੁੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐੱਸ. ਜੀ. ਪੀ. ਸੀ. ਪ੍ਰਧਾਨ ਨੂੰ 'ਬੌਣਾ' ਬਣਾ ਦਿੱਤਾ ਅਤੇ ਜੱਥੇਦਾਰ ਨੂੰ ਉਸ ਤੋਂ ਵੀ ਹੇਠਾਂ ਕਰ ਦਿੱਤਾ, ਜਦੋਂ ਕਿ ਖੁਦ 'ਸੁਪਰ ਸ਼ਕਤੀਮਾਨ' ਬਣ ਬੈਠੇ ਹਨ।
 


author

Babita

Content Editor

Related News