ਮੁਕਤਸਰ ਦੇ ਲੈਕਚਰਾਰ ਕੰਵਰਜੀਤ ਨੇ PCS ਦੀ ਪ੍ਰੀਖਿਆ 'ਚੋਂ ਹਾਸਲ ਕੀਤਾ ਪਹਿਲਾ ਸਥਾਨ (ਤਸਵੀਰਾਂ)
Monday, Aug 05, 2019 - 03:46 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਰਕਾਰੀ ਸੀਨੀ: ਸੈਕੰਡਰੀ ਸਕੂਲ ਦੋਦਾ ਵਿਖੇ ਬਤੌਰ ਫਿਜ਼ਿਕਸ ਲੈਕਚਰਾਰ ਸੇਵਾਵਾਂ ਨਿਭਾ ਰਹੇ ਕੰਵਰਜੀਤ ਸਿੰਘ ਨੇ ਪੀ.ਸੀ.ਐੱਸ. (ਰਜਿਸਟਰ ਸੀ) ਦੀ ਵਿਭਾਗੀ ਪ੍ਰੀਖਿਆ ਪਾਸ ਕਰਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਪੀ.ਸੀ.ਐੱਸ. ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਕਾਰਨ ਜ਼ਿਲੇ ਤੇ ਉਨ੍ਹਾਂ ਦੇ ਮਾਪਿਆਂ ਦਾ ਨਾਂ ਰੋਸ਼ਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕੰਵਰਜੀਤ 2006 ਤੋਂ ਹੁਣ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਵਿਖੇ ਬਤੌਰ ਫਿਜ਼ਿਕਸ ਲੈਚਰਰਾਰ ਸੇਵਾਵਾਂ ਨਿਭਾ ਰਹੇ ਹਨ। ਉਸ ਸਮੇਂ ਤੋਂ ਹੀ ਉਨ੍ਹਾਂ ਦੇ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ।
ਉਨ੍ਹਾਂ ਦੀ ਸਖਤ ਮਿਹਨਤ ਕਰਕੇ ਸਕੂਲੀ ਵਿਦਿਆਰਥੀਆਂ ਨੇ ਫਿਜ਼ਿਕਸ 'ਚੋਂ ਸੌ ਫੀਸਦੀ ਨੰਬਰ ਹਾਸਲ ਕੀਤੇ ਹਨ। ਪਿੰਡ ਮੌੜ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਪੈਦਾ ਹੋਏ ਕੰਵਰਜੀਤ ਨੇ ਦੱਸਿਆ ਕਿ ਉਸ ਨੇ ਸ਼ੁਰੂ ਤੋਂ ਹੀ ਪੜਾਈ 'ਚ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਬੀ.ਐੱਸ.ਸੀ ਨਾਨ-ਮੈਡੀਕਲ ਪਾਸ ਕਰਨ ਮਗਰੋਂ ਖਾਲਸਾ ਕਾਲਜ ਮੁਕਤਸਰ ਤੋਂ ਬੀ.ਐੱਡ ਕੀਤੀ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਦਾਖਲਾ ਲਿਆ, ਜਿੱਥੇ ਉਨ੍ਹਾਂ ਨੇ ਐੱਮ.ਐੱਸ.ਸੀ ਫਿਜ਼ਿਕਸ ਕੀਤੀ। 2006 'ਚ ਉਹ ਸਿੱਖਿਆ ਵਿਭਾਗ 'ਚ ਲੈਕਚਰਾਰ ਭਰਤੀ ਹੋ ਗਏ। ਉਨ੍ਹਾਂ ਦੇ ਸਕੂਲ 'ਚ ਸਾਇੰਸ ਗਰੁੱਪ ਦੇ 110 ਬੱਚੇ ਪੜ੍ਹ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਹ ਪਿਤਾ ਨਾਲ ਖੇਤੀਬਾੜੀ 'ਚ ਹੱਥ ਵਟਾਉਂਦੇ ਰਹੇ ਹਨ। ਉਸ ਨੂੰ ਸੋਸ਼ਲ ਵਰਕ ਦਾ ਵੀ ਸ਼ੌਕ ਹੈ, ਜਿਸ ਕਰਕੇ ਉਸ ਨੇ ਪਿੰਡ 'ਚ ਮੈਡੀਕਲ ਕੈਂਪ ਲਵਾਉਣ ਤੋਂ ਇਲਾਵਾ ਸਫਾਈ ਮੁਹਿੰਮਾਂ ਚਲਾਈਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਕੰਮ ਵੀ ਕੀਤਾ। ਉਨਾਂ ਕਿਹਾ ਕਿ ਮਿਹਨਤ ਨਾਲ ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ।