ਰੂਸੀ ਫ਼ੌਜ ਵੱਲੋਂ ਬੰਧਕ ਬਣਾਏ ਆਦਮਪੁਰ ਦੇ ਵਿਦਿਆਰਥੀਆਂ ਦੇ ਆਏ ਫੋਨ, ਦੱਸੀਆਂ ਦਿਲ ਹਲੂਣ ਦੇਣ ਵਾਲੀਆਂ ਗੱਲਾਂ
Saturday, Mar 05, 2022 - 07:02 PM (IST)
ਆਦਮਪੁਰ (ਜ. ਬ., ਚਾਂਦ)-ਰੂਸੀ ਫ਼ੌਜ ਵੱਲੋਂ ਫੜੇ ਰਜਤ ਸਹੋਤਾ ਪੁੱਤਰ ਸੁਖਪਾਲ ਸਹੋਤਾ ਤੇ ਰਮਨਦੀਪ ਪੁੱਤਰ ਹਰਮੇਸ਼ ਲਾਲ ਵਾਸੀ ਮੁਹੱਲਾ ਗਾਜੀਪੁਰ ਆਦਮਪੁਰ ਦੇ ਫੋਨ ਆਉਣ ’ਤੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ। ਰਜਤ ਸਹੋਤਾ ਦੇ ਪਿਤਾ ਸੁਖਪਾਲ ਸਹੋਤਾ ਨੇ ਦੱਸਿਆ ਕਿ ਅੱਜ ਸ਼ਾਮ ਰਜਤ ਅਤੇ ਰਮਨਦੀਪ ਦੇ ਫੋਨ ਆਏ, ਜਿਸ ਵਿਚ ਉਨ੍ਹਾਂ ਉਥੋਂ ਦੇ ਭਿਆਨਕ ਹਾਲਾਤ ਬਾਰੇ ਦੱਸਿਆ ਕਿ ਰੂਸੀ ਫ਼ੌਜ ਵਲੋਂ 150 ਦੇ ਕਰੀਬ ਭਾਰਤੀਆਂ ਨੂੰ ਬੰਧਕ ਬਣਾਇਆ ਹੋਇਆ ਹੈ ਤੇ ਸਾਰਿਆਂ ਦੇ ਫੋਨ ਵੀ ਆਪਣੇ ਕਬਜ਼ੇ ’ਚ ਰੱਖੇ ਸਨ। ਉਨ੍ਹਾਂ ਦੱਸਿਆ ਕਿ ਫ਼ੌਜ ਵੱਲੋਂ ਇਕ ਹਫ਼ਤੇ ਬਾਅਦ ਉਨ੍ਹਾਂ ਨੂੰ ਸਿਰਫ 5 ਮਿੰਟ ਲਈ ਫੋਨ ਦਿੱਤਾ ਗਿਆ ਹੈ ਤੇ ਕੋਲ ਹੀ ਖੜ੍ਹੇ ਹੋ ਕੇ ਗੱਲ ਸੁਣਦੇ ਹਨ। ਉਨ੍ਹਾਂ ਨੇ ਦੱਸਿਆ ਕਿ ਫ਼ੌਜੀ ਬਾਅਦ ’ਚ ਫੋਨ ਲੈ ਲੈਂਦੇ ਹਨ।
ਇਹ ਵੀ ਪੜ੍ਹੋ : ਭਾਰਤੀਆਂ ਦੀ ਮਦਦ ਲਈ ਪੋਲੈਂਡ ਪਹੁੰਚੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਦਿਆਰਥੀਆਂ ਤੋਂ ਜਾਣੇ ਯੂਕ੍ਰੇਨ ਦੇ ਹਾਲਾਤ
ਦੋਵਾਂ ਨੇ ਦੱਸਿਆ ਕਿ ਸਾਰੇ ਬੰਧਕ ਭਾਰਤੀਆਂ ਦੀ ਜਾਨ ਨੂੰ ਖ਼ਤਰਾ ਹੈ ਤੇ ਸਾਰੀ ਰਾਤ ਬਿਜਲੀ ਵੀ ਬੰਦ ਰੱਖਦੇ ਹਨ। ਉਨ੍ਹ ਨੇ ਦੱਸਿਆ ਕਿ ਜਿਸ ਥਾਂ ’ਤੇ ਉਨ੍ਹਾਂ ਨੂੰ ਬੰਧਕ ਬਣਾਇਆ ਹੈ, ਉਸ ਥਾਂ ਤੋਂ ਬੇਲਾਰੂਸ ਦਾ ਬਾਰਡਰ ਥੋੜ੍ਹੀ ਦੂਰ ਹੈ। ਅੱਜ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਰਜਤ ਸਹੋਤਾ ਅਤੇ ਰਮਨਦੀਪ ਦੇ ਘਰ ਗਏ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਟੀਨੂੰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਅਪੀਲ ਕਰਨਗੇ ਕਿ ਉਹ ਦੋਵੇਂ ਵਿਦਿਆਰਥੀਆਂ ਨੂੰ ਰੂਸੀ ਫ਼ੌਜ ਨਾਲ ਰਾਬਤਾ ਕਾਇਮ ਕਰ ਕੇ ਭਾਰਤ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਉਹ ਦੋਵਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ ਤੇ ਆਸ ਹੈ ਕਿ ਛੇਤੀ ਹੀ ਦੋਵੇਂ ਵਿਦਿਆਰਥੀ ਆਪਣੇ ਪਰਿਵਾਰ ’ਚ ਹੋਣਗੇ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ PM ਮੋਦੀ ਨੂੰ ਭਗਵੰਤ ਮਾਨ ਨੇ ਕੀਤੀ ਵੱਡੀ ਅਪੀਲ