ਕੇਂਦਰੀ ਮੰਤਰੀ ਨੱਢਾ ਵੱਲੋਂ ਅੰਮ੍ਰਿਤ ਫ਼ਾਰਮੇਸੀ ਦੀ ਸ਼ੁਰੂਆਤ

08/23/2017 7:42:59 AM

ਫਰੀਦਕੋਟ  (ਹਾਲੀ) - ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਫ਼ਾਰਮੇਸੀ ਦਾ ਉਦਘਾਟਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਕੇਂਦਰੀ ਮੰਤਰੀ ਜੇ. ਪੀ. ਨੱਢਾ ਨੇ ਆਨ-ਲਾਈਨ ਕੀਤਾ। ਇਹ ਪ੍ਰਾਜੈਕਟ ਮਨਿਸਟਰੀ ਆਫ਼ ਹੈਲਥ ਐਂਡ ਫ਼ੈਮਲੀ ਵੈੱਲਫੇਅਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।  ਉਦਘਾਟਨੀ ਸਮਾਗਮ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐੱਸ. ਪੀ. ਸਿੰਘ ਦੀ ਅਗਵਾਈ 'ਚ ਹੋਇਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਦੀਪਕ ਜੇ. ਭੱਟੀ, ਮੈਡੀਕਲ ਸੁਪਰਡੈਂਟ ਡਾ. ਰਾਜੀਵ ਜੋਸ਼ੀ, ਡਿਪਟੀ ਮੈਡੀਕਲ ਸੁਪਰਡੈਂਟ ਆਰ. ਐੱਨ. ਬਾਂਸਲ ਤੇ ਡਾ. ਪੁਨੀਤ ਗੰਭੀਰ ਸਕੱਤਰ ਮੈਡੀਕਲ ਐਜੂਕੇਸ਼ਨ ਪੰਜਾਬ ਦੀ ਮੌਜੂਦਗੀ ਵਿਚ ਉਦਘਾਟਨ ਹੋਇਆ।
ਇਸ ਸਮੇਂ ਡਾ. ਐੱਸ. ਪੀ. ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਅੰਮ੍ਰਿਤ ਫ਼ਾਰਮੇਸੀ ਦਾ ਇਹ ਪਹਿਲਾ ਉਦਘਾਟਨ ਹੈ ਅਤੇ ਇਸ ਦੇ ਨਾਲ ਹੀ ਪੂਰੇ ਦੇਸ਼ ਅੰਦਰ ਅੰਮ੍ਰਿਤ ਫ਼ਾਰਮੇਸੀ ਸੈਂਟਰਾਂ ਦੀ ਗਿਣਤੀ ਕਰੀਬ 100 ਹੋ ਗਈ ਹੈ। ਇਸ ਫ਼ਾਰਮੇਸੀ ਸੈਂਟਰ ਰਾਹੀਂ ਆਮ ਮਰੀਜ਼ ਨੂੰ ਦਵਾਈ ਸਸਤੀ ਦਰ 'ਤੇ ਮੁਹੱਈਆ ਕਰਵਾਈ ਜਾਵੇਗੀ, ਜਿਨ੍ਹਾਂ ਵਿਚ ਕੈਂਸਰ, ਦਿਲ ਤੇ ਸਰਜੀਕਲ 'ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਤੋਂ ਇਲਾਵਾ ਲੈਂਜ, ਬਣਾਉਟੀ ਗੋਡੇ ਤੇ ਇੰਨ ਪਲਾਂਟ ਸ਼ਾਮਿਲ ਹਨ। ਉਨ੍ਹਾਂ ਦੱਸਿਆ ਅੰਮ੍ਰਿਤ ਫ਼ਾਰਮੇਸੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਭਾਰਤ ਸਰਕਾਰ ਦਾ ਅਦਾਰਾ ਹੈ।
ਉਨ੍ਹਾਂ ਇਸ ਉਪਰਾਲੇ ਦਾ ਸਿਹਰਾ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਇਹ ਤੋਹਫ਼ਾ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਨੂੰ ਮਿਲਿਆ ਹੈ।


Related News