‘ਇੰਡੀਆ’ ਗੱਠਜੋੜ ‘ਭ੍ਰਿਸ਼ਟ’ ਲੋਕਾਂ ਦਾ ਕੁਨਬਾ : ਨੱਢਾ
Thursday, May 02, 2024 - 07:39 PM (IST)
ਅਰਰੀਆ (ਬਿਹਾਰ), (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਸ ਨੂੰ ‘ਭ੍ਰਿਸ਼ਟ’ ਲੋਕਾਂ ਅਤੇ ਰੀਜਨੀਤੀ ’ਚ ਪਰਿਵਾਰਵਾਦ ਨੂੰ ਉਤਸ਼ਾਹ ਦੇਣ ਵਾਲਿਆਂ ਦਾ ਕੁਨਬਾ ਦੱਸਿਆ। ਨੱਢਾ ਨੇ ਅਰਰੀਆ ’ਚ ਭਾਜਪਾ ਉਮੀਦਵਾਰ ਪ੍ਰਦੀਪ ਕੁਮਾਰ ਸਿੰਘ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਗੱਠਜੋੜ ਭ੍ਰਿਸ਼ਟ ਲੋਕਾਂ ਦੀ ‘ਰੱਖਿਆ’ ਕਰ ਰਿਹਾ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ’ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਵਿਰੋਧੀ ਗੱਠਜੋੜ ‘ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਨੱਢਾ ਨੇ ਕਿਹਾ, ‘‘ਮੈਂ ਜੇ. ਪੀ. ਅੰਦੋਲਨ ਦੇ ਸਮੇਂ ਦੇ ਲਾਲੂ ਪ੍ਰਸਾਦ ਨੂੰ ਵੀ ਦੇਖਿਆ ਹੈ, ਜੋ ਹੁਣ ਰਾਹੁਲ ਗਾਂਧੀ (ਕਾਂਗਰਸ ਨੇਤਾ) ਨੂੰ ਮਟਨ ਬਣਾਉਣਾ ਸਿਖਾ ਰਹੇ ਹਨ। ਇਹ ਕਿਹੋ ਜਿਹੀ ਜੁਗਲਬੰਦੀ ਚੱਲ ਰਹੀ ਹੈ? ਜਿਸ ਲਾਲੂ ਪ੍ਰਸਾਦ ਨੇ ਜੈਪ੍ਰਕਾਸ਼ ਨਰਾਇਣ (ਜੇ. ਪੀ.) ਅੰਦੋਲਨ ਦੇ ਸਮੇਂ ਪਰਿਵਾਰਵਾਦ ਤੇ ਭਾਈ-ਭਤੀਜਾਵਾਦ ਵਿਰੁੱਧ ਆਵਾਜ਼ ਉਠਾਈ ਸੀ, ਅੱਜ ਉਹੀ ਉਨ੍ਹਾਂ ਕਾਂਗਰਸੀਆਂ ਨਾਲ ਹੱਥ ਮਿਲਾ ਕੇ ਖੜ੍ਹੇ ਹੋ ਗਏ, ਜਿਨ੍ਹਾਂ ਦੇ ਖਿਲਾਫ ਐਮਰਜੈਂਸੀ ਦੌਰਾਨ ਤੁਸੀਂ ਲੜਾਈ ਲੜੀ ਸੀ।’’