ਫਗਵਾੜਾ ''ਚ ਪਰਤੀ ਰੌਣਕ, ਹਾਲਾਤ ਹੋਏ ਆਮ, ਦੁਕਾਨਾਂ ਖੁੱਲ੍ਹੀਆਂ

04/30/2018 6:34:42 PM

ਫਗਵਾੜਾ (ਜਲੋਟਾ)— ਫਗਵਾੜਾ 'ਚ ਬੀਤੇ ਦਿਨਾਂ ਤੋਂ ਜਨਰਲ ਭਾਈਚਾਰੇ ਅਤੇ ਦਲਿਤ ਭਾਈਚਾਰੇ 'ਚ ਚੱਲਿਆ ਆ ਰਿਹਾ ਵਿਵਾਦ ਹੁਣ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਇਥੇ ਹਾਲਾਤ ਹੁਣ ਆਮ ਹੋ ਗਏ ਹਨ ਅਤੇ ਫਗਵਾੜਾ 'ਚ ਅੱਜ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹਨ ਅਤੇ ਅਦਾਰੇ ਵੀ ਸਾਰੇ ਖੁੱਲ੍ਹੇ ਹਨ। ਇਸ ਦੇ ਨਾਲ ਹੀ ਬੰਦ ਪਏ ਰਸਤੇ ਵੀ ਖੋਲ੍ਹ ਦਿੱਤੇ ਗਏ ਹਨ, ਇਸ ਦੇ ਬਾਵਜੂਦ ਉਂਝ ਇਥੇ ਅਜੇ ਵੀ ਵੱਡੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਹੈ, ਜੋਕਿ ਇਥੇ ਹਰ ਸਥਿਤੀ 'ਤੇ ਪਲ-ਪਲ ਨਜ਼ਰ ਰੱਖ ਰਹੀ ਹੈ ਅਤੇ ਜਾਇਜ਼ਾ ਲੈ ਰਹੀ ਹੈ। ਅੱਜ ਫਗਵਾੜਾ 'ਚ ਆਮ ਦਿਨਾਂ ਵਾਂਗ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹਨ ਅਤੇ ਬੰਦ ਪਏ ਰਸਤੇ ਵੀ ਖੋਲ੍ਹ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਫਗਵਾੜਾ 'ਚ ਸਥਿਤ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ ਦੋ ਧਿਰਾਂ 'ਚ ਚੱਲੇ ਵਿਵਾਦ ਦੌਰਾਨ ਭੜਕੀ ਹਿੰਸਾ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਯਸ਼ਵੰਤ ਉਰਫ ਬੌਬੀ ਦੀ ਸ਼ਨੀਵਾਰ ਡੀ. ਐੱਮ. ਸੀ. 'ਚ ਮੌਤ ਹੋ ਗਈ ਸੀ। ਬੀਤੇ ਦਿਨ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਥੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਦੇ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।


Related News