ਲੋਕ ਆਮ ਆਦਮੀ ਪਾਰਟੀ ਦੇ ਨਾਲ , ਪਵਨ ਟੀਨੂੰ ਭਾਰੀ ਬਹੁਮਤ ਨਾਲ ਜਿੱਤਣਗੇ : ਮਹਿੰਦਰ ਭਗਤ
Friday, May 03, 2024 - 05:55 PM (IST)
ਜਲੰਧਰ (ਵਿਸ਼ੇਸ਼) : ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਸਮੇਂ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਜੇਕਰ ਜਲੰਧਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਮੁਕਾਬਲਾ ਬੜਾ ਦਿਲਚਸਪ ਬਣਿਆ ਹੋਇਆ ਹੈ ਕਿਉਂਕਿ ਸਭ ਤੋਂ ਜ਼ਿਆਦਾ ਦਲ-ਬਦਲੀ ਜਲੰਧਰ ਵਿਚ ਹੋਈ ਹੈ। ਇਸ ਸਮੇਂ ਕਿਹੜੀ ਪਾਰਟੀ ਅੱਗੇ ਹੈ ਜਾਂ ਸਿਆਸੀ ਸਮੀਕਰਨ ਕੀ ਕਹਿੰਦੇ ਹਨ? ਇਸ ਸਬੰਧੀ ਬੀਤੇ ਸਾਲ ਜਲੰਧਰ ਲੋਕ ਸਭਾ ਦੀ ਸੀਟ ਸਬੰਧੀ ਹੋਈ ਜ਼ਿਮਨੀ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਆਏ ਮਹਿੰਦਰ ਭਗਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲੰਧਰ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ 5 ਸਿਆਸੀ ਪਾਰਟੀਆਂ ਵੱਖ-ਵੱਖ ਚੋਣ ਲੜ ਰਹੀਆਂ ਹਨ ਅਤੇ ਚੋਣਾਂ ਬਹੁਤ ਹੀ ਦਿਲਚਸਪ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਮਿਲ ਕੇ ਚੋਣਾਂ ਲੜਦੇ ਸਨ ਤਾਂ ਉਨ੍ਹਾਂ ਦਾ ਇਸ ਸੀਟ ’ਤੇ ਵੱਡਾ ਆਧਾਰ ਹੁੰਦਾ ਸੀ। ਦੋਵਾਂ ਪਾਰਟੀਆਂ ਦੇ ਵੱਖ-ਵੱਖ ਚੋਣ ਲੜਨ ਕਾਰਨ ਪਹਿਲਾਂ ਵਾਲੀ ਮਜ਼ਬੂਤੀ ਹੁਣ ਨਹੀਂ ਰਹੀ ਅਤੇ ਵੋਟ ਬੈਂਕ ਵੀ ਵੰਡਿਆ ਜਾ ਚੁੱਕਾ ਹੈ। ਕਾਂਗਰਸ ਜਿਸ ਤਰ੍ਹਾਂ ਪਹਿਲਾਂ ਚੋਣ ਲੜਦੀ ਸੀ, ਇਸ ਵਾਰ ਵੀ ਇਕੱਲੀ ਚੋਣ ਲੜ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ, ਜਿਸ ਦੀ 2022 ’ਚ ਪਹਿਲੀ ਵਾਰ ਸੂਬੇ ਵਿਚ ਸਰਕਾਰ ਆਈ ਸੀ। ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਇਕ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਲੋਕਤੰਤਰ ’ਚ ਲੋਕਾਂ ਕੋਲ ਤਾਕਤ ਹੁੰਦੀ ਹੈ ਕਿ ਉਹ ਜਿਸ ਪਾਰਟੀ ਨੂੰ ਚਾਹੁਣ, ਉਸਨੂੰ ਸੱਤਾ ਦਿਵਾ ਸਕਦੇ ਹਨ ਅਤੇ ਲੋਕਾਂ ਨੇ 92 ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾ ਕੇ ਪੰਜਾਬ ਦੀ ਸੱਤਾ ਵਿਚ ਬਹੁਤ ਵੱਡਾ ਬਦਲਾਅ ਲਿਆਂਦਾ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਪੱਖ ਵਿਚ ਹੈ ਅਤੇ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਭਾਰੀ ਬਹੁਮਤ ਨਾਲ ਲੋਕ ਸਭਾ ਚੋਣ ਜਿੱਤਣਗੇ।
ਇਹ ਖ਼ਬਰ ਵੀ ਪੜ੍ਹੋ : 5 ਸਾਲਾਂ ’ਚ ਖਾਣਾ 71 ਫੀਸਦੀ ਹੋਇਆ ਮਹਿੰਗਾ, ਸੈਲਰੀ ਵਧੀ ਸਿਰਫ਼ 37 ਫੀਸਦੀ
‘ਆਪ’ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਨੂੰ ਦੇ ਰਹੀ ਸਹੂਲਤਾਂ
ਆਮ ਆਦਮੀ ਪਾਰਟੀ ਨੇ ਅਜਿਹੇ ਕਿਹੜੇ-ਕਿਹੜੇ ਕੰਮ ਕਰਵਾਏ ਹਨ, ਜਿਸ ਤੋਂ ਤੁਹਾਨੂੰ ਲੱਗਦਾ ਹੈ ਕਿ ਲੋਕ ‘ਆਪ’ ਦੇ ਨਾਲ ਹਨ, ਇਸ ਸਵਾਲ ’ਤੇ ਮਹਿੰਦਰ ਭਗਤ ਨੇ ਕਿਹਾ ਕਿ ਸਮਾਜ ਦੇ ਇਕ ਵੱਡੇ ਵਰਗ ਕੋਲ ਨਾ ਤਾਂ ਕੋਈ ਬਹੁਤ ਵੱਡੀ ਪੂੰਜੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਕੋਈ ਸਾਧਨ ਹਨ। ਉਹ ਸਿਰਫ਼ ਕਮਾਉਣ ਅਤੇ ਖਾਣ ਤਕ ਸੀਮਤ ਹਨ। ਜਿਹੜੀ ਪਾਰਟੀ ਇਨ੍ਹਾਂ ਲੋਕਾਂ ਦਾ ਧਿਆਨ ਰੱਖਦੀ ਹੈ, ਲੋਕ ਉਸ ਪਾਰਟੀ ਦੇ ਪੱਖ ਵਿਚ ਹੁੰਦੇ ਹਨ। ਆਮ ਆਦਮੀ ਪਾਰਟੀ ਨੇ ਇਸ ਤਬਕੇ ਦਾ ਧਿਆਨ ਰੱਖਿਆ ਅਤੇ ਇਨ੍ਹਾਂ ਦੀ ਭਲਾਈ ਲਈ ਯੋਜਨਾਵਾਂ ਲਾਗੂ ਕੀਤੀਆਂ। ਬਿਜਲੀ ਨੂੰ ਹੀ ਲੈ ਲਓ। ਪਹਿਲਾਂ ਲੋਕਾਂ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਇਸ ਵਾਰ ਬਿਜਲੀ ਦਾ ਬਿੱਲ ਪਤਾ ਨਹੀਂ ਕਿੰਨਾ ਆਵੇਗਾ ਪਰ ਅੱਜ ਸੂਬੇ ਵਿਚ 90 ਫੀਸਦੀ ਤਕ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਜਿਹੜਾ ਪੈਸਾ ਲੋਕ ਬਿਜਲੀ ਦੇ ਬਿੱਲ ਭਰਨ ਵਿਚ ਅਦਾ ਕਰਦੇ ਸਨ, ਉਹੀ ਪੈਸਾ ਅੱਜ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਅਤੇ ਹੋਰ ਜ਼ਰੂਰੀ ਥਾਵਾਂ ’ਤੇ ਖਰਚ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਸਹੂਲਤ ਲੋਕਾਂ ਨੂੰ ਬਿਨਾਂ ਜਾਤੀ ਭੇਦਭਾਵ ਦੇ ਦਿੱਤੀ ਗਈ ਹੈ। ਗਰੀਬ, ਗਰੀਬ ਹੈ, ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸਬੰਧਤ ਹੋਵੇ। ਇਸ ਲਈ ਆਮ ਆਦਮੀ ਪਾਰਟੀ ਨੇ ਇਹ ਸਹੂਲਤ ਹਰੇਕ ਵਰਗ ਦਿੱਤੀ ਹੈ। ਇਸ ਕਾਰਨ ਸੂਬੇ ਦੀ ਜਨਤਾ ਬਹੁਤ ਖੁਸ਼ ਹੈ।
ਨਸ਼ਾ ਵਿਕ ਰਿਹਾ ਹੈ ਤਾਂ ਰੋਕਣਾ ਜਨ-ਪ੍ਰਤੀਨਿਧੀ ਦੀ ਜ਼ਿੰਮੇਵਾਰੀ
ਲੋਕ ਕਹਿੰਦੇ ਹਨ ਕਿ ਵੈਸਟ ਹਲਕੇ ਵਿਚ ਦਡ਼ਾ-ਸੱਟਾ ਜ਼ੋਰਾ ’ਤੇ ਚੱਲਦਾ ਹੈ, ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਇਸ ’ਤੇ ਅੱਜ ਤਕ ਕਾਬੂ ਕਿਉਂ ਨਹੀਂ ਪਾਇਆ ਗਿਆ। ਇਸ ’ਤੇ ਮਹਿੰਦਰ ਭਗਤ ਨੇ ਕਿਹਾ ਕਿ ਜਨਤਾ ਵੱਲੋਂ ਚੁਣੇ ਹੋਏ ਪ੍ਰਤੀਨਿਧੀ ਭਾਵੇਂ ਉਹ ਕੌਂਸਲਰ ਹੋਣ, ਵਿਧਾਇਕ ਜਾਂ ਫਿਰ ਐੱਮ. ਪੀ. ਹੋਣ, ਇਹ ਉਨ੍ਹਾਂ ਸੋਚਣਾ ਹੁੰਦਾ ਹੈ ਕਿ ਉਨ੍ਹਾਂ ਦੇ ਹਲਕੇ ਵਿਚ ਜਾਂ ਇਲਾਕੇ ਵਿਚ ਅਜਿਹੇ ਕੰਮ ਨਾ ਹੋਣ। ਪੁਲਸ ਪ੍ਰਸ਼ਾਸਨ ਨਾਲ ਮਿਲ ਕੇ ਨਸ਼ਾ ਜਾਂ ਹੋਰ ਦੂਜੇ ਗਲਤ ਕੰਮਾਂ ਨੂੰ ਰੋਕਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਆਪਣੇ ਹਲਕੇ ਨੂੰ ਸਾਫ-ਸੁਥਰਾ ਅਤੇ ਸਵੱਛ ਰੱਖਣਾ ਇਹ ਉਨ੍ਹਾਂ ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਅਜਿਹੀ ਕੋਈ ਗੱਲ ਹੈ ਇਸ ਦਾ ਮਤਲਬ ਹੈ ਕਿ ਜਨ-ਪ੍ਰਤੀਨਿਧੀ ’ਚ ਕੋਈ ਨਾ ਕੋਈ ਕਮੀ ਹੁੰਦੀ ਹੈ। ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਕਮੀ ਹੈ ਤਾਂ ਭਗਤ ਨੇ ਕਿਹਾ ਕਿ ਮੈਨੂੰ ਇਹ ਕਹਿਣ ਤੋਂ ਗੁਰੇਜ਼ ਨਹੀਂ ਹੈ ਕਿ ਜਦੋਂ ਮੇਰੇ ਪਿਤਾ ਭਗਤ ਚੂਨੀ ਲਾਲ ਨੇ 4 ਵਾਰ ਵਿਧਾਨ ਸਭਾ ਦੀ ਚੋਣ ਲੜੀ ਅਤੇ 3 ਵਾਰ ਐੱਮ. ਐੱਲ. ਏ. ਚੁਣੇ ਗਏ, ਉਦੋਂ ਇੰਨਾ ਨਸ਼ਾ ਨਹੀਂ ਹੁੰਦਾ ਸੀ ਅਤੇ ਨਾ ਹੀ ਬੁਰੇ ਕੰਮ ਹੁੰਦੇ ਸਨ। ਪੁਲਸ ਪ੍ਰਸ਼ਾਸਨ ਨੂੰ ਇਹ ਹਦਾਇਤ ਹੁੰਦੀ ਸੀ ਕਿ ਉਨ੍ਹਾਂ ਦੇ ਹਲਕੇ ਵਿਚ ਬੁਰੇ ਕੰਮ ਨਹੀਂ ਹੋਣਗੇ ਅਤੇ ਪੁਲਸ ਨਹੀਂ ਹੋਣ ਦਿੰਦੀ ਸੀ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖ਼ਰਚਾ ਨਿਗਰਾਨ ਨਿਯੁਕਤ
ਪਵਨ ਟੀਨੂੰ ਗਰੀਬਾਂ ਦੇ ਆਗੂ ਹਨ ਅਤੇ ਹਰ ਕਿਸੇ ਦੇ ਨਾਲ ਚੱਲਦੇ ਹਨ
ਮੌਜੂਦਾ ਸਮੇਂ ਜੋ ਸਿਆਸੀ ਅਦਲਾ-ਬਦਲੀ ਹੋਈ ਹੈ, ਇਸਨੂੰ ਲੋਕ ਕਿਵੇਂ ਦੇਖਦੇ ਹਨ ਤਾਂ ਭਗਤ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਦੋਂ ਤਕ ਕੋਈ ਬਹੁਤ ਵੱਡਾ ਕਾਰਨ ਨਾ ਹੋਵੇ, ਪਾਰਟੀਆਂ ਬਦਲਣਾ ਠੀਕ ਨਹੀਂ ਹੈ। ਤੁਸੀਂ ਕਿਸੇ ਪਾਰਟੀ ਵਿਚ 5-10 ਸਾਲ ਰਹਿੰਦੇ ਹੋ ਅਤੇ ਸੋਚਦੇ ਹੋ ਕਿ ਜੋ ਤੁਸੀਂ ਚਾਹੁੰਦੇ ਹੋ, ਉਸ ਤਰ੍ਹਾਂ ਨਹੀਂ ਹੋ ਰਿਹਾ ਤਾਂ ਤੁਸੀਂ ਕੋਈ ਚੇਂਜ ਕਰਦੇ ਹੋ ਤਾਂ ਵਧੀਆ ਲੱਗਦਾ ਹੈ। ਜੇਕਰ ਤੁਸੀਂ ਬਿਨਾਂ ਕਿਸੇ ਗੱਲ ਤੋਂ ਦਲ-ਬਦਲੀ ਕਰਦੇ ਹੋ ਤਾਂ ਲੋਕਾਂ ਨੂੰ ਵੀ ਵਧੀਆ ਨਹੀਂ ਲੱਗਦਾ ਅਤੇ ਲੋਕਾਂ ਦਾ ਭਰੋਸਾ ਘਟਦਾ ਹੈ। ਪਵਨ ਕੁਮਾਰ ਟੀਨੂੰ ਦੇ ਆਮ ਆਦਮੀ ਪਾਰਟੀ ’ਚ ਆਉਣ ਨਾਲ ਤੁਹਾਨੂੰ ਕੀ ਲੱਗਦਾ ਹੈ? ਇਸ ’ਤੇ ਮਹਿੰਦਰ ਭਗਤ ਨੇ ਕਿਹਾ ਕਿ ਪਵਨ ਕੁਮਾਰ ਟੀਨੂੰ ਨੇ 17 ਸਾਲ ਤਕ ਲੋਕਾਂ ਦੀ ਸੇਵਾ ਕੀਤੀ ਹੈ। ਉਹ ਸੋਚਦੇ ਹਨ ਕਿ ਆਮ ਆਦਮੀ ਪਾਰਟੀ ਗਰੀਬਾਂ ਦੀ ਪਾਰਟੀ ਹੈ ਜਾਂ ਇਹ ਕਹਿ ਲਓ ਕਿ ਬਹੁਮਤ ਵਿਚ ਲੋਕ ਆਮ ਆਦਮੀ ਪਾਰਟੀ ਨੂੰ ਵਧੀਆ ਮੰਨਦੇ ਹਨ ਅਤੇ ਪਾਰਟੀ ਦੇ ਹੱਕ ਵਿਚ ਹਨ। ਇਸ ਲਈ ਪਵਨ ਕੁਮਾਰ ਟੀਨੂੰ ਨੇ ਆਮ ਆਦਮੀ ਪਾਰਟੀ ਵਿਚ ਆਉਣਾ ਠੀਕ ਸਮਝਿਆ। ਪਵਨ ਕੁਮਾਰ ਟੀਨੂੰ ਨੇ ਲੰਮਾ ਸੰਘਰਸ਼ ਕੀਤਾ ਹੈ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਿਕ ਉਹ ਗਰੀਬਾਂ ਦੇ ਆਗੂ ਹਨ ਅਤੇ ਉਨ੍ਹਾਂ ਹਮੇਸ਼ਾ ਗਰੀਬਾਂ ਤੇ ਦਲਿਤਾਂ ਦੀ ਮਦਦ ਕੀਤੀ ਹੈ। ਆਮ ਆਦਮੀ ਪਾਰਟੀ ਵਿਚ ਆ ਕੇ ਉਹ ਭਾਰੀ ਬਹੁਮਤ ਨਾਲ ਚੋਣ ਜਿੱਤਣਗੇ।
ਬਿਨਾਂ ਕਿਸੇ ਵਜ੍ਹਾ ਦੇ ਪਾਰਟੀ ਬਦਲਣਾ ਸਹੀ ਗੱਲ ਨਹੀਂ
ਭਗਤ ਜੀ ਤੁਸੀਂ 2022 ਵਿਚ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਚੋਣ ਲੜੀ, ਸੁਸ਼ੀਲ ਰਿੰਕੂ ਨੇ ਕਾਂਗਰਸ ਅਤੇ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ। ਅੱਜ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਭਾਜਪਾ ਵਿਚ ਚਲੇ ਗਏ ਹਨ ਅਤੇ ਤੁਸੀਂ ਆਮ ਆਦਮੀ ਪਾਰਟੀ ਵਿਚ ਹੋ। ਅੱਜ ਦੀ ਤਰੀਕ ਵਿਚ ਸਿਆਸੀ ਸੀਨਾਰੀਓ ਕੀ ਹੈ? ਲੋਕ ਕੀ ਸੋਚਦੇ ਹਨ? ਇਸ ’ਤੇ ਮਹਿੰਦਰ ਭਗਤ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਵਿਚ ਲੱਗਭਗ 25 ਸਾਲ ਤਕ ਸੇਵਾ ਕੀਤੀ ਹੈ। ਪਾਰਟੀ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ ਅਤੇ ਆਦਮੀ ਦਾ ਇਕ ਆਪਣਾ ਫੈਸਲਾ ਵੀ ਹੁੰਦਾ ਹੈ। ਪਾਰਟੀ ਬਾਰੇ ਕੁਝ ਲੋਕ ਗਲਤ ਕੰਮ ਕਰ ਰਹੇ ਸਨ। ਪਾਰਟੀ ਪੱਧਰ ’ਤੇ ਗੱਲ ਵੀ ਕੀਤੀ ਪਰ ਜਦੋਂ ਕੁਝ ਨਹੀਂ ਹੋਇਆ ਤਾਂ ਮੈਂ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ। ਜਿਸ ਘਰ ਵਿਚ ਲੜਾਈ ਹੋਵੇ ਅਤੇ ਸੁਣਵਾਈ ਨਾ ਹੋਵੇ ਤਾਂ ਅਜਿਹੇ ਹਾਲਾਤ ਵਿਚ ਮੈਂ ਆਮ ਆਦਮੀ ਪਾਰਟੀ ਵਿਚ ਜਾਣਾ ਬਿਹਤਰ ਸਮਝਿਆ। ਆਮ ਆਦਮੀ ਪਾਰਟੀ ਆਮ ਲੋਕਾਂ ਅਤੇ ਦਲਿਤਾਂ ਬਾਰੇ ਸੋਚਣ ਵਾਲੀ ਪਾਰਟੀ ਹੈ, ਇਸੇ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਬਣਾ ਕੇ ਵਿਧਾਨ ਸਭਾ ਵਿਚ ਭੇਜੇ। ਇਸ ਦਾ ਮਤਲਬ ਹੈ ਕਿ ਜਨਤਾ ਪਾਰਟੀ ਦੇ ਨਾਲ ਚੱਲ ਪਈ ਹੈ। ਤੁਸੀਂ ਵੀ ਲੋਕਾਂ ਵੱਲ ਆਮ ਆਦਮੀ ਪਾਰਟੀ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ।
ਪਾਰਟੀ ਜੋ ਫੈਸਲਾ ਲਵੇਗੀ, ਉਸਨੂੰ ਬਿਹਤਰ ਢੰਗ ਨਾਲ ਨਿਭਾਵਾਂਗਾ
ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਵੈਸਟ ਹਲਕੇ ਵਿਚ ਜ਼ਿਮਨੀ ਚੋਣ ਹੁੰਦੀ ਹੈ ਤਾਂ ਤੁਹਾਡੇ ਵੱਲੋਂ ਚੋਣ ਲਈ ਚਿਹਰਾ ਕੌਣ ਹੋਵੇਗਾ ਕਿਉਂਕਿ ਤੁਸੀਂ ਵੀ ਪਹਿਲਾਂ ਵੈਸਟ ਹਲਕੇ ਤੋਂ ਚੋਣ ਲੜੀ ਹੈ। ਇਸ ਸਬੰਧ ਿਵਚ ਕਿਸੇ ਨਾਲ ਕੋਈ ਗੱਲ ਹੋਈ? ਇਸ ’ਤੇ ਭਗਤ ਨੇ ਕਿਹਾ ਕਿ ਇਸ ਸਾਲ ਪਹਿਲਾਂ ਜਦੋਂ ਉਹ ਆਮ ਆਦਮੀ ਪਾਰਟੀ ਵਿਚ ਆਏ ਤਾਂ ਉਹ ਬਿਨਾਂ ਕਿਸੇ ਕੰਡੀਸ਼ਨ ਦੇ ਪਾਰਟੀ ਵਿਚ ਆਏ ਸਨ। ਪਾਰਟੀ ਵੱਲੋਂ ਇਕ ਸਾਲ ਤੋਂ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਮੌਜੂਦਾ ਸਮੇਂ ਪਾਰਟੀ ਨੇ ਮੈਨੂੰ ਵੈਸਟ ਹਲਕੇ ਦਾ ਇੰਚਾਰਜ ਲਾਇਆ ਹੈ। ਮੈਂ ਹਲਕੇ ਨੂੰ ਬਹੁਤ ਚੰਗੀ ਤਰ੍ਹਾਂ ਦੇਖ ਰਿਹਾ ਹਾਂ ਕਿਉਂਕਿ ਪਹਿਲਾਂ ਵੀ ਉਹ ਲੱਗਭਗ 25 ਸਾਲਾਂ ਤੋਂ ਇਸ ਇਲਾਕੇ ਨੂੰ ਦੇਖ ਰਹੇ ਹਨ। ਮੈਂ ਇਸ ਇਲਾਕੇ ਦੀ ਗਲੀ-ਗਲੀ ਅਤੇ ਹਰ ਵਿਅਕਤੀ ਨੂੰ ਜਾਣਦਾ ਹਾਂ। ਸਾਰਿਆਂ ਨਾਲ ਪਿਆਰ ਅਤੇ ਸਹਿਯੋਗ ਕੀਤਾ ਹੈ। ਪਹਿਲਾਂ ਵਾਂਗ ਲੋਕਾਂ ਨੂੰ ਮਿਲ ਰਿਹਾ ਹਾਂ। ਸ਼ੀਤਲ ਅੰਗੁਰਾਲ ਪਾਰਟੀ ਛੱਡ ਕੇ ਚਲੇ ਗਏ ਹਨ। ਪਾਰਟੀ ਨੇ ਮਹਿਸੂਸ ਕੀਤਾ ਹੈ ਕਿ ਮਹਿੰਦਰ ਭਗਤ ਇਸ ਹਲਕੇ ਲਈ ਠੀਕ ਹਨ ਅਤੇ ਪਾਰਟੀ ਨੇ ਮੈਨੂੰ ਹਲਕਾ ਇੰਚਾਰਜ ਬਣਾ ਕੇ ਜ਼ਿੰਮੇਵਾਰੀ ਸੌਂਪੀ ਹੈ। ਜਦੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਆਵੇਗੀ, ਪਾਰਟੀ ਜੋ ਵੀ ਫੈਸਲਾ ਲਵੇਗੀ, ਉਹ ਉਸ ਅਨੁਸਾਰ ਬਹੁਤ ਵਧੀਆ ਢੰਗ ਨਾਲ ਸੌਂਪੀ ਜ਼ਿੰਮੇਵਾਰੀ ਨਿਭਾਉਣਗੇ।
ਇਹ ਖ਼ਬਰ ਵੀ ਪੜ੍ਹੋ : ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਡਟੇ ਕਿਸਾਨਾਂ ਵੱਲੋਂ 7 ਮਈ ਤੋਂ ਹਰਿਆਣਾ ’ਚ ‘ਕਿਸਾਨ ਯਾਤਰਾ’ ਸ਼ੁਰੂ ਕਰਨ ਦਾ ਐਲਾਨ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8