ਗੋਲੀਆਂ ਦੀ ਆਵਾਜ਼ ਨਾਲ ਕੰਬਿਆ ਫਗਵਾੜਾ, ਕਈ ਵਾਹਨਾਂ ਦੀ ਹੋਈ ਭੰਨ-ਤੋੜ

04/14/2018 4:34:14 PM

ਫਗਵਾੜਾ (ਜਲੋਟਾ, ਹਰਜੋਤ)- ਇਥੋਂ ਦੇ ਗੋਲ ਚੌਕ 'ਚ ਦਲਿਤ ਜਥੇਬੰਦੀਆਂ ਵੱਲੋਂ ਡਾ. ਅੰਬੇਡਕਰ ਦੀ ਫੋਟੋ ਵਾਲਾ ਬੋਰਡ ਲਗਾ ਕੇ ਇਸ ਦਾ ਨਾਮ ਸੰਵਿਧਾਨ ਚੌਕ ਰੱਖਣ ਦੇ ਮਾਮਲੇ 'ਤੇ ਹੋਏ ਪਥਰਾਓ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਜਦਕਿ 6 ਸਕੂਟਰ ਤੇ ਇਕ ਕਾਰ ਦੀ ਭੰਨ-ਤੋੜ ਕੀਤੀ ਗਈ। ਪੁਲਸ ਨੂੰ ਗੋਲੀ ਚਲਾ ਕੇ ਦੋਵਾਂ ਧਿਰਾ ਨੂੰ ਖਦੇੜਨਾ ਪਿਆ। ਇਕ ਤੋਂ ਬਾਅਦ ਇਕ ਕਰ ਕੇ ਚਲਾਈਆਂ ਗਈਆਂ ਗੋਲੀਆਂ ਦੀ ਆਵਾਜ਼ ਨਾਲ ਫਗਵਾੜਾ 'ਚ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ। ਖਬਰ ਲਿਖੇ ਜਾਣ ਤਕ ਦੋਨਾਂ ਪੱਖਾਂ 'ਚ ਹਿੰਸਾ ਜਾਰੀ ਸੀ।

PunjabKesari
ਪ੍ਰਾਪਤ ਜਾਣਕਾਰੀ ਮੁਤਾਬਕ ਦਲਿਤ ਜਥੇਬੰਦੀਆਂ ਵੱਲੋਂ ਬੋਰਡ ਲਗਾਉਣ ਮੌਕੇ ਸ਼ਿਵ ਸੈਨਾ ਸਮੇਤ ਕਈ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਪ੍ਰਸ਼ਾਸਨ ਅਧਿਕਾਰੀ ਏ. ਡੀ. ਸੀ. ਬਬੀਤਾ ਕਲੇਰ ਤੇ ਐੱਸ. ਡੀ. ਐੱਮ. ਜੋਤੀ ਬਾਲਾ ਮੌਕੇ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਸਰਕਾਰੀ ਮਨਜ਼ੂਰੀ ਨਹੀਂ। ਸ਼ਿਵ ਸੈਨਾ ਵੱਲੋਂ ਕੀਤੇ ਤਿੱਖੇ ਵਿਰੋਧ ਮੌਕੇ ਕੁਝ ਅਨਸਰਾਂ ਨੇ ਪਥਰਾਓ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਥਿਤੀ ਕਾਫ਼ੀ ਗੰਭੀਰ ਬਣ ਗਈ, ਜਿਸ ਕਾਰਨ ਸ਼ਿਵ ਸੈਨਾ ਨੂੰ ਹਵਾਈ ਫਾਇਰ ਵੀ ਕਰਨਾ ਪਿਆ, ਇਸ ਗੱਲ ਦੀ ਪੁਸ਼ਟੀ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਕੀਤੀ ਤੇ ਦੱਸਿਆ ਕਿ ਪੁਲਸ ਨੇ ਅਹਿਮ ਭੂਮਿਕਾ ਨਿਭਾ ਕੇ ਸਥਿਤੀ ਨੂੰ ਕਾਬੂ ਕੀਤਾ ਹੈ ਤੇ ਸਥਿਤੀ ਨੂੰ ਸੰਭਾਲਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ।

PunjabKesari
ਪੱਥਰਬਾਜ਼ੀ 'ਚ ਦੋਹਾਂ ਪੱਖਾਂ ਦੇ ਕਰੀਬ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਨੂੰ ਹਸਪਤਾਲ ਦਾਖਲ ਕਰ ਦਿੱਤਾ ਗਿਆ ਹੈ। ਜ਼ਖਮੀ ਨੌਜਵਾਨ ਜਿਸ ਦੀ ਪਛਾਣ ਕੁਲਵਿੰਦਰ ਪੁੱਤਰ ਜੀਤ ਰਾਮ ਵਾਸੀ ਪਿੰਡ ਭੁੱਲਾਰਾਈ ਦੇ ਰੂਪ 'ਚ ਹੋਈ ਹੈ, ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੇਰ ਰਾਤ ਤਿੰਨ ਲੋਕ ਬੌਬੀ ਪੁੱਤਰ ਲਾਡੀ ਵਾਸੀ ਬਾਂਸਾਂ ਵਾਲਾ ਬਾਜ਼ਾਰ ਫਗਵਾੜਾ, ਬਲਜਿੰਦਰ ਪੁੱਤਰ ਬੀਰਬਲ ਵਾਸੀ ਅਰਬਨ ਅਸਟੇਟ ਫਗਵਾੜਾ, ਜਸਵਿੰਦਰ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਮੇਹਟਾਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਇਕ ਨੌਜਵਾਨ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਪਥਰਬਾਜ਼ੀ ਦੌਰਾਨ ਫਗਵਾੜਾ ਪੁਲਸ ਦਾ ਇਕ ਥਾਣੇਦਾਰ ਅਮਰਜੀਤ ਸਿੰਘ ਵੀ ਜ਼ਖਮੀ ਹੋ ਗਿਆ।
ਐੱਸ. ਪੀ. ਪੀ. ਐੱਸ. ਭੰਡਾਲ ਨੇ ਪਥਰਬਾਜ਼ੀ ਦੌਰਾਨ ਅੱਧਾ ਦਰਜਨ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਵੱਲੋਂ ਹਵਾ 'ਚ ਫਾਇਰਿੰਗ ਨਹੀਂ ਕੀਤੀ ਗਈ ਹੈ। ਐੱਸ. ਪੀ. ਨੇ ਕਿਹਾ ਕਿ ਭੜਕੀ ਹਿੰਸਾ ਦੌਰਾਨ ਗੋਲ ਚੌਕ 'ਤੇ ਕਈ ਰੋਂਦ ਹਵਾਈ ਫਾਇਰਿੰਗ ਹੋਈ ਹੈ। ਫਾਇਰਿੰਗ ਕਿਸ ਪੱਖ ਵਲੋਂ ਹੋਈ ਹੈ ਅਤੇ ਕਿੰਨੇ ਰੋਂਦ ਫਾਇਰ ਹੋਏ ਹਨ, ਇਸਦੀ ਪੁਲਸ ਜਾਂਚ ਕਰ ਰਹੀ ਹੈ। ਖਬਰ ਲਿਖੇ ਜਾਣ ਤੱਕ ਸ਼ਹਿਰ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ ਹੈ।
ਦਲਿਤਾਂ ਦਾ ਤਰਕ: ਗੋਲ ਚੌਕ ਨੂੰ ਸੰਵਿਧਾਨ ਚੌਕ ਬਣਾਉਣ ਦੀ ਨਗਰ ਨਿਗਮ ਨੇ ਦਿੱਤੀ ਹੈ ਹਾਊਸ 'ਚ ਸਹਿਮਤੀ
ਦਲਿਤ ਸੰਗਠਨ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਰਾਸ਼ਟਰੀ ਪ੍ਰਧਾਨ ਹਰਭਜਨ ਸੁਮਨ ਅਤੇ ਹੋਰ ਨੇਤਾਵਾਂ ਦਾ ਤਰਕ ਹੈ ਕਿ ਉਨ੍ਹਾਂ ਕੋਲ ਨਗਰ ਨਿਗਮ ਵੱਲੋਂ ਬਾਕਾਇਦਾ ਹਾਊਸ ਦੀ ਬੈਠਕ ਵਿਚ ਮੇਅਰ ਵੱਲੋਂ ਪਾਸ ਕੀਤੀ ਗਈ ਉਕਤ ਚੌਕ ਨੂੰ ਸੰਵਿਧਾਨ ਚੌਕ ਬਣਾਉਣ ਦੀ ਪ੍ਰੋਸੀਡਿੰਗ ਵੀ ਮੌਜੂਦ ਹੈ।
ਅਜਿਹੇ 'ਚ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜਯੰਤੀ ਮੌਕੇ ਉਕਤ ਚੌਕ ਦਾ ਨਾਂ ਗੋਲ ਚੌਕ ਦੀ ਜਗ੍ਹਾ ਸੰਵਿਧਾਨ ਚੌਕ ਕਰਨ ਜਾ ਰਹੇ ਹਾਂ। ਉਥੇ ਹੀ ਦੂਸਰੇ ਪਾਸੇ ਜਨਰਲ ਵਰਗ ਦੇ ਲੋਕ ਇਸ ਚੌਕ ਦਾ ਨਾਂ ਗੋਲ ਚੌਕ ਹੀ ਰੱਖੇ ਜਾਣ ਦੇ ਪੱਖ ਵਿਚ ਹਨ ਅਤੇ ਇਸ ਨੂੰ ਸੰਵਿਧਾਨ ਚੌਕ ਦੇ ਤੌਰ 'ਤੇ ਸਾਫ ਕਰਨ ਤੋਂ ਸਾਫ ਮਨ੍ਹਾ ਕਰ ਰਹੇ ਹਨ। 


Related News