ਥਾਣੇ 'ਚ ਵਿਆਹੁਤਾ ਨੂੰ ਨਸ਼ਾ ਕਰਵਾਉਣ ਦੇ ਮਾਮਲੇ 'ਚ ਤਿੰਨ ਪੁਲਸ ਕਰਮਚਾਰੀ ਮੁਅੱਤਲ
Monday, Jul 09, 2018 - 10:48 PM (IST)
ਫਗਵਾੜਾ (ਹਰਜੋਤ, ਜਲੋਟਾ)— ਕੁਝ ਦਿਨ ਪਹਿਲਾਂ ਇਥੋਂ ਦੇ ਥਾਣੇ 'ਚ ਚਿੱਟਾ ਪੀ ਰਹੀ ਇਕ ਵਿਆਹੁਤਾ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਅੱਜ ਸੋਮਵਾਰ ਤਿੰਨ ਪੁਲਸ ਮੁਲਾਜ਼ਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮੁਅੱਤਲ ਕੀਤੇ ਗਏ ਕਰਮਚਾਰੀਆਂ 'ਚ ਏ.ਐੱਸ.ਆਈ. ਬਲਬੀਰ ਸਿੰਘ, ਹੈੱਡ ਕਾਂਸਟੇਬਲ ਹਰਦੀਪ ਸਿੰਘ, ਲੇਡੀ ਕਾਂਸਟੇਬਲ ਕੁਲਦੀਪ ਕੌਰ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਜਿਹੜੀ ਵਿਆਹੁਤਾ ਵੀਡੀਓ 'ਚ ਚਿੱਟਾ ਪੀ ਰਹੀ ਹੈ ਉਸ ਦੀ ਪਛਾਣ ਸੰਦੀਪ ਕੌਰ ਵਾਸੀ ਭੁੱਲਾਰਾਈ ਵਜੋਂ ਕੀਤੀ ਗਈ ਹੈ। ਐੱਸ.ਪੀ. ਭੰਡਾਲ ਨੇ ਦੱਸਿਆ ਕਿ ਉਕਤ ਔਰਤ ਨੂੰ ਤਿੰਨ ਗ੍ਰਾਮ ਹੈਰੋਇਨ ਸਣੇ 30 ਮਾਰਚ 2018 ਨੂੰ ਕਾਬੂ ਕੀਤਾ ਸੀ ਅਤੇ ਇਹ ਜ਼ਮਾਨਤ ਤੇ ਰਿਹਾਅ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਪਿੱਛਲੇ ਤਿੰਨ ਮਹੀਨੇ ਤੋਂ ਗਾਇਬ ਹੈ। ਉਨ੍ਹਾਂ ਦੱਸਿਆ ਕਿ ਉਕਤ ਪੁਲਸ ਮੁਲਾਜ਼ਮਾ ਨੂੰ ਥਾਣੇ 'ਚ ਬੈਠ ਕੇ ਨਸ਼ਾ ਕਰਵਾਉਣ ਤੇ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
