ਸਾਲ 2025 ਦਾ ਲੇਖਾ ਜੋਖਾ: ਯੁੱਧ ਨਸ਼ਿਆਂ ਵਿਰੁੱਧ ਤਹਿਤ ਕਪੂਰਥਲਾ ਪੁਲਸ ਨੇ ਤੋੜਿਆ ਨਸ਼ਾ ਸਮੱਗਲਰਾਂ ਦਾ ਲੱਕ
Thursday, Jan 01, 2026 - 01:36 PM (IST)
ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ)-ਕਪੂਰਥਲਾ ਪੁਲਸ ਨੂੰ ਸਾਲ 2025 ਦੌਰਾਨ ਨਸ਼ੇ ਦੀ ਸਪਲਾਈ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਤੋਂ ਇਲਾਵਾ ਸੰਗਠਿਤ ਅਪਰਾਧਾਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜਣ ਵਿਚ ਸ਼ਾਨਦਾਰ ਸਫ਼ਲਤਾ ਮਿਲੀ ਹੈ। ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਸਾਲ 2025 ਦੌਰਾਨ ਕਪੂਰਥਲਾ ਪੁਲਸ ਦੀ ਕਾਰਗੁਜ਼ਾਰੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2025 ਦੌਰਾਨ ਕਪੂਰਥਲਾ ਪੁਲਸ ਨਸ਼ਾ ਸਮੱਗਲਰਾਂ ਦਾ ਲੱਕ ਤੋੜਨ ਵਿਚ ਕਾਮਯਾਬ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਪੂਰਥਲਾ ਪੁਲਸ ਵੱਲੋਂ ਸਾਲ 2025 ਦੌਰਾਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 1125 ਐੱਨ. ਡੀ. ਪੀ. ਐੱਸ. ਕੇਸ ਦਰਜ ਕਰਕੇ 1424 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 14.845 ਕਿਲੋ ਹੈਰੋਇਨ, 463.599 ਕਿਲੋ ਭੁੱਕੀ, 12.983 ਕਿਲੋ ਅਫ਼ੀਮ, 2 ਕਿਲੋ ਗਾਂਜਾ, 0.065 ਕਿਲੋ ਆਈਸ, 1.407 ਕਿਲੋ ਨਸ਼ੀਲਾ ਪਾਊਡਰ, 516 ਭੁੱਕੀ ਦੇ ਹਰੇ ਪੌਦੇ, 72,086 ਨਸ਼ੀਲੀਆਂ ਗੋਲ਼ੀਆਂ/ਕੈਪਸੂਲ ਅਤੇ 7,84,540 ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੇ ਧੂਮਧਾਮ ਨਾਲ ਕੀਤਾ ਨਵੇਂ ਸਾਲ ਦਾ Grand Welcome, ਵੇਖੋ ਜਸ਼ਨ ਦੀਆਂ ਤਸਵੀਰਾਂ
ਉਨ੍ਹਾਂ ਕਿਹਾ ਕਿ ਨਸ਼ੇ ਦੀ ਸਪਲਾਈ ਤੋੜਨਾ ਅਤੇ ਨਸ਼ਾ ਪੀੜਤਾਂ ਦਾ ਮੁੜਵਸੇਬਾ ਪੁਲਸ ਦਾ ਸਭ ਤੋਂ ਵੱਡਾ ਟੀਚਾ ਸੀ, ਜਿਸ ਵਿਚ ਵੱਡੀ ਪੱਧਰ ’ਤੇ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਵਪਾਰਕ ਐੱਨ. ਡੀ. ਪੀ. ਐੱਸ. ਦੀ ਮਾਤਰਾ ਦੇ 36 ਕੇਸਾਂ ’ਚ 54 ਦੋਸ਼ੀ ਗ੍ਰਿਫ਼ਤਾਰ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਬਣਾਈਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਗਿਆ ਹੈ, ਜਿਸ ਤਹਿਤ 18.42 ਕਰੋੜ ਰੁਪਏ ਸੰਪਤੀ ਫ੍ਰੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਨਾਲ ਸਬੰਧਿਤ ਕੇਸਾਂ ਦੀ ਅਦਾਲਤਾਂ ਵਿਚ ਜ਼ੋਰਦਾਰ ਪੈਰਵਾਈ ਦੇ ਨਤੀਜੇ ਵਜੋਂ ਐੱਨ. ਡੀ. ਪੀ. ਐੱਸ. ਕੇਸਾਂ ਵਿਚ 92 ਫ਼ੀਸਦੀ ਸਜ਼ਾ ਦਰ ਹਾਸਲ ਕੀਤੀ ਗਈ। ਨਸ਼ਾ ਪੀੜਤਾਂ ਦੇ ਮੁੜਵਸੇਬੇ ਬਾਰੇ ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਵੱਲ ਕਦਮ ਚੁੱਕਦਿਆਂ 701 ਨਸ਼ਾ ਪੀੜਤਾਂ ਨੂੰ ਡੀ-ਐਡਿਕਸ਼ਨ ਸੈਂਟਰਾਂ ਅਤੇ 1833 ਨਸ਼ਾ ਪੀੜਤਾਂ ਨੂੰ ਓਟ ਸੈਂਟਰਾਂ ਨਾਲ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ 4 ਜਨਵਰੀ ਤੱਕ ਦਿੱਤੀ ਵੱਡੀ ਚਿਤਾਵਨੀ
17 ਕਤਲ ਕੇਸਾਂ ’ਚੋਂ 16 ਟ੍ਰੇਸ, 45 ਗ੍ਰਿਫ਼ਤਾਰੀਆਂ
ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਬਾਰੇ ਸੂਚਨਾ ਦੇਣ ਲਈ ਸ਼ੁਰੂ ਕੀਤੀਆਂ ਹੈੱਲਪਲਾਈਨਾਂ ਉੱਪਰ ਆਮ ਲੋਕਾਂ ਵੱਲੋਂ 1324 ਸੇਫ ਪੰਜਾਬ ਟਿਪਲਾਈਨਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦੇ ਆਧਾਰ ’ਤੇ 479 ਐੱਫ਼. ਆਈ. ਆਰਜ਼ ਦਰਜ ਕਰਕੇ 570 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਲੋਕਾਂ ਦਾ ਪੁਲਸ ਦੀ ਨਸ਼ੇ ਵਿਰੁੱਧ ਕਾਰਵਾਈ ਵਿਚ ਵਿਸ਼ਵਾਸ ਵਧਿਆ ਹੈ, ਜਿਸ ਕਰਕੇ ਲੋਕ ਨਸ਼ਾ ਸਮੱਗਲਰਾਂ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ ਲੱਗੇ ਹਨ। ਤੂਰਾ ਨੇ ਦੱਸਿਆ ਕਿ ਗੰਭੀਰ ਅਪਰਾਧਾਂ ਵਿਰੁੱਧ ਕਾਰਵਾਈ ਦੌਰਾਨ 17 ਕਤਲ ਕੇਸਾਂ ’ਚੋਂ 16 ਟ੍ਰੇਸ ਕਰਕੇ 45 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ 42 ਇਰਾਦਾ ਕਤਲ ਦੇ ਮਾਮਲਿਆਂ ਵਿਚ 62 ਗ੍ਰਿਫ਼ਤਾਰੀਆਂ, ਲੁੱਟ ਦੇ 24 ਮਾਮਲਿਆਂ ਵਿਚ 40 ਗ੍ਰਿਫ਼ਤਾਰੀਆਂ ਕਰਕੇ 18.89 ਲੱਖ ਰੁਪਏ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 1 ਬੈਂਕ ਦੀ ਲੁੱਟ ਕੇਸ ਦੇ ਮਾਮਲੇ ਵਿਚ 27.69 ਲੱਖ ਰੁਪਏ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਪੰਜਾਬ ਪੁਲਸ ‘ਚ ਵੱਡਾ ਫੇਰਬਦਲ! ਜਲੰਧਰ ਦੇ DCP ਨਰੇਸ਼ ਡੋਗਰਾ ਸਣੇ ਦੋ ਅਧਿਕਾਰੀਆਂ ਦੇ ਤਬਾਦਲੇ
ਸਾਈਬਰ ਅਪਰਾਧ ’ਚ ਹੋਈ ਵੱਡੀ ਬਰਾਮਦਗੀ
ਸਾਈਬਰ ਅਪਰਾਧ ਨੂੰ ਭਵਿੱਖ ਦੀ ਚੁਣੌਤੀ ਦੱਸਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਸਾਈਬਰ ਅਪਰਾਧ ਦੇ ਇਕ ਕੇਸ ਵਿਚ 42 ਦੋਸ਼ੀ ਗ੍ਰਿਫ਼ਤਾਰ ਕਰਕੇ 2 ਕਰੋੜ 15 ਲੱਖ ਰੁਪਏ ਨਕਦ, 40 ਲੈਪਟਾਪ, 68 ਮੋਬਾਈਲ ਫੋਨ ਸਮੇਤ ਵੱਡੀ ਬਰਾਮਦਗੀ ਕੀਤੀ ਗਈ। ਇਸ ਤੋਂ ਇਲਾਵਾ ਜਬਰਨ-ਵਸੂਲੀ/ਧਮਕੀ ਵਾਲੀਆਂ ਕਾਲਾਂ ਦੇ 19 ਕੇਸਾਂ ਵਿਚੋਂ 15 ਦਾ ਨਿਪਟਾਰਾ ਕੀਤਾ ਗਿਆ ਹੈ ਤੇ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤੇ ਗਏ ਗੰਭੀਰ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਤੂਰਾ ਨੇ ਦੱਸਿਆ ਕਿ ਆਰਮਜ਼ ਐਕਟ ਦੇ 21 ਕੇਸਾਂ ਵਿਚ 35 ਦੋਸ਼ੀਆਂ ਨੂੰ ਕਾਬੂ ਕਰਕੇ 38 ਪਿਸਤੌਲ, ਪੰਜ ਵਿਦੇਸ਼ੀ ਗਲੌਕ 9 ਐੱਮ. ਐੱਮ.), 6 ਰਿਵਾਲਵਰ, 4 ਦੇਸੀ ਕੱਟੇ, 1 ਗਨ ਅਤੇ 146 ਕਾਰਤੂਸ ਜ਼ਬਤ ਕੀਤੇ ਗਏ।
28 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਕੇ ਬਰਾਮਦ ਕੀਤੇ ਹਥਿਆਰ ਤੇ ਵਾਹਨ
ਗੈਂਗਸਟਰਾਂ ਵਿਰੁੱਧ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਤੂਰਾ ਨੇ ਦੱਸਿਆ ਕਿ ਸੰਗਠਿਤ ਅਪਰਾਧ ਨੂੰ ਨੱਥ ਪਾਉਣ ਲਈ ਵੱਡੀ ਕਾਰਾਈ ਕੀਤੀ ਗਈ। ਇਸ ਤਹਿਤ 28 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਗਏ। ਉਨ੍ਹਾਂ ਇਸ ਗੱਲ ’ਤੇ ਤਸੱਲੀ ਜਤਾਈ ਕਿ ਕਪੂਰਥਲਾ ਪੁਲਸ ਵੱਲੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਗਿਆ ਹੈ, ਜਿਸ ਤਹਿਤ 112 ਹੈਲਪਲਾਈਨ ਉੱਪਰ ਪ੍ਰਾਪਤ ਸ਼ਿਕਾਇਤ ਨੂੰ ਔਸਤਨ 11 ਮਿੰਟ ਦੇ ਵਿਚ-ਵਿਚ ਹੱਲ ਕੀਤਾ ਗਿਆ ਹੈ। ਸਾਲ਼ ਭਰ ਵਿਚ 6041 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ 4920 ਦਾ ਨਿਪਟਾਰਾ ਕੀਤਾ ਗਿਆ।ਵ ਆਵਾਜਾਈ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ 28094 ਚਲਾਨ ਕਰਕੇ 1,85 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤ 'ਚ ਮੌਤ, ਬਾਥਰਮ 'ਚੋਂ ਮਿਲੀ ਲਾਸ਼
ਨਾਜਾਇਜ਼ ਸ਼ਰਾਬ ਸਣੇ 143 ਮੁਲਜ਼ਮ ਕਾਬੂ
ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਵੀ 143 ਕੇਸ ਦਰਜ ਕਰਕੇ 143 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 20 ਲੱਖ ਮਿ. ਲੀ. ਨਾਜਾਇਜ਼ ਸ਼ਰਾਬ, 15145 ਕਿਲੋ ਲਾਹਣ ਬਰਾਮਦ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲੇ ਵਿਚ ਆਏ ਹੜ੍ਹਾਂ ਮੌਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ, ਰਾਹਤ ਸਮੱਗਰੀ ਪਹੁੰਚਾਉਣ ਵਿਚ ਵੀ ਕਪੂਰਥਲਾ ਪੁਲਸ ਵਲੋਂ ਸੇਵਾਵਾਂ ਨਿਭਾਈਆਂ ਗਈਆਂ।
ਨਸ਼ੇ ਦਾ ਮੁਕੰਮਲ ਸਫਾਇਆ ਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਸਾਲ 2026 ਦਾ ਹੋਵੇਗਾ ਟੀਚਾ : ਐੱਸ. ਐੱਸ. ਪੀ.
ਐੱਸ. ਐੱਸ. ਨੇ ਸਾਲ 2025 ਵਿਚ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੱਖ-ਵੱਖ ਮੌਕਿਆਂ ਉੱਪਰ ਨਿਭਾਈ ਗਈ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2026 ਦੌਰਾਨ ਨਸ਼ੇ ਦਾ ਮੁਕੰਮਲ ਸਫਾਇਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਪੀੜਤਾਂ ਦੇ ਮੁੜਵਸੇਬੇ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਨਾਲ-ਨਾਲ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋਰ ਅਸਰਦਾਰ ਢੰਗ ਨਾਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਐੱਸ. ਪੀ. ਗੁਰਪ੍ਰੀਤ ਸਿੰਘ, ਐੱਸ. ਪੀ. ਪ੍ਰਭਜੋਤ ਸਿੰਘ ਵਿਰਕ ਤੇ ਪੁਲਸ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਚੱਲੀਆਂ ਗੋਲ਼ੀਆਂ! ਪੁਲਸ ਨੇ ਕਰ 'ਤਾ ਐਨਕਾਊਂਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
