ਲੁਧਿਆਣਾ ’ਚ ਨਸ਼ਾ ਸਮੱਗਲਰ ਦੇ ਘਰ ’ਤੇ ਚੱਲਿਆ ਬੁਲਡੋਜ਼ਰ

Saturday, Dec 27, 2025 - 06:54 PM (IST)

ਲੁਧਿਆਣਾ ’ਚ ਨਸ਼ਾ ਸਮੱਗਲਰ ਦੇ ਘਰ ’ਤੇ ਚੱਲਿਆ ਬੁਲਡੋਜ਼ਰ

ਲੁਧਿਆਣਾ (ਰਾਮ)- ਥਾਣਾ ਮੋਤੀ ਨਗਰ ਦੇ ਅਧੀਨ ਨਿਊ ਹਰਕਿਸ਼ਨ ਕਾਲੋਨੀ ’ਚ ਅੱਜ ਨਸ਼ਾ ਸਮੱਗÇਲਿੰਗ ਨਾਲ ਜੁੜੀ ਜਾਇਦਾਦ ’ਤੇ ਵੱਡੀ ਕਾਰਵਾਈ ਕੀਤੀ ਗਈ। ਨਗਰ ਨਿਗਮ ਅਤੇ ਪੁਲਸ ਦੀ ਸਾਂਝੀ ਟੀਮ ਨੇ ਅਦਾਲਤ ਦੇ ਹੁਕਮ ’ਤੇ ਕਾਰਵਾਈ ਕਰਦੇ ਹੋਏ ਹਿਨਾ ਨਾਂ ਦੀ ਔਰਤ ਦੇ 50 ਗਜ਼ ਦੇ ਘਰ ਨੂੰ ਢਹਿ-ਢੇਰੀ ਕਰ ਦਿੱਤਾ। ਇਹ ਘਰ ਲੰਬੇ ਸਮੇਂ ਤੋਂ ਨਸ਼ਾ ਕਾਰੋਬਾਰ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਸੀ ਅਤੇ ਇਸੇ ਦੇ ਆਧਾਰ ’ਤੇ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ। ਕਾਰਵਾਈ ਦੌਰਾਨ ਪੁਲਸ ਅਤੇ ਨਿਗਮ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ। ਏ. ਸੀ. ਪੀ. ਇੰਦਰਜੀਤ ਸਿੰਘ ਬੋਪਾਰਾਏ ਅਤੇ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਪੁਲਸ ਫੋਰਸ ਨਾਲ ਸੁਰੱਖਿਆ ਘੇਰਾ ਸੰਭਾਲਿਆ। ਜਦੋਂਕਿ ਨਗਰ ਨਿਗਮ ਵਲੋਂ ਇੰਸਪੈਕਟਰ ਸੋਨੀ ਅਤੇ ਏ. ਟੀ. ਪੀ. ਨੇ ਟੀਮ ਦੀ ਅਗਵਾਈ ਕੀਤੀ। ਦੋਵੇਂ ਵਿਭਾਗਾਂ ਦੀ ਅਗਵਾਈ ’ਚ ਭੰਨ-ਤੋੜ ਦੀ ਪੂਰੀ ਕਾਰਵਾਈ ਸ਼ਾਂਤਮਈ ਤਰੀਕੇ ਨਾਲ ਪੂਰੀ ਕੀਤੀ ਗਈ।

ਹਿਨਾ ਅਤੇ ਉਸ ਦੇ ਪਰਿਵਾਰ ਖਿਲਾਫ ਨਸ਼ਾ ਸਮੱਗÇਲਿੰਗ ਨਾਲ ਜੁੜੇ ਕਈ ਕੇਸ ਦਰਜ ਹਨ। ਜਾਣਕਾਰੀ ਮੁਤਾਬਿਕ 2018 ਵਿਚ 40 ਗ੍ਰਾਮ ਹੈਰੋਇਨ ਬਰਾਮਦਗੀ ਦਾ ਕੇਸ, ਮੁਕੱਦਮਾ ਨੰਬਰ 162, 2020 ਵਿਚ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦਗੀ, ਮੁਕੱਦਮਾ ਨੰਬਰ 56, 2018 ਮੁਕੱਦਮਾ ਨੰ. 263 ਤਹਿਤ ਕੇਸ ਦਰਜ ਹਨ। ਤਿੰਨੋਂ ਮਾਮਲੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਹਨ ਅਤੇ ਇਨ੍ਹਾਂ ਹੀ ਮਾਮਲਿਆਂ ਨੂੰ ਆਧਾਰ ਬਣਾ ਕੇ ਪ੍ਰਸ਼ਾਸਨ ਨੇ ਅਦਾਲਤ ਤੋਂ ਆਗਿਆ ਲੈ ਕੇ ਕਾਰਵਾਈ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਮੁਤਾਬਕ ਨਸ਼ੇ ਖਿਲਾਫ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਅਜਿਹੇ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ ਸਖ਼ਤ ਅਤੇ ਅਸਰਦਾਰ ਕਦਮ ਚੁੱਕੇ ਜਾਣਗੇ। ਕਾਰਵਾਈ ਦੌਰਾਨ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਸੀ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਜਾਂ ਤਣਾਅ ਦੀ ਸਥਿਤੀ ਨਾ ਬਣੇ।


author

Anmol Tagra

Content Editor

Related News