...ਲਗਦੈ ਫਗਵਾੜੇ ਫੈਲੂ ਕੋਈ ਬੀਮਾਰੀ!

05/12/2018 7:44:35 AM

ਫਗਵਾੜਾ, (ਰੁਪਿੰਦਰ ਕੌਰ)- ਇਥੋਂ ਦੇ ਬਾਜ਼ਾਰ 'ਚ ਹਮੇਸ਼ਾ ਹੀ ਦੁਕਾਨਾਂ ਅਤੇ ਰੇਹੜੀਆਂ 'ਤੇ ਗਲੇ-ਸੜੇ  ਫਲਾਂ ਤੇ ਸਬਜ਼ੀਆਂ ਦੇ ਢੇਰ ਅੱਜਕਲ ਆਮ ਦਿਸ ਰਹੇ ਹਨ । ਪਤਾ ਨਹੀਂ ਕਿਉਂ ਇਹ ਨਜ਼ਾਰਾ ਜ਼ਿਲੇ ਦੇ ਸਿਹਤ ਵਿਭਾਗ ਨੂੰ ਦਿਸਦਾ ਜਾਂ ਫਿਰ ਜਾਣਬੁਝ ਕੇ ਅਣਦੇਖਿਆਂ ਕੀਤਾ ਜਾ ਰਿਹਾ ਹੈ । ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਥਾਂ-ਥਾਂ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਅਤੇ ਪ੍ਰਚਾਰ ਦੇਖਣ ਨੂੰ ਮਿਲ ਜਾਂਦੇ ਹਨ, ਇਥੋਂ ਤਕ ਕੇ ਸਰਕਾਰੀ ਮਹਿਕਮਿਆਂ ਵਿਚੋਂ ਵੀ ਅਪੀਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ 'ਸਾਫ-ਸੁਥਰਾ ਖਾਓ ਅਤੇ ਸਿਹਤ ਬਚਾਓ' ਨਾਅਰੇ ਆਦਿ ਸੁਣਨ ਨੂੰ ਮਿਲਦੇ ਹਨ । 
'ਜਗ ਬਾਣੀ' ਵਲੋਂ ਜਦੋਂ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਉਥੇ ਗਲੀਆਂ-ਸੜੀਆਂ ਸਬਜ਼ੀਆਂ ਅਤੇ ਫਲ-ਫਰੂਟ ਵੀ ਦੇਖਣ ਨੂੰ ਮਿਲੇ। ਮੌਕੇ 'ਤੇ ਖਰੀਦੋ-ਫਰੋਖ਼ਤ ਕਰਨ ਆਏ ਗ੍ਰਾਹਕਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਇਥੇ ਹਰੇਕ ਕਿਸਮ ਮਿਲਦੀ ਹੈ, ਇਥੋਂ ਤਕ ਕਿ ਗਲੀ-ਸੜੀ ਸਬਜ਼ੀ ਤੇ ਫਲ ਵੀ। ਉਥੇ ਖੜ੍ਹੇ ਵਿਅਕਤੀਆਂ ਨੇ ਰੋਸ ਵੀ ਪ੍ਰਗਟ ਕੀਤਾ ਕਿ ਇਥੇ ਸਿਹਤ ਵਿਭਾਗ ਵੱਲੋਂ ਕਦੀ ਕੋਈ ਛਾਪੇਮਾਰੀ ਕਰਨ ਨਹੀਂ ਆਏ ਅਤੇ ਜੇ ਕੋਈ ਆਉਂਦੇ ਵੀ ਨੇ ਤਾਂ ਬੱਸ ਚਿਤਾਵਨੀ ਦੇ ਕੇ ਚਲੇ ਜਾਂਦੇ ਹਨ। ਕਿਸੇ ਦਾ ਚਲਾਨ ਨਹੀਂ ਕੱਟਿਆ ਜਾਂਦਾ। ਇਕ ਬਜ਼ੁਰਗ  ਜਸਵੰਤ ਸਿੰਘ  ਵਾਸੀ ਫਗਵਾੜਾ  ਨੇ ਤਾਂ ਸਿਹਤ ਵਿਭਾਗ ਅਤੇ ਮੰਡੀ ਅਧਿਕਾਰੀਆਂ ਦੀ ਮਿਲੀਭੁਗਤ ਤਕ  ਦੱਸਣ ਦਾ ਦਾਅਵਾ ਕੀਤਾ ਹੈ। 
PunjabKesari
ਫਗਵਾੜਾ ਦੇ ਹਾਲਾਤ ਨਹੀਂ ਸਨ ਛਾਪੇਮਾਰੀ ਕਰਨ ਵਾਲੇ : ਫ਼ੂਡ ਸਪਲਾਈ ਅਫਸਰ
ਉਕਤ ਸਮੱਸਿਆਵਾਂ ਬਾਰੇ ਕਪੂਰਥਲਾ 'ਚ ਬੈਠੇ ਫ਼ੂਡ ਸਪਲਾਈ ਅਫਸਰ ਹਰਜੋਤ ਪਾਲ ਸਿੰਘ ਨਾਲ ਜਦੋਂ 'ਜਗ ਬਾਣੀ' ਨੇ ਪਿਛਲੇ ਕੁਝ ਸਮਂੇ ਤੋਂ ਸੈਂਪਲ ਨਾ ਭਰਨ ਬਾਰੇ ਅਤੇ ਨਾ ਹੀ ਛਾਪੇਮਾਰੀ ਕਰਨ ਸਬੰਧੀ ਸਵਾਲ ਪੁੱਛੇ ਤਾਂ ਜਵਾਬ ਵਿਚ ਫਗਵਾੜਾ ਦੇ ਦੰਗਾਮਈ ਹਾਲਾਤ ਅੱਗੇ ਆ ਗਏ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਜੇ ਇਨ੍ਹਾਂ ਹਾਲਾਤ ਵਿਚ ਆਉਂਦੇ ਤਾਂ ਦੁਕਾਨਾਂ ਤਾਂ ਵੈਸੇ ਹੀ ਬੰਦ ਸਨ, ਛਾਪੇਮਾਰੀ ਕਿਥੇ ਕਰਨੀ ਸੀ। ਅਸੀਂ ਜਲਦ ਹੀ ਦੁਬਾਰਾ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ। 
ਕੀ ਕਹਿੰਦੇ ਹਨ ਐੱਸ. ਐੱਮ. ਓ. 
ਸਿਹਤ ਸਬੰਧੀ ਮਸਲਾ ਹੋਣ ਕਰਕੇ ਅਸੀਂ ਜਦੋਂ ਫਗਵਾੜਾ ਸਿਵਲ ਹਸਪਤਾਲ  ਦੇ ਐੱਸ. ਐੱਮ. ਓ. ਦੇਵਿੰਦਰ ਸਿੰਘ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਸਾਡੇ ਕੋਲ ਗਲੀਆਂ-ਸੜੀਆ ਚੀਜ਼ਾਂ ਖਾਣ ਨਾਲ ਬੀਮਾਰ ਹੋਏ ਮਰੀਜ਼ ਲਗਾਤਾਰ ਆਉਂਦੇ ਹੀ ਰਹਿੰਦੇ ਹਨ ਪਰ ਅਸੀਂ ਤਾਂ ਸਿਰਫ ਹਦਾਇਤਾਂ ਹੀ ਦੇ ਸਕਦੇ ਹਾਂ। ਕਿਉਂਕਿ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰਨਾ ਅਤੇ ਛਾਪੇਮਾਰੀ ਦਾ ਅਧਿਕਾਰ ਹੁਣ ਕਪੂਰਥਲਾ ਬੈਠੇ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲ ਹੈ ਅਤੇ ਫਗਵਾੜਾ ਦੇ ਦੁਕਾਨਦਾਰ ਅਤੇ ਰੇਹੜੀਆਂ ਵਾਲੇ ਇਸ ਗੱਲ ਦਾ ਫਾਇਦਾ ਉਠਾ ਰਹੇ ਹਨ।
ਸਿਹਤ ਵਿਭਾਗ ਸ਼ਾਇਦ ਕਰੀ ਬੈਠਾ ਏ ਕੋਈ ਸਮਝੌਤਾ
ਵਧੀਆ ਸਿਹਤ ਸੇਵਾਵਾਂ ਦਾ ਦਾਅਵਾ ਕਰਨ ਵਾਲਾ ਸਿਹਤ ਵਿਭਾਗ ਬਾਜ਼ਾਰਾਂ 'ਚ ਵਿਕਣ ਵਾਲੀਆਂ ਘਟੀਆ ਕੁਆਲਿਟੀ ਦੀਆਂ ਖਾਣ ਵਾਲੀਆਂ ਚੀਜ਼ਾਂ ਪ੍ਰਤੀ ਕੋਈ ਸਮਝੌਤਾ ਕਰੀ ਬੈਠਾ ਹੈ, ਇਸ ਦਾ ਪ੍ਰਤੱਖ ਸਬੂਤ ਤਸਵੀਰਾਂ ਤੋਂ ਨਜ਼ਰ ਆ ਰਿਹਾ ਹੈ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਵਲੋਂ ਲਗਭਗ ਹਰ ਕੱਚਾ ਫਰੂਟ, ਸਬਜ਼ੀ ਖਤਰਨਾਕ ਮਸਾਲਾ ਲਗਾ ਕੇ ਸਮੇਂ  ਤੋਂ ਪਹਿਲਾਂ ਹੀ ਪਕਾ ਲਈ ਜਾਂਦੀ ਹੈ, ਜਿਸਦੀ ਮਿਸਾਲ ਆਏ ਦਿਨ ਸੋਸ਼ਲ ਮੀਡੀਆ ਅਤੇ ਨਿਤ ਦਿਨ ਪ੍ਰਿੰਟ ਮੀਡੀਆ 'ਚ ਵੀ ਮਿਲ ਜਾਂਦੀ ਹੈ । ਉਕਤ ਸਮੱਸਿਆਵਾਂ ਸਿਹਤ ਲਈ ਹਾਨੀਕਾਰਕ  ਸਾਬਿਤ ਹੋ ਰਹੀਆਂ ਹਨ।
ਦੁਕਾਨਦਾਰ ਕਾਨੂੰਨ ਦੀਆਂ ਉਡਾ ਰਹੇ ਹਨ ਧਜੀਆਂ
ਸਰਕਾਰੀ ਨਿਰਦੇਸ਼ਾਂ ਅਨੁਸਾਰ ਛਾਂਟੀ ਕਰਨ ਤੋਂ ਬਾਅਦ ਖਰਾਬ ਫਲ ਅਤੇ ਸਬਜ਼ੀਆਂ ਨਸ਼ਟ ਕਰਨੀਆਂ ਹੁੰਦੀਆਂ ਹਨ ਪਰ ਦੁਕਾਨਦਾਰ ਇਨ੍ਹਾਂ ਚੀਜ਼ਾਂ ਨੂੰ ਘੱਟ ਮੁੱਲ 'ਤੇ ਵੇਚ ਕੇ ਖਾਸ ਕਰ ਕੇ ਗਰੀਬਾਂ ਦੀ ਸਿਹਤ ਨਾਲ ਖਿਲਵਾੜ ਕਰ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।


Related News