ਇਨੈਲੋ ''ਚ ਗੱਦਾਰਾਂ ਲਈ ਕੋਈ ਜਗ੍ਹਾ ਨਹੀਂ ਹੈ : ਅਭੈ ਸਿੰਘ ਚੌਟਾਲਾ
Tuesday, Apr 09, 2024 - 05:26 PM (IST)
ਹਰਿਆਣਾ (ਵਾਰਤਾ)- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਇਨੈਲੋ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿਚਾਲੇ ਸਮਝੌਤਾ ਨਹੀਂ ਹੋਵੇਗਾ। ਚੌਟਾਲਾ ਨੇ ਕਿਹਾ ਕਿ ਇਨੈਲੋ 'ਚ ਬੇਵਫ਼ਾ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ। ਇਨੈਲੋ ਨੇਤਾ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਅਜੇ ਸਿੰਘ ਚੌਟਾਲਾ ਦੇ ਸੋਮਵਾਰ ਨੂੰ ਮੀਡੀਆ 'ਚ ਇਨੈਲੋ ਅਤੇ ਜੇਜੇਪੀ ਨੂੰ ਇਕ ਕਰਨ ਦੇ ਦਿੱਤੇ ਗਏ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਅਜੇ ਸਿੰਘ ਚੌਟਾਲਾ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਅਸਲੀ ਚਿਹਰਾ ਪ੍ਰਦੇਸ਼ ਦੇ ਜਨਤਾ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ। ਇਹ ਸਵ. ਚੌਧਰੀ ਦੇਵੀਲਾਲ ਦੀਆਂ ਨੀਤੀਆਂ 'ਤੇ ਤੁਰਨ ਦੀ ਗੱਲ ਕਰਦੇ ਸਨ ਪਰ ਸੱਤਾ ਹੱਥ 'ਚ ਆਉਂਦੇ ਹੀ ਪੂਰੇ ਪ੍ਰਦੇਸ਼ ਨੂੰ ਲੁੱਟਣ 'ਚ ਲੱਗ ਗਏ ਅਤੇ ਵੱਡੇ-ਵੱਡੇ ਘਪਲੇ ਕਰ ਕੇ ਹਜ਼ਾਰਾਂ ਕਰੋੜ ਰੁਪਏ ਹਜ਼ਮ ਕਰ ਗਏ।
ਉਨ੍ਹਾਂ ਕਿਹਾ ਕਿ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਕਈ ਵਾਰ ਕਾਫ਼ੀ ਮੰਚਾਂ 'ਤੇ ਅਤੇ ਮੀਡੀਆ ਦੇ ਸਾਹਮਣੇ ਇਹ ਬਿਆਨ ਦੇ ਕੇ ਸਾਫ਼ ਕਰ ਚੁੱਕੇ ਹਨ ਕਿ ਇਹ ਇਨੈਲੋ ਦੇ ਗੱਦਾਰ ਹਨ ਅਤੇ ਇਨ੍ਹਾਂ ਗੱਦਾਰਾਂ ਦੀ ਇਨੈਲੋ 'ਚ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜੇਜੇਪੀ 'ਚ 'ਭੱਜ-ਦੌੜ' ਕਾਰਨ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਸੱਚਾਈ ਇਹ ਹੈ ਕਿ ਇਹ ਹੁਣ ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਪੂਰੀ ਤਰ੍ਹਾਂ ਨਾਲ ਨਕਾਰੇ ਜਾ ਚੁੱਕੇ ਹਨ। ਲੋਕਾਂ 'ਚ ਇਨ੍ਹਾਂ ਪ੍ਰਤੀ ਇੰਨਾ ਗੁੱਸਾ ਹੈ ਕਿ ਇਨ੍ਹਾਂ ਨੂੰ ਹਰ ਜਗ੍ਹਾ ਕਾਲੇ ਝੰਡੇ ਦਿਖਾ ਕੇ ਵਿਰੋਧ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਪਿੰਡ 'ਚ ਦਾਖ਼ਲ ਤੱਕ ਨਹੀਂ ਹੋਣ ਦੇ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e