IPL 2024: ਹਰ ਕੋਈ ਰਿਆਨ ਦੀ ਕਾਬਲੀਅਤ ਦੇਖ ਸਕਦਾ ਹੈ, ਮੈਚ ਤੋਂ ਬਾਅਦ ਬੋਲੇ ਸੰਗਕਾਰਾ
Thursday, Apr 11, 2024 - 03:20 PM (IST)
ਜੈਪੁਰ— ਰਾਜਸਥਾਨ ਰਾਇਲਜ਼ ਦੇ ਕ੍ਰਿਕਟ ਨਿਰਦੇਸ਼ਕ ਕੁਮਾਰ ਸੰਗਕਾਰਾ ਨੇ ਫਾਰਮ 'ਚ ਚੱਲ ਰਹੇ ਰਿਆਨ ਪਰਾਗ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਹਰ ਕੋਈ ਉਸ ਦੀ ਕਾਬਲੀਅਤ ਨੂੰ ਦੇਖ ਸਕਦਾ ਹੈ ਪਰ ਇਹ ਨਹੀਂ ਕਹਿ ਸਕਦਾ ਕਿ ਇਹ ਨੌਜਵਾਨ ਭਾਰਤੀ ਟੀ-20 ਵਿਸ਼ਵ ਕੱਪ ਟੀਮ 'ਚ ਜਗ੍ਹਾ ਹਾਸਲ ਕਰਨ ਦਾ ਹੱਕਦਾਰ ਹੈ।
ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਇਸ ਸੀਜ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ 22 ਸਾਲਾ ਪਰਾਗ ਸਿਰਫ ਵਿਰਾਟ ਕੋਹਲੀ ਤੋਂ ਪਿੱਛੇ ਹੈ, ਉਨ੍ਹਾਂ ਨੇ 261 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਦਾ ਚੋਟੀ ਦਾ ਸਕੋਰ ਨਾਬਾਦ 84 ਰਿਹਾ। ਹਾਲਾਂਕਿ ਬੀਤੀ ਰਾਤ ਪਰਾਗ ਦੀ 48 ਗੇਂਦਾਂ 'ਤੇ 76 ਦੌੜਾਂ ਦੀ ਪਾਰੀ ਵਿਅਰਥ ਗਈ ਕਿਉਂਕਿ ਗੁਜਰਾਤ ਟਾਈਟਨਜ਼ ਨੇ ਆਖਰੀ ਗੇਂਦ 'ਤੇ 196 ਦੌੜਾਂ ਦਾ ਟੀਚਾ ਹਾਸਲ ਕਰ ਕੇ ਰਾਜਸਥਾਨ ਰਾਇਲਜ਼ ਦੀ ਚਾਰ ਮੈਚਾਂ ਦੀ ਜਿੱਤ ਦੀ ਲੜੀ ਨੂੰ ਤੋੜ ਦਿੱਤਾ।
ਇਹ ਪੁੱਛੇ ਜਾਣ 'ਤੇ ਕਿ ਕੀ ਆਸਾਮ ਦਾ ਇਹ ਕ੍ਰਿਕਟਰ ਇਸ ਸਾਲ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਜਗ੍ਹਾ ਦੀ ਦੌੜ 'ਚ ਹੋ ਸਕਦਾ ਹੈ, ਸੰਗਕਾਰਾ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਹਰ ਕੋਈ ਉਨ੍ਹਾਂ ਦੀ ਕਾਬਲੀਅਤ ਨੂੰ ਦੇਖ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਰਿਆਨ ਲਈ ਰਾਜਸਥਾਨ ਦੀ ਟੀਮ ਅਤੇ ਇਸ ਸੀਜ਼ਨ 'ਤੇ ਧਿਆਨ ਦੇਣਾ ਮਹੱਤਵਪੂਰਨ ਹੈ ਕਿਉਂਕਿ ਉਸ ਤੋਂ ਬਾਅਦ ਹੀ ਟੀ-20 ਵਿਸ਼ਵ ਕੱਪ ਲਈ ਉਨ੍ਹਾਂ ਦੇ ਨਾਂ 'ਤੇ ਵਿਚਾਰ ਕੀਤਾ ਜਾਵੇਗਾ।
ਸੰਗਕਾਰਾ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਤੁਹਾਨੂੰ ਭਵਿੱਖ 'ਚ ਜ਼ਿਆਦਾ ਅੱਗੇ ਨਹੀਂ ਦੇਖਣਾ ਚਾਹੀਦਾ। ਜਦੋਂ ਤੱਕ ਉਹ ਸਖਤ ਮਿਹਨਤ ਕਰਦਾ ਰਹੇਗਾ, ਚੰਗੀ ਬੱਲੇਬਾਜ਼ੀ ਕਰਦਾ ਰਹੇਗਾ, ਕੰਪੋਜ਼ ਕਰਦਾ ਰਹੇਗਾ ਅਤੇ ਵਧੀਆ ਪ੍ਰਦਰਸ਼ਨ ਕਰਦਾ ਰਹਿੰਦਾ ਹੈ ਤਾਂ ਸਾਰੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ।