ਫੇਸ ਕਵਰ ਅਤੇ ਬਿਨਾਂ ਨੰਬਰ ਪਲੇਟ ਵਾਹਨ ਚਾਲਕ ਨੌਜਵਾਨ, ਲੜਕੀਆਂ ਨੂੰ ਨਹੀਂ ਮਿਲੇਗਾ ਪੈਟਰੋਲ
Wednesday, Jul 19, 2017 - 06:03 AM (IST)
ਲੁਧਿਆਣਾ(ਖੁਰਾਣਾ)-ਨਗਰ 'ਚ ਹੱਤਿਆ ਅਤੇ ਲੁੱਟ-ਖੋਹ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ 'ਤੇ ਨਕੇਲ ਕੱਸਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਆਫ ਪੁਲਸ ਧਰੁਮਣ ਨਿੰਬਲੇ ਨੇ ਸ਼ਹਿਰ ਦੇ ਪੈਟਰੋਲ ਪੰਪ ਮਾਲਕਾਂ ਦੇ ਨਾਲ ਸਾਂਝਾ ਮੋਰਚਾ ਖੋਲ੍ਹਦੇ ਹੋਏ ਨਵੀਂ ਪਹਿਲ ਸ਼ੁਰੂ ਕੀਤੀ, ਜਿਸ ਦੇ ਤਹਿਤ ਹੁਣ ਲੁਧਿਆਣਾ ਨਾਲ ਸੰਬੰਧਿਤ ਕਿਸੇ ਵੀ ਪੈਟਰੋਲ ਪੰਪ 'ਤੇ ਮੂੰਹ ਨੂੰ ਕੱਪੜੇ ਜਾਂ ਹੋਰ ਕਿਸੇ ਵਸਤੂ ਨਾਲ ਕਵਰ ਕੀਤੇ ਗਏ ਅਤੇ ਵਾਹਨ 'ਤੇ ਬਿਨਾਂ ਨੰਬਰ ਪਲੇਟ ਲੱਗੇ ਵਾਹਨ ਚਾਲਕਾਂ ਨੂੰ ਪੈਟਰੋਲ ਨਹੀਂ ਦਿੱਤਾ ਜਾਵੇਗਾ। ਇਹ ਜਾਣਕਾਰੀ ਲੁਧਿਆਣਾ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਨੇ ਡੀ. ਸੀ. ਪੀ. ਨਿੰਬਲੇ ਨਾਲ ਗੱਲਬਾਤ ਦੇ ਬਾਅਦ ਪੱਤਰਕਾਰਾਂ ਨਾਲ ਸਾਂਝੀ ਕੀਤੀ। ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀਆਂ ਅਤੇ ਪੈਟਰੋਲੀਅਮ ਕਾਰੋਬਾਰੀਆਂ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਨਾਲ ਸਿਰਫ ਕ੍ਰਿਮੀਨਲ ਨੂੰ ਪਛਾਨਣ 'ਚ ਮਦਦ ਮਿਲੇਗੀ, ਜੋ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਆਸਾਨੀ ਨਾਲ ਪੈਟਰੋਲ ਪੰਪਾਂ 'ਤੇ ਆਪਣੇ ਵਾਹਨਾਂ 'ਚ ਪੈਟਰੋਲ ਭਰਵਾਉਣ ਦੀ ਆੜ 'ਚ ਭੀੜ ਦਾ ਹਿੱਸਾ ਬਣ ਕੇ ਸਾਫ ਨਿਕਲ ਜਾਂਦੇ ਹਨ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸ਼ਹਿਰ 'ਚ ਹੋਈ ਲੁੱਟ-ਖੋਹ ਅਤੇ ਹੱਤਿਆ ਵਰਗੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਮੇਂ ਲੁਟੇਰਿਆਂ ਨੇ ਜਾਂ ਤਾਂ ਮੂੰਹ ਢਕਿਆ ਹੁੰਦਾ ਹੈ ਜਾਂ ਫਿਰ ਬਿਨਾਂ ਨੰਬਰ ਪਲੇਟ ਦੇ ਦੋਪਹੀਆ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਤਾਜ਼ਾ ਉਦਾਹਰਨ ਬੀਤੇ ਦਿਨੀਂ ਹੋਈ ਪੀਰੂ ਬੰਦਾ ਸਥਿਤ ਚਰਚ ਦੇ ਪਾਦਰੀ ਦੀ ਹੱਤਿਆ ਅਤੇ ਸ਼ਿਵਪੁਰੀ ਚੌਕ ਨੇੜੇ ਪੈਂਦੇ ਜਗਜੀਤ ਫਿਲਿੰਗ ਸਟੇਸ਼ਨ 'ਤੇ ਪਿਸਤੌਲ ਦੇ ਜ਼ੋਰ 'ਤੇ ਕੀਤੀ ਗਈ ਲੁੱਟ ਦੀਆਂ ਵਾਰਦਾਤਾਂ ਤੋਂ ਮਿਲਦੀ ਹੈ, ਜਿਸ ਵਿਚ ਦੋਵੇਂ ਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਵਾਹਨ ਚਾਲਕਾਂ ਨੇ ਆਪਣੇ ਚਿਹਰੇ ਕਵਰ ਕੀਤੇ ਹੋਏ ਸਨ।
