ਮੁਖਤਾਰ ਅੰਸਾਰੀ ਵਲੋਂ ਦਾਇਰ ਪਟੀਸ਼ਨ ਖਾਰਿਜ, ਵਧ ਸਕਦੀਆਂ ਨੇ ਮੁਸ਼ਕਿਲਾਂ

Friday, Apr 02, 2021 - 05:35 PM (IST)

ਚੰਡੀਗੜ੍ਹ (ਭਾਸ਼ਾ) : ਮੋਹਾਲੀ ਦੀ ਇਕ ਅਦਾਲਤ ਨੇ ਗੈਂਗਸਟਰ ਤੋਂ ਨੇਤਾ ਬਣੇ ਮੁਖਤਾਰ ਅੰਸਾਰੀ ਦੀ, ਉਨ੍ਹਾਂ ਦੀ ਮੈਡੀਕਲ ਜਾਂਚ ਲਈ ਮੈਡੀਕਲ ਬੋਰਡ ਦੇ ਗਠਨ ਸਬੰਧੀ ਜੇਲ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਬੇਨਤੀ ਵਾਲੀ ਇਕ ਪਟੀਸ਼ਨ ਖਾਰਿਜ ਕਰ ਦਿੱਤੀ ਹੈ, ਜਿਸ ਕਾਰਨ ਉਸ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਨਿਆਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ (ਜੇ. ਐੱਮ. ਆਈ. ਸੀ.) ਅਮਿਤ ਬਖਸ਼ੀ ਦੀ ਅਦਾਲਤ ਨੇ ਕਿਹਾ ਕਿ ਉੱਚ ਅਦਾਲਤ ਅੰਸਾਰੀ ਦੀ ਮੈਡੀਕਲ ਜਾਂਚ ਦੇ ਸਬੰਧ ’ਚ ਉਸ ਦੀ ਪਟੀਸ਼ਨ ’ਤੇ ਵਿਚਾਰ ਕਰ ਚੁੱਕੀ ਹੈ। ਮੋਹਾਲੀ ਅਦਾਲਤ ਦੇ ਜੱਜ ਨੇ ਕਿਹਾ, ‘‘26 ਮਾਰਚ ਨੂੰ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਰਿਕਾਰਡ ’ਤੇ ਅਜਿਹਾ ਕੁਝ ਵੀ ਨਹੀਂ, ਜਿਸ ’ਚ ਇਹ ਲੱਗੇ ਕਿ ਦੋਸ਼ੀ ਦਾ ਫਿਰ ਤੋਂ ਕੋਈ ਨਵਾਂ ਮੈਡੀਕਲ ਸਬੰਧੀ ਮਾਮਲਾ ਹੋਵੇ।

ਜੱਜ ਨੇ 31 ਮਾਰਚ ਦੇ ਆਪਣੇ ਹੁਕਮ ’ਚ ਲਿਖਿਆ ਕਿ ਦੋਸ਼ੀ ਦੇ ਇਲਾਜ ਲਈ ਬੋਰਡ ਦੇ ਗਠਨ ਦਾ ਵੱਖਰੇ ਤੌਰ ’ਤੇ ਕੋਈ ਹੁਕਮ ਪਾਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਅੰਸਾਰੀ ਉੱਤਰ ਪ੍ਰਦੇਸ਼ ’ਚ ਕਈ ਮਾਮਲਿਆਂ ’ਚ ਲੋੜੀਂਦਾ ਹੈ। ਉਸ ਨੂੰ 2019 ਦੇ ਕਥਿਤ ਫਿਰੌਤੀ ਮਾਮਲੇ ’ਚ ਬੁੱਧਵਾਰ ਮੋਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਲਿਆਉਣ ਵੇਲੇ ਉਹ ਵ੍ਹੀਲਚੇਅਰ ’ਤੇ ਸੀ। ਅੰਸਾਰੀ ਨੇ ਆਪਣੇ ਵਕੀਲ ਰਾਜ ਸੁਮੇਰ ਸਿੰਘ ਰਾਹੀਂ ਜੇਲ ਅਧਿਕਾਰੀਆਂ ਨੂੰ ਉਸ ਦੀਆਂ ਗੰਭੀਰ ਬੀਮਾਰੀਆਂ ਦੀ ਮੈਡੀਕਲ ਜਾਂਚ ਦਾ ਨਿਰਦੇਸ਼ ਦੇਣ ਦੀ ਬੇਨਤੀ ਕਰਦਿਆਂ ਇਕ ਪਟੀਸ਼ਨ ਦਾਖਲ ਕੀਤੀ ਸੀ। ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਦੋਸ਼ੀ 29 ਮਾਰਚ 2020 ਨੂੰ ਮੈਡੀਕਲ ਸਬੰਧੀ ਐਮਰਜੈਂਸੀ ਵਾਲੇ ਹਾਲਾਤ ’ਚੋਂ ਲੰਘਿਆ ਸੀ ਅਤੇ ਉਦੋਂ ਤੋਂ ਉਸ ਨੂੰ ਛਾਤੀ ’ਚ ਤੇਜ਼ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅੰਸਾਰੀ ਪਹਿਲਾਂ ਤੋਂ ਬੀਮਾਰ ਚੱਲ ਰਿਹਾ ਹੈ ਅਤੇ ਉਸ ਨੂੰ ਦੋ ਵਾਰ ਦਿਲ ਦਾ ਦੌਰਾ ਪੈ ਚੁੱਕਾ ਹੈ। ਅਜਿਹਾ ਖਦਸ਼ਾ ਹੈ ਕਿ ਜੇ ਉਸ ਨੂੰ ਉਚਿਤ ਇਲਾਜ ਦੀ ਸਹੂਲਤ ਨਹੀਂ ਦਿੱਤੀ ਗਈ ਤਾਂ ਬੀਮਾਰੀ ਨਾਲ ਉਸ ਦੀ ਜਾਨ ਜਾ ਸਕਦੀ ਹੈ।ਵਕੀਲ ਨੇ ਅਰਜ਼ੀ ’ਤੇ ਫੈਸਲਾ ਕਰਨ ਤੋਂ ਪਹਿਲਾਂ ਰੂਪਨਗਰ ਜੇਲ ਦੇ ਮੁਖੀ ਤੋਂ ਜਵਾਬ ਮੰਗਿਆ ਹੈ। ਅੰਸਾਰੀ ਇਸੇ ਜੇਲ ’ਚ ਬੰਦ ਹੈ।


Anuradha

Content Editor

Related News