ਰੰਗ ਗੋਰਾ ਕਰਨ ਲਈ ਕਰੀਮਾਂ ਵਰਤਣ ਵਾਲੇ ਹੋ ਜਾਣ Alert! ਹੋਸ਼ ਉਡਾ ਦੇਣ ਵਾਲਾ ਹੋਇਆ ਖ਼ੁਲਾਸਾ
Thursday, Feb 13, 2025 - 10:08 AM (IST)
![ਰੰਗ ਗੋਰਾ ਕਰਨ ਲਈ ਕਰੀਮਾਂ ਵਰਤਣ ਵਾਲੇ ਹੋ ਜਾਣ Alert! ਹੋਸ਼ ਉਡਾ ਦੇਣ ਵਾਲਾ ਹੋਇਆ ਖ਼ੁਲਾਸਾ](https://static.jagbani.com/multimedia/2025_2image_10_08_16753153111.jpg)
ਚੰਡੀਗੜ੍ਹ (ਪਾਲ) : ਚਮੜੀ ਨੂੰ ਗੋਰਾ ਕਰਨ ਲਈ ਵਰਤੀ ਜਾਂਦੀ ਕਰੀਮ ਸਰੀਰ ਲਈ ਖ਼ਤਰਨਾਕ ਹੈ। ਇਹ ਵੱਡਾ ਖ਼ੁਲਾਸਾ ਪੀ. ਜੀ. ਆਈ. ਦੇ ਨੈਫਰੋਲੋਜੀ ਵਿਭਾਗ ਵੱਲੋਂ ਕਰਵਾਏ ਗਏ ਅਧਿਐਨ ’ਚ ਹੋਇਆ ਹੈ। ਹਾਲ ਹੀ ’ਚ ਪੀ. ਜੀ. ਆਈ. ਨੈਫਰੋਲੋਜੀ ਵਿਭਾਗ ਦੀ ਓ. ਪੀ. ਡੀ. ’ਚ ਇਕ ਮਰੀਜ਼ ਆਇਆ, ਜਿਸ ਦੇ ਗੁਰਦਿਆਂ ’ਚ ਸਮੱਸਿਆ ਸੀ। ਜਦੋਂ ਡਾਕਟਰ ਨੇ ਡਾਇਗਨੋਜ਼ ਲਈ ਹਿਸਟਰੀ ਪੁੱਛੀ ਤਾਂ ਪਤਾ ਲੱਗਿਆ ਕਿ ਉਹ ਕੁੱਝ ਸਮੇਂ ਤੋਂ ਚਮੜੀ ਨੂੰ ਗੋਰਾ ਕਰਨ ਵਾਲੀ ਕਰੀਮ ਦੀ ਵਰਤੋਂ ਕਰ ਰਿਹਾ ਸੀ। ਇਸ ਕਾਰਨ ਉਸ ਦੇ ਗੁਰਦਿਆਂ ’ਚ ਪਾਰੇ ਦੀ ਮਾਤਰਾ ਵੱਧ ਰਹੀ ਸੀ। ਇਸ ਨਾਲ ਉਸ ਨੂੰ ਪਰੇਸ਼ਾਨੀ ਹੋ ਰਹੀ ਸੀ। ਇਸ ਤੋਂ ਬਾਅਦ ਮਰੀਜ਼ ਨੂੰ ਕਰੀਮ ਨਾ ਲਾਉਣ ਲਈ ਕਿਹਾ ਗਿਆ ਤਾਂ ਸਰੀਰ ’ਚ ਪਾਰੇ ਦਾ ਪੱਧਰ ਆਪਣੇ ਆਪ ਘੱਟਣ ਲੱਗ ਪਿਆ। ਪਿਛਲੇ ਕੁੱਝ ਸਾਲਾਂ ਤੋਂ ਚਮੜੀ ਨੂੰ ਗੋਰਾ ਕਰਨ ਵਾਲੀਆਂ ਕਰੀਮਾਂ ਤੇ ਚਮੜੀ ਦੀ ਦੇਖਭਾਲ ਦੇ ਟੀਕਿਆਂ ਦੇ ਰੂਪ ’ਚ ਗਲੂਟੈਥੀਓਨ (ਮਨੁੱਖੀ ਸੈੱਲਾਂ ’ਚ ਕੁਦਰਤੀ ਤੌਰ 'ਤੇ ਪਾਇਆ ਜਾਣ ਵਾਲਾ ਇਕ ਐਂਟੀਆਕਸੀਡੈਂਟ) ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ। ਇਹ ਚਮੜੀ ਦੀ ਦੇਖਭਾਲ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਪਰ ਇਨ੍ਹਾਂ ਦੇ ਮਾੜੇ ਪ੍ਰਭਾਵ ਸਿਰਫ਼ ਚਮੜੀ ਤੱਕ ਸੀਮਤ ਨਹੀਂ ਰਹਿੰਦੇ।
ਇਹ ਵੀ ਪੜ੍ਹੋ : ਮੋਹਾਲੀ 'ਚ 3 ਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਅਧਿਕਾਰੀਆਂ ਦੇ ਸੁੱਕੇ ਸਾਹ
ਇਨ੍ਹਾਂ ’ਚੋਂ ਕਈਆਂ ’ਚ ਪਾਰੇ ਦਾ ਪੱਧਰ ਤੈਅ ਸੀਮਾ ਤੋਂ ਵੱਧ ਹੁੰਦਾ ਹੈ, ਜੋ ਕਿਡਨੀਆਂ ਨੂੰ ਪ੍ਰਭਾਵਿਤ ਕਰਦਾ ਹੈ।ਪੀ. ਜੀ. ਆਈ. ਨੈਫਰੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਾਜਾ ਰਾਮਚੰਦਰਨ ਅਨੁਸਾਰ ਉਨ੍ਹਾਂ ਨੇ ਜੋ ਮਰੀਜ਼ ਦੇਖੇ ਹਨ, ਜਦੋਂ ਉਨ੍ਹਾਂ ਤੋਂ ਕਰੀਮ ਬਾਰੇ ਜਾਣਕਾਰੀ ਲਈ ਤਾਂ ਉਨ੍ਹਾਂ ਨੂੰ ਵੀ ਕਰੀਮ ਦੇ ਕੋਈ ਬ੍ਰਾਂਡ ਲੇਬਲ ਜਾਂ ਨਾਂ ਦਾ ਕੁੱਝ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਚਮੜੀ ਨੂੰ ਗੋਰਾ ਕਰਨ ਵਾਲੀ ਕਰੀਮ ਦੀ ਵਰਤੋਂ ਤੋਂ ਬਾਅਦ ਪਿਸ਼ਾਬ ’ਚ ਪ੍ਰੋਟੀਨ ਰਿਸਾਅ ਵਾਲੇ ਨੈਫਰੋਟਿਕ ਸਿੰਡਰੋਮ ਦੇ ਕੁੱਝ ਮਾਮਲੇ ਦੇਖੇ ਹਨ। ਇਨ੍ਹਾਂ ਮਰੀਜ਼ਾਂ ਦੇ ਖ਼ੂਨ ’ਚ ਪਾਰੇ ਦਾ ਪੱਧਰ ਵਧਿਆ ਹੋਇਆ ਸੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਨ੍ਹਾਂ ਕਰੀਮਾਂ ’ਚ ਪਾਰਾ ਸੀ, ਜੋ ਚਮੜੀ ਰਾਹੀਂ ਸਰੀਰ ’ਚ ਦਾਖ਼ਲ ਹੋ ਰਿਹਾ ਸੀ। ਅਜਿਹੇ ਮਾਮਲੇ ਕਿਸੇ ਖ਼ਾਸ ਖੇਤਰ ਤੱਕ ਹੀ ਸੀਮਤ ਨਹੀਂ ਹਨ, ਸਗੋਂ ਦੇਸ਼ ਦੇ ਕਈ ਹਿੱਸਿਆਂ ਅਤੇ ਦੁਨੀਆ ਭਰ ’ਚ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਕਰੀਮ ਦੀ ਵਰਤੋਂ ਨਾਲ ਹੋਣ ਵਾਲੀਆਂ ਗੁਰਦਿਆਂ ਦੀਆਂ ਬਿਮਾਰੀਆਂ ਦੇ ਕਈ ਮਾਮਲੇ ਕੇਰਲਾ ’ਚ ਦੇਖੇ ਗਏ ਹਨ।
ਇਹ ਵੀ ਪੜ੍ਹੋ : ਅੱਜ ਹੋ ਗਿਆ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਬੋਰਡ, ਦਫ਼ਤਰ ਤੇ ਸਕੂਲ, ਨੋਟੀਫਿਕੇਸ਼ਨ ਜਾਰੀ
ਪ੍ਰੋਟੀਨ ਦੀ ਹਾਨੀ ਨੂੰ ਨਾ ਕਰੋ ਨਜ਼ਰ-ਅੰਦਾਜ਼
ਡਾ. ਰਾਜਾ ਰਾਮਚੰਦਰਨ ਅਨੁਸਾਰ ਪਿਛਲੇ ਕੁੱਝ ਸਾਲਾਂ ’ਚ ਮੇਮਬ੍ਰੇਸ ਨੈਫਰੋਪੈਥੀ (ਐੱਮ. ਐੱਨ.) ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ’ਚ ਗੁਰਦਿਆਂ ਦੇ ਫਿਲਟਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਪ੍ਰੋਟੀਨ ਲੀਕੇਜ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕੁੱਝ ਲੋਕਾਂ ’ਚ ਗੁਰਦੇ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਕਿਉਂਕਿ ਗ਼ੈਰ-ਪ੍ਰਮਾਣਿਤ ਕਰੀਮਾਂ ਟਰਿੱਗਰ ਵਜੋਂ ਕੰਮ ਕਰਦੀਆਂ ਹਨ। ਪਿਛਲੇ ਸਾਲ ਕੇਰਲਾ ’ਚ ਕੀਤੀ ਗਈ ਇਕ ਖੋਜ ’ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ’ਚ ਪਾਰਾ ਬਹੁਤ ਜ਼ਿਆਦਾ ਸੀ। ਜਦੋਂ ਪਾਰਾ ਚਮੜੀ ਰਾਹੀਂ ਸਰੀਰ ’ਚ ਜਾਂਦਾ ਹੈ ਤਾਂ ਇਹ ਗੁਰਦਿਆਂ ਤੱਕ ਪਹੁੰਚਦਾ ਹੈ ਅਤੇ ਫਿਲਟਰਾਂ ’ਤੇ ਇਸ ਦਾ ਅਸਰ ਪੈਂਦਾ ਹੈ। ਇਸ ਨਾਲ ਪਿਸ਼ਾਬ ’ਚ ਪ੍ਰੋਟੀਨ ਦਾ ਰਿਸਾਅ ਹੁੰਦਾ ਹੈ। ਜੇ ਇਸ ਪ੍ਰੋਟੀਨ ਦੀ ਹਾਨੀ ਨੂੰ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ ਤਾਂ ਇਹ ਅੱਗੇ ਚੱਲ ਕੇ ਗੁਰਦਿਆਂ ਦੀਆਂ ਗੰਭੀਰ ਸਮੱਸਿਆਵਾਂ ਬਣ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8