ਕਈ ਘੰਟੇ ਬਿਜਲੀ ਗੁੱਲ ਰਹਿਣ ਦੇ ਵਿਰੋਧ ''ਚ ਲੋਕਾਂ ਨੇ ਕੱਢੀ ਪਾਵਰਕਾਮ ਵਿਰੁੱਧ ਭੜਾਸ
Sunday, Aug 20, 2017 - 07:13 AM (IST)

ਹੁਸ਼ਿਆਰਪੁਰ, (ਘੁੰਮਣ)- ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਸਥਿਤ ਕਸਬਾ ਭੂੰਗਾ 'ਚ ਬੀਤੇ ਕੁਝ ਦਿਨਾਂ ਤੋਂ ਬਿਜਲੀ ਦੀ ਨਾਮਾਤਰ ਸਪਲਾਈ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਕਟੌਤੀ ਤੋਂ ਪ੍ਰੇਸ਼ਾਨ ਲੋਕਾਂ ਨੇ ਪਾਵਰਕਾਮ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਐਡਵੋਕੇਟ ਸਰਬਜੀਤ ਸਿੰਘ, ਰਾਜਨ ਮਨਖੜ, ਸਤੀਸ਼ ਘਈ, ਮਹਿੰਦਰ ਕੌਰ, ਸ਼ਾਮਾ ਰਾਣੀ, ਤੀਰਥ ਸਿੰਘ, ਰਾਜ ਕੁਮਾਰ, ਰਾਣਾ ਘਈ, ਤਲਵਿੰਦਰ ਕੁਮਾਰ ਆਦਿ ਦੀ ਅਗਵਾਈ ਹੇਠ ਆਯੋਜਿਤ ਰੋਸ ਮੁਜ਼ਾਹਰੇ 'ਚ ਲੋਕਾਂ ਨੇ ਕਿਹਾ ਕਿ ਕਸਬਾ ਭੂੰਗਾ 'ਚ ਸਰਕਾਰੀ ਹਸਪਤਾਲ, ਸਬ-ਤਹਿਸੀਲ, ਸੀਨੀਅਰ ਸੈਕੰਡਰੀ ਸਕੂਲ 'ਚ ਕੰਮਕਾਜ ਬਿਜਲੀ ਗੁੱਲ ਰਹਿਣ ਕਾਰਨ ਕਾਫ਼ੀ ਪ੍ਰਭਾਵਿਤ ਹੁੰਦਾ ਹੈ।
ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਦੇ ਨੋਟਿਸ 'ਚ ਵੀ ਸਾਰੀ ਸਥਿਤੀ ਲਿਆ ਚੁੱਕੇ ਹਾਂ ਪਰ ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ 17 ਅਗਸਤ ਦੀ ਰਾਤ ਨੂੰ 10 ਵਜੇ ਤੋਂ 18 ਅਗਸਤ ਸਵੇਰ ਤੱਕ ਬਿਜਲੀ ਦੀ ਸਪਲਾਈ ਬਿਲਕੁਲ ਠੱਪ ਰਹੀ। ਇਸੇ ਤਰ੍ਹਾਂ 18 ਅਗਸਤ ਦੀ ਰਾਤ ਨੂੰ ਵੀ ਰਾਤ 10 ਵਜੇ ਤੋਂ ਸਵੇਰੇ 8 ਵਜੇ ਤੱਕ ਪਿੰਡ 'ਚ ਬਿਜਲੀ ਠੱਪ ਰਹੀ।