ਮੇਰੇ ਪਿੰਡ ਦੇ ਲੋਕ- 12 : ' ਜੰਗੀ ਵੀਰਾ '

Tuesday, May 26, 2020 - 01:04 PM (IST)

ਮੇਰੇ ਪਿੰਡ ਦੇ ਲੋਕ- 12 : ' ਜੰਗੀ ਵੀਰਾ '

ਰੁਪਿੰਦਰ ਸੰਧੂ  

ਸਾਡੇ ਘਰ ਦੇ ਨਹਿਰ ਵਾਲੇ ਪਾਸੇ ਵੱਡੀ ਕੰਧ ਨਾਲ ਬੜੇ ਦਰੱਖਤ ਲੱਗੇ ਹੋਏ ਸਨ, ਜਿਨ੍ਹਾਂ ਦੀ ਛਾਂ ਅੱਧੀ ਘਰ ਦੇ ਵਿਹੜੇ ਵਿੱਚ ਅਤੇ ਅੱਧੀ  ਬਾਹਰ ਕੰਧ ਦੇ ਨਾਲ-ਨਾਲ ਸਾਰਾ ਦਿਨ ਰਹਿੰਦੀ ਸੀ। ਉੱਥੇ ਹੀ ਨਹਿਰ ’ਤੇ ਲੱਗੇ ਬੋਹੜਾਂ ਥੱਲੇ ਅੱਧੇ ਪਿੰਡ ਦੇ ਬੰਦੇ ਤਾਸ਼ ਖੇਡਣ ਬੈਠੇ ਰਹਿੰਦੇ। ਇੱਕ ਦਿਨ ਇੱਕ ਵੀਹਾਂ ਕੁ ਵਰ੍ਹਿਆਂ ਦਾ ਮੁੰਡਾ ਮੇਰੇ ਡੈਡੀ ਹੁਣਾਂ ਨੂੰ ਪੁੱਛਣ ਆਇਆ ਵੀ ਨਹਿਰ ਵਾਲੇ ਪਾਸੇ ਕੰਧ ਨਾਲ ਉਹ ਸਾਇਕਲਾਂ ਦੀ ਦੁਕਾਨ ਕਰ ਲਵੇ ? ਡੈਡੀ ਹੁਣਾਂ ਦੇ ਹਾਂ ਕਹਿਣ ’ਤੇ ਕੁਝ ਕੁ ਦਿਨਾਂ ਬਾਅਦ ਹੀ ਉਸ ਨੇ ਉਸ ਕੰਧ ਨਾਲ ਇੱਕ ਵੱਡਾ ਸਾਰਾ ਲੱਕੜ ਦਾ ਖੋਖਾ ਲਿਆ ਕੇ ਧਰ ਲਿਆ ਸੀ। ਸਾਡੀ ਮਾਂ ਹੁਣਾਂ ਨੇ ਦੱਸਿਆ ਵੀ ਇਹ ਸਬਜ਼ੀ ਵਾਲੇ 'ਬਾਮੀ' ਦਾ ਛੋਟਾ ਭਰਾ 'ਜੰਗੀ 'ਏ।   ਖੋਖੇ ਦੇ ਬਾਹਰ ਲੱਗੀ ਨਿੰਮ ਨਾਲ ਉਹ ਚਾਰ-ਪੰਜ ਪੁਰਾਣੇ ਟਾਇਰ ਟੰਗ ਛੱਡਦਾ ਸੀ। ਉਹਨੂੰ ਜਿਹੜੀ ਵੀ ਚੀਜ਼ ਦੀ ਜਰੂਰਤ ਹੁੰਦੀ ਤਾਂ  ਅਕਸਰ ਘਰੋਂ ਲੈਣ ਆਇਆ ਕਰਦਾ ਸੀ ।

ਮੇਰੀ ਮਾਂ ਹੁਣੀਂ ਜਦੋਂ ਦੋ ਤਿੰਨ ਵਾਰ ਚਾਹ ਬਣਾਉਂਦੀਆਂ ਤਾਂ ਉਹਨੂੰ ਆਖ ਦਿੰਦੀਆਂ ਵੀ ਘਰੋਂ ਚਾਹ ਫੜਕੇ ਲੈ ਜਾਇਆ ਕਰ ਤੇ ਕਦੇ-ਕਦੇ ਸਾਨੂੰ ਵੀ ਕਹਿ ਦਿੰਦੀਆਂ ਵੀ 'ਜੰਗੀ'ਨੂੰ ਚਾਹ ਫੜਾ ਆਓ। ਇਸੇ ਕਰਕੇ ਉਹਦੀ ਵਾਹਵਾ ਸਾਂਝ ਪੈ ਗਈ ਸੀ ਸਾਡੇ ਟੱਬਰ ਨਾਲ। ਅਸੀਂ ਵੀ ਹੌਲੀ-ਹੌਲੀ ਉਹਦੇ ਖੋਖੇ ਦੇ ਕੋਲ ਲੱਗੇ ਬੈਂਚਾਂ ਜਿਹਿਆਂ ’ਤੇ ਜਾਕੇ ਬੈਠ ਜਾਣਾ। ਇਸ ਸਾਂਝ ਕਰਕੇ ਹੁਣ ਉਹ ਸਾਡਾ ਸਾਰੇ ਨਿਆਣਿਆਂ ਦਾ ਜੰਗੀ ਵੀਰਾ ਬਣ ਗਿਆ ਸੀ। ਨਿੰਮ ਨਾਲ ਟੰਗੇ ਉਹਦੇ ਟਾਇਰਾਂ ਨਾਲ ਝੂਟਦੇ ਰਹਿਣਾ, ਕਦੇ ਉਹਦੇ ਖੋਖੇ ’ਚ ਪਏ ਸਮਾਨ ਨੂੰ ਫਰੋਲਦੇ ਰਹਿਣਾ ਪਰ ਵੀਰੇ ਨੇ ਸਾਨੂੰ ਕਦੇ ਨਹੀਂ ਸੀ ਝਿੜਕਿਆ। ਵੀਰੇ ਦੇ ਖੋਖੇ ’ਤੇ ਰੌਣਕ ਬੜੀ ਲੱਗੀ ਰਹਿਣੀ। ਸਾਰਾ ਦਿਨ ਉਹਦਾ ਕੰਮ ਨਹੀਂ ਸੀ ਮੁੱਕਦਾ।

ਖਾਸਕਰ ਗਰਮੀਆਂ ਵਿੱਚ ਤਾਂ ਉਹ ਸਵੇਰੇ ਸੱਤ ਵੱਜੇ ਤੋਂ ਹੀ ਦੁਕਾਨ ’ਤੇ ਆ ਜਾਂਦਾ ਤੇ ਰਾਤ ਤੱਕ ਉਹਨੇਂ ਕੰਮ ਕਰਦੇ ਰਹਿਣਾ। ਉਹਦੀ ਦੁਕਾਨ ਤੇ ਪਿਆ ਪੈਂਚਰ ਲਾਉਣ ਵਾਲਾ ਸਲੋਸ਼ਨ ਜਿਹਾ ਤਾਂ ਅਸੀਂ ਐਵੇਂ ਚੀਜਾਂ ਜੋੜ-ਜੋੜ ਖਰਾਬ ਕਰੀ ਜਾਣਾ । ਸਾਡੀਆਂ ਮਾਵਾਂ ਨੇਂ ਸਾਨੂੰ ਝਿੜਕਣਾਂ ਵੀ, " ਜੰਗੀ ਤਾਂ ਗੂੰਗਾ ਜਿਹੜਾ ਤੁਹਾਨੂੰ ਕੁਝ ਕਹਿੰਦਾ  ਨੀਂ, ਉਹਨੂੰ ਚਾਹੀਦਾ ਤੁਹਾਡੇ ਧਰਿਆ ਕਰੇ ਦੋ-ਦੋ। ਪਰ ਨਾ ਵੀਰੇ ਨੇ ਕੁੱਝ ਕਹਿਣਾ ਨਾ ਅਸੀਂ ਟਲਦੇ ਸੀ। ਕਦੇ-ਕਦੇ ਉਹ ਮੇਰੀ ਮਾਂ ਹੁਣਾਂ ਤੋਂ ਕੁੱਝ ਕੁ ਪੈਸੇ ਉਧਾਰ ਵੀ ਲੈਂਦਾ ਹੁੰਦਾ ਸੀ, ਖਾਸਕਰ ਜਦੋਂ ਉਹਨੇਂ ਸ਼ਹਿਰੋਂ ਸਾਇਕਲਾਂ ਦਾ ਸਮਾਨ ਲੈਣ ਜਾਣਾਂ ਹੁੰਦਾ ਸੀ।

ਕਈ ਵਾਰ ਉਹਨੇਂ ਦੁਪਹਿਰਾਂ ਵਿੱਚ ਮੰਮੀਂ ਅਤੇ ਤਾਈ ਜੀ ਕੋਲ ਬੈਠੇ ਰਹਿਣਾ ਅਤੇ ਫਿਰ ਦੱਸਦਾ ਹੁੰਦਾ ਸੀ ਵੀ, " ਉਹਦੀ ਬਜ਼ੁਰਗ ਬੀਬੀ ਤੋਂ ਹੁਣ ਬਹੁਤਾ ਕੰਮ ਨੀਂ ਹੁੰਦਾ ਤੇ ਉਹਦੀਆਂ ਦੋਵੇਂ ਭਾਬੀਆਂ ਉਹਦੇ ਮਾਂ ਪਿਓ ਨੂੰ ਅਤੇ ਜੰਗੀ ਨੂੰ ਭੋਰਾ ਨੀ ਨੱਕ ’ਤੇ ਧਰਦੀਆਂ। ਜੰਗੀ ਵੀਰਾ ਦਸਵੀਂ ਪਾਸ ਸੀ। ਮੁੜ ਉਹਨੇ ਸ਼ਾਇਦ ਬਾਰਵੀਂ ਵੀ ਪਾਸ ਕਰ ਲਈ ਸੀ ਪ੍ਰਾਈਵੇਟ। ਜਦੋਂ ਵੀ ਕਿਸੇ ਨੇ ਦੱਸਣਾ ਵੀ ਕਿਤੇ ਪੁਲਸ ਜਾਂ ਫੌਜ ਦੀ ਭਰਤੀ ਨਿੱਕਲੀ ਏ ਤਾਂ ਉਹ ਜਰੂਰ ਵੇਖਣ ਜਾਂਦਾ ਸੀ । ਕਈ ਵਾਰ ਉਹਨੇਂ ਚਾਰਾ ਲਾਇਆ ਵੀ ਉਹ ਭਰਤੀ ਹੋ ਜਾਵੇ ਪਰ ਹਰ ਵਾਰ ਵਿਚਾਰਾ ਉਦਾਸ ਹੀ ਮੁੜਦਾ ।

ਕਦੇ -ਕਦੇ ਉਹ ਡੈਡੀ ਹੁਣਾਂ ਨੂੰ ਦੱਸਦਾ ਹੁੰਦਾ ਸੀ ਵੀ " ਵੀਰੇ ਉਹ ਫਲਾਣਾ ਬੰਦਾ ਕਹਿੰਦਾ ਵੀ ਪੰਜਾਹ ਕੁ ਹਜ਼ਾਰ ਲੱਗੂ ਮੈਂ ਤੇਰਾ ਭਰਤੀ ਵਾਲਾ ਕੰਮ ਕਰਵਾ ਸਕਦਾਂ। ਪਰ ਡੈਡੀ ਹੁਣਾਂ ਉਹਨੂੰ ਹਮੇਸ਼ਾ ਸਲਾਹ ਦੇਣੀਂ ਵੀ ਕਿੱਧਰੇ ਪੈਸੇ ਨਾ ਫਸਾ ਕੇ ਬੈਠ ਜਾਵੀਂ , ਲੋਕਾਂ ਦਾ ਭਰੋਸਾ ਕੋਈ ਨੀ, ਮੁੜ ਕੇ ਔਖਾ ਹੋਵੇਗਾ। ਇਸੇ ਤਰ੍ਹਾਂ ਕਈਆਂ ਵਰ੍ਹਿਆਂ ਦਾ ਵਕਤ ਬੀਤ ਗਿਆ, ਉਹਦੀ ਮਾਂ ਨੇ ਕਦੇ-ਕਦੇ ਸਾਡੇ ਘਰ ਆਉਣਾ ਤਾਂ ਕਹਿਣਾ ਕਿ " ਤੀਹਾਂ ਵਰ੍ਹਿਆਂ ਦੇ ਨੇੜੇ ਹੋ ਗਿਆ ਕੁੜੇ ਇਹ ਪਰ ਇਹਦਾ ਰਿਸ਼ਤਾ ਨੀਂ ਹੁੰਦਾ ਕਿਤੇ, ਉਹ ਕਦੇ-ਕਦੇ ਨਹਿਰ ’ਚ ਮਾਂਹ ਦੀ ਦਾਲ ਪਾਉਣ ਵੀ ਆਉਂਦੀ ਹੁੰਦੀ ਸੀ, ਕਹਿੰਦੀ ਹੁੰਦੀ, ਇਹਦੇ ਸੰਯੋਗ ਬੰਨੇਂ ਨੇ ਕਿਸੇ ਨੇ । ਹੁਣ ਤਾਂ ਜੰਗੀ ਵੀਰੇ ਨੇਂ ਖੋਖਾ ਛੱਡ ਦੋ ਕੁ ਸੌ ਮੀਟਰ ਦੀ ਦੂਰੀ ’ਤੇ ਥਾਂ ਖਰੀਦ ਦੁਕਾਨ ਵੀ ਬਣਾ ਲਈ ਸੀ ਪਰ ਵਿਆਹ ਉਹਦਾ ਤੀਹਾਂ ਵਰ੍ਹਿਆਂ ਤੋਂ ਉੱਪਰ ਜਾਕੇ ਹੀ ਹੋਇਆ।

PunjabKesari

ਘਰ ਵਾਲੀ  ਸ਼ਰਮੀਲੀ ਜਿਹੀ ਸੀ ਉਹਦੀ ਬਾਹਲੀ, ਘੱਟ ਹੀ ਬੋਲਦੀ ਸੀ ਕਿਸੇ ਨਾਲ। ਹੁਣ ਤਾਂ ਵਰ੍ਹਿਆਂ ਦਾ ਵਕਤ ਲੰਘ ਗਿਆ ।ਪਿੰਡ ਜਾਈਦਾ ਤਾਂ ਵੀਰਾ ਹੁਣ ਵੀ ਮਿਲ ਜਾਂਦਾ । ਉਹਦੀ ਚਿੱਟੀ ਹੋਈ ਦਾਹੜੀ ਦੱਸਦੀ ਏ ਵੀ ਉਹ ਹੁਣ ਕਬੀਲਦਾਰੀਆਂ ਵਾਲਾ ਜੰਗੀ ਬਣ ਗਿਆ ਏ, ਸਾਡੇ ਘਰ ਉਹ ਹੁਣ ਵੀ ਮੇਰੀ ਮਾਂ ਹੁਣਾਂ ਨਾਲ ਦੁੱਖ-ਸੁੱਖ ਕਰ ਲੈਂਦਾ ਪਰ ਉਹ ਦੁੱਖ-ਸੁੱਖ  ਭਾਬੀਆਂ ਤੋਂ ਬਦਲਕੇ ਕਾਰੋਬਾਰ ਤੇ ਨਿਆਣਿਆਂ ਦਾ ਰੂਪ ਬਦਲ ਗਿਆ ਬਸ ਹੋਰ ਕੁੱਝ ਨਹੀਂ ਬਦਲਿਆ ।
 


author

rajwinder kaur

Content Editor

Related News