ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ, ਆਟੋ ਚਾਲਕਾਂ ਵਲੋਂ ''ਲੁੱਟ'' ਸ਼ੁਰੂ

Saturday, Apr 21, 2018 - 07:38 AM (IST)

ਮੋਹਾਲੀ  (ਨਿਆਮੀਆਂ) - ਸ਼ਹਿਰ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਬੱਸ ਅੱਡੇ ਨੂੰ ਸਰਕਾਰ ਦੀਆਂ ਹਦਾਇਤਾਂ ਉਪਰੰਤ ਅਚਾਨਕ ਬੰਦ ਕਰਨ ਦੀ ਗਮਾਡਾ ਦੀ ਕਾਰਵਾਈ ਕਾਰਨ ਜਿਥੇ ਆਮ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ, ਉਥੇ ਆਮ ਲੋਕਾਂ ਵਿਚ ਸਰਕਾਰ ਦੀ ਇਸ ਕਾਰਵਾਈ ਪ੍ਰਤੀ ਰੋਸ ਵੀ ਵਧਣਾ ਸ਼ੁਰੂ ਹੋ ਗਿਆ ਹੈ। ਫੇਜ਼-8 ਵਿਚਲੇ ਇਸ ਪੁਰਾਣੇ ਬੱਸ ਅੱਡੇ ਤੋਂ ਸ਼ਹਿਰ ਦੇ ਬਾਹਰਵਾਰ ਫੇਜ਼-6 ਵਿਚ ਬਣਾਏ ਗਏ ਨਵੇਂ ਬੱਸ ਅੱਡੇ ਤਕ ਪਹੁੰਚਣ ਦਾ ਕੋਈ ਲੋੜੀਂਦਾ ਪ੍ਰਬੰਧ ਨਾ ਹੋਣ ਕਾਰਨ ਜਾਂ ਤਾਂ ਲੋਕ ਆਟੋ ਚਾਲਕਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਤੇ ਜਾਂ ਉਹ ਫੇਜ਼-6 ਵਾਲੇ ਬੱਸ ਅੱਡੇ ਤਕ ਜਾਣ ਦੀ ਥਾਂ ਚੰਡੀਗੜ੍ਹ ਦੇ ਸੈਕਟਰ-43 ਵਿਚਲੇ ਬੱਸ ਅੱਡੇ 'ਤੇ ਜਾਣ ਨੂੰ ਤਰਜੀਹ ਦੇ ਰਹੇ ਹਨ। ਗਮਾਡਾ ਵਲੋਂ ਭਾਵੇਂ ਬੱਸ ਅੱਡੇ ਦੀ ਥਾਂ ਦੇ ਪਲੇਟਫਾਰਮ ਅਤੇ ਬੱਸਾਂ ਦੇ ਖੜ੍ਹਨ ਵਾਲੀ ਪਾਰਕਿੰਗ ਨੂੰ ਜੇ. ਸੀ. ਬੀ. ਮਸ਼ੀਨ ਚਲਾ ਕੇ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਪ੍ਰਾਈਵੇਟ ਬੱਸਾਂ ਵਾਲੇ ਇਸ ਬੱਸ ਅੱਡੇ ਦੇ ਬਾਹਰਵਾਰ ਬੱਸਾਂ ਖੜ੍ਹੀਆਂ ਕਰਕੇ ਉਥੋਂ ਸਵਾਰੀਆਂ ਢੋਅ ਰਹੇ ਹਨ। ਹਾਲਾਂਕਿ ਇਸ ਅੱਧੀ-ਅਧੂਰੀ ਬੱਸ ਸਰਵਿਸ ਦਾ ਸ਼ਹਿਰ ਵਾਸੀਆਂ ਨੂੰ ਪੂਰਾ ਫਾਇਦਾ ਨਹੀਂ ਹੋ ਰਿਹਾ, ਉਲਟਾ ਉਨ੍ਹਾਂ ਵਿਚ ਇਹ ਭੁਲੇਖਾ ਬਣਦਾ ਹੈ ਕਿ ਉਹ ਬੱਸ ਲੈਣ ਲਈ ਫੇਜ਼-8 ਦੇ ਪੁਰਾਣੇ ਬੱਸ ਅੱਡੇ ਜਾਣ ਜਾਂ ਫਿਰ ਨਵੇਂ ਬੱਸ ਅੱਡੇ ਵਿਚ ਜਾਣ।
ਫੇਜ਼-8 ਦੇ ਇਸ ਪੁਰਾਣੇ ਬੱਸ ਅੱਡੇ ਤੋਂ ਜਿਥੇ ਵੱਖ-ਵੱਖ ਸ਼ਹਿਰਾਂ ਲਈ ਬੱਸਾਂ ਚੱਲਦੀਆਂ ਸਨ, ਉਥੇ ਇਸ ਥਾਂ ਤੋਂ ਪੀ. ਆਰ. ਟੀ. ਸੀ. ਵਲੋਂ ਪਟਿਆਲਾ ਲਈ ਬੱਸ ਸਰਵਿਸ ਚਲਾਈ ਜਾ ਰਹੀ ਸੀ। ਇਹ ਬੱਸਾਂ ਅਜੇ ਵੀ ਇਥੋਂ ਹੀ ਚੱਲ ਰਹੀਆਂ ਹਨ ਪਰ ਗਮਾਡਾ ਵਲੋਂ ਬੱਸ ਅੱਡਾ ਤੋੜ ਦਿੱਤੇ ਜਾਣ ਕਾਰਨ ਇਹ ਬੱਸਾਂ ਹੁਣ ਬੱਸ ਸਟੈਂਡ ਦੇ ਅੱਗੇ ਬਣੀ ਸੜਕ ਜਾਂ ਆਸ-ਪਾਸ ਦੀ ਖਾਲੀ ਥਾਂ 'ਤੇ ਖੜ੍ਹੀਆਂ ਰਹਿੰਦੀਆਂ ਹਨ ਅਤੇ ਉਥੋਂ ਹੀ ਸਵਾਰੀਆਂ ਚੁੱਕ ਲੈਂਦੀਆਂ ਹਨ। ਇਸ ਸਬੰਧੀ ਗੱਲ ਕਰਨ 'ਤੇ ਇਨ੍ਹਾਂ ਬੱਸਾਂ ਦੇ ਡਰਾਈਵਰ-ਕੰਡਕਟਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਵੇਂ ਬੱਸ ਅੱਡੇ ਤੋਂ ਸਵਾਰੀਆਂ ਨਹੀਂ ਮਿਲਦੀਆਂ ਤੇ ਇਸ ਅੱਡੇ ਤੋਂ ਹੀ ਸਵਾਰੀਆਂ ਮਿਲਦੀਆਂ ਹੋਣ ਕਾਰਨ ਉਹ ਫੇਜ਼-8 ਤੋਂ ਹੀ ਸਵਾਰੀਆਂ ਚੁੱਕ ਰਹੇ ਹਨ।
ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਗਮਾਡਾ ਵਲੋਂ ਬਿਨਾਂ ਕਿਸੇ ਤਿਆਰੀ ਦੇ ਅਤੇ ਲੋਕਾਂ ਲਈ ਬਦਲਵਾਂ ਪ੍ਰਬੰਧ ਕੀਤੇ ਬਿਨਾਂ ਇਸ ਬੱਸ ਅੱਡੇ ਦੀ ਢੋਆ-ਢੁਆਈ ਦੀ ਕਾਰਵਾਈ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲਗਭਗ ਸਾਰੇ ਦਫਤਰ, ਜਿਨ੍ਹਾਂ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ, ਗਮਾਡਾ ਦਾ ਮੁੱਖ ਦਫਤਰ, ਫੋਰਟਿਸ ਹਸਪਤਾਲ, ਜੰਗਲਾਤ ਵਿਭਾਗ, ਪੇਂਡੂ ਵਿਕਾਸ ਵਿਭਾਗ, ਸਿੱਖਿਆ ਵਿਭਾਗ ਅਤੇ ਹੋਰ ਕਈ ਅਹਿਮ ਦਫਤਰ ਇਸ ਖੇਤਰ ਵਿਚ ਹੀ ਬਣੇ ਹੋਏ ਹਨ, ਜਿਨ੍ਹਾਂ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਲਈ ਆਉਂਦੇ ਹਨ। ਬਾਹਰੋਂ ਆਉਣ ਵਾਲੀਆਂ ਬੱਸਾਂ ਫੇਜ਼-6 ਦੇ ਬੱਸ ਅੱਡੇ 'ਤੇ ਇਹ ਸਵਾਰੀਆਂ ਉਤਾਰ ਦਿੰਦੀਆਂ ਹਨ ਤੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਫੇਜ਼-8 ਤਕ ਪਹੁੰਚਣ ਵਾਸਤੇ ਆਟੋ ਚਾਲਕਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹਾ ਹੀ ਵਾਪਸ ਮੁੜਨ ਵੇਲੇ ਵੀ ਹੁੰਦਾ ਹੈ। ਆਟੋ ਵਾਲੇ ਇਕ ਪਾਸੇ ਦੇ 50 ਰੁਪਏ (ਸਵਾਰੀ) ਤੋਂ ਘੱਟ ਨਹੀਂ ਲੈਂਦੇ, ਜਿਸ ਕਰਕੇ ਲੋਕਾਂ ਦਾ ਪੈਸਾ ਅਤੇ ਸਮਾਂ ਦੋਵੇਂ ਬਰਬਾਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਸਿਟੀ ਬੱਸ ਸਰਵਿਸ ਚਾਲੂ ਹੋਣਾ ਅਜੇ ਦੂਰ ਦੀ ਗੱਲ ਹੈ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੁਰਾਣੇ ਬੱਸ ਅੱਡੇ ਤੋਂ ਹਰ 15 ਮਿੰਟਾਂ ਬਾਅਦ ਫੇਜ਼-6 ਦੇ ਨਵੇਂ ਬੱਸ ਅੱਡੇ ਲਈ ਬੱਸ ਸਰਵਿਸ ਸ਼ੁਰੂ ਚਾਲੂ ਕਰੇ, ਤਾਂ ਜੋ ਲੋਕਾਂ ਨੂੰ ਇਸ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇ।


Related News