ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਹੋ ਸਕਦੇ ਹਨ ਭਿਆਨਕ ਬੀਮਾਰੀਆਂ ਦੇ ਸ਼ਿਕਾਰ, ਸਿਹਤ ਵਿਭਾਗ ਨੇ ਕੱਸੀ ਕਮਰ
Friday, Sep 05, 2025 - 05:39 PM (IST)

ਤਰਨਤਾਰਨ (ਰਮਨ)-ਲਗਾਤਾਰ ਹੋ ਰਹੀ ਬਰਸਾਤ ਅਤੇ ਪਾਣੀ ਦੇ ਥਾਂ-ਥਾਂ ਜਮ੍ਹਾਂ ਹੋਣ ਦੇ ਚੱਲਦਿਆਂ ਜਿੱਥੇ ਲੋਕਾਂ ਨੂੰ ਹੜ੍ਹ ਦੀ ਚਿੰਤਾ ਦਿਨ-ਰਾਤ ਸਤਾ ਰਹੀ ਹੈ, ਉਥੇ ਹੀ ਆਉਣ ਵਾਲੇ ਸਮੇਂ ਵਿਚ ਲਗਾਤਾਰ ਖੜ੍ਹੇ ਹੋਣ ਵਾਲੇ ਪਾਣੀ ਕਰਕੇ ਡੇਂਗੂ, ਮਲੇਰੀਆ, ਚਿਕਨ ਗੁਨੀਆ ਤੋਂ ਇਲਾਵਾ ਦਸਤ, ਚਮੜੀ ਅਤੇ ਪੇਟ ਰੋਗਾਂ ਦੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣ ਚੁੱਕਾ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਆਪਣੀ ਕਮਰ ਕੱਸ ਲਈ ਗਈ ਹੈ ਅਤੇ ਇਸ ਦੌਰਾਨ ਰੋਜ਼ਾਨਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ਵਿਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ 400 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ
ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋਈ ਬਰਸਾਤ ਦਾ ਸਾਰਾ ਪਾਣੀ ਬਿਆਸ ਦਰਿਆ ਰਾਹੀਂ ਅੱਗੇ ਹੁਸੈਨੀ ਵਾਲਾ ਨੂੰ ਜਾ ਰਿਹਾ ਹੈ, ਜਿਸ ਵਿਚ ਸਤਲੁਜ ਦਾ ਪਾਣੀ ਵੀ ਆ ਰਿਹਾ ਹੈ। ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਕਰਕੇ ਕਈ ਲੋਕ ਘਰਾਂ ਤੋਂ ਬੇਘਰ ਹੋ ਚੁੱਕੇ ਹਨ, ਜਿਨ੍ਹਾਂ ਨੂੰ ਮਜਬੂਰੀ ਵਿਚ ਤੰਬੂ ਲਗਾ ਕੇ ਜੰਗਲ ਵਰਗੇ ਮਾਹੌਲ ਵਿਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਸਾਫ ਸੁਥਰੇ ਖਾਣ-ਪੀਣ ਵਾਲੇ ਮਾਹੌਲ ਅੰਦਰ ਆਪਣਾ ਜੀਵਨ ਬਤੀਤ ਕਰਨ ਵਾਲੇ ਬੱਚੇ ਬਜ਼ੁਰਗ ਅਤੇ ਆਮ ਲੋਕਾਂ ਨੂੰ ਜਦੋਂ ਪੀਣ ਲਈ ਸਾਫ ਸੁਥਰਾ ਪਾਣੀ ਅਤੇ ਗੰਦਗੀ ਭਰੇ ਮਾਹੌਲ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈਣ ਕਰਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪਠਾਨਕੋਟ 'ਚ ਲੈਂਡਸਲਾਈਡ
ਇਸ ਬਰਸਾਤੀ ਮੌਸਮ ਦੌਰਾਨ ਮੱਛਰ ਦਾ ਵੀ ਡੰਗ ਤੇਜ਼ ਹੋ ਚੁੱਕਾ ਹੈ, ਜਿਸ ਦੇ ਚੱਲਦਿਆਂ ਲੋਕ ਅਤੇ ਬੱਚਿਆਂ ਨੂੰ ਦਸਤ, ਚਮੜੀ, ਪੇਟ ਰੋਗਾਂ ਤੋਂ ਇਲਾਵਾ ਮਲੇਰੀਆ, ਚਿਕਨ ਗੁਨੀਆ, ਡੇਂਗੂ ਅਤੇ ਟਾਈਫਾਇਡ ਵਰਗੀਆਂ ਭਿਆਨਕ ਬੀਮਾਰੀਆਂ ਨੇ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਲਿਆ ਹੈ ਕਿਉਂਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੌਜੂਦ ਲੋਕਾਂ ਦੀ ਸਿਹਤ ਉਪਰ ਤਿੱਖੀ ਨਜ਼ਰ ਰੱਖਦੇ ਹੋਏ ਸ਼ੱਕੀ ਵਿਅਕਤੀਆਂ ਦੇ ਡੇਂਗੂ ਸਬੰਧੀ ਟੈਸਟ ਕਰਨ ਦੇ ਵੀਰਵਾਰ ਵਾਲੇ ਦਿਨ ਆਦੇਸ਼ ਵੀ ਜਾਰੀ ਕਰ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐਪੀਡੋਮਾਈਲੋਜਿਸਟ ਅਫਸਰ ਡਾਕਟਰ ਰਾਗਵ ਗੁਪਤਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਕਰਕੇ ਲੋਕਾਂ ਨੂੰ ਦਸਤ, ਮਲੇਰੀਆ, ਚਿਕਨਗੁਨੀਆ ਡੇਂਗੂ ਆਦਿ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਜਿੱਥੇ ਇਨ੍ਹਾਂ ਬੀਮਾਰੀਆਂ ਤੋਂ ਬਚਣ ਸਬੰਧੀ ਜਾਗਰੂਕ ਕਰ ਰਹੀਆਂ ਹਨ, ਉਥੇ ਹੀ ਲੋਕਾਂ ਨੂੰ ਵੱਖ-ਵੱਖ ਕਿਸਮ ਦੀਆਂ ਸਹੂਲਤਾਂ ਪ੍ਰਧਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਵੱਲੋਂ ਵੀਰਵਾਰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੌਜੂਦ ਲੋਕਾਂ ਨੂੰ ਜੇ ਡੇਂਗੂ, ਮਲੇਰੀਆ ਅਤੇ ਚਿਕਨ ਗੁਨੀਆਂ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਨ੍ਹਾਂ ਦੇ ਮੌਕੇ ’ਤੇ ਹੀ ਮੁਫਤ ਟੈਸਟ ਸਬੰਧੀ ਸੈਂਪਲ ਲਏ ਜਾਣ। ਡਾਕਟਰ ਰਾਘਵ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹੁਣ ਮਰੀਜ਼ਾਂ ਦੇ ਮੌਕੇ ’ਤੇ ਡੇਂਗੂ, ਮਲੇਰੀਆ, ਚਿਕਨ ਗੁਨੀਆ ਆਦਿ ਸਬੰਧੀ ਸੈਂਪਲ ਲੈਣੇ ਸ਼ੁਰੂ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ-ਵੱਡੀ ਵਾਰਦਾਤ: ਵਿਅਕਤੀ ਦਾ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਸਹਾਇਕ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ ਤਰਨਤਾਰਨ ਡਾਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਵੱਲੋਂ ਜਾਰੀ ਹੋਏ ਹੁਕਮਾਂ ’ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਮਿਲੇ ਸਖਤ ਨਿਰਦੇਸ਼ਾਂ ਤਹਿਤ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਸਬੰਧੀ ਉਚਿਤ ਪ੍ਰਬੰਧ ਕਰਦੇ ਹੋਏ ਕਮਰ ਕੱਸ ਲਈ ਗਈ ਹੈ।
ਡਾਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲਾ ਤਰਨਤਾਰਨ ਅਧੀਨ ਆਉਂਦੇ 4 ਬਲਾਕ, ਜਿਨ੍ਹਾਂ ਵਿਚ ਮੀਆਂਵਿੰਡ , ਘਰਿਆਲਾ, ਸਰਹਾਲੀ ਅਤੇ ਖੇਮਕਰਨ ਸ਼ਾਮਲ ਹਨ ਦੇ ਕਰੀਬ 38 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਹੜ੍ਹ ਵਰਗੀ ਬਣੀ ਹੋਈ ਸਥਿਤੀ ਦੇ ਚੱਲਦਿਆਂ ਅੱਠ ਰੈਪੀਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ, ਜਿਸ ਵਿਚ ਡਾਕਟਰ, ਸਟਾਫ ਨਰਸ, ਫਾਰਮਾਸਿਸਟ, ਦਰਜਾ ਚਾਰ ਅਤੇ ਹੋਰ ਕਰਮਚਾਰੀ 24 ਘੰਟੇ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਸੱਤ ਮੋਬਾਈਲ ਟੀਮਾਂ ਜੋ ਰੋਜ਼ਾਨਾ ਵੱਖ-ਵੱਖ ਪਿੰਡਾਂ ਵਿਚ ਲੋਕਾਂ ਦੀ ਸਿਹਤ ਨੂੰ ਖਰਾਬ ਹੋਣ ਤੋਂ ਰੋਕਣ ਦੇ ਮੱਕਸਦ ਨਾਲ ਮੌਜੂਦ ਰਹਿੰਦੀਆਂ ਹਨ ਅਤੇ ਇਨ੍ਹਾਂ ਟੀਮਾਂ ਵੱਲੋਂ ਰੋਜ਼ਾਨਾ ਕਰੀਬ 400 ਮਰੀਜ਼ਾਂ ਦੀ ਓ.ਪੀ.ਡੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੱਛਰ ਅਤੇ ਉਸਦੇ ਲਾਰਵੇ ਨੂੰ ਖਤਮ ਕਰਨ ਲਈ ਫੌਗਿੰਗ ਕਰਵਾਈ ਜਾ ਰਹੀ ਹੈ ਅਤੇ ਇਸ ਦੌਰਾਨ ਸਿਹਤ ਵਿਭਾਗ ਦੇ 200 ਤੋਂ ਵੱਧ ਕਰਮਚਾਰੀ ਰੋਜ਼ਾਨਾ ਇਸ ਕੰਮ ਵਿਚ ਲੱਗੇ ਹੋਏ ਹਨ। ਇਸ ਦੇ ਨਾਲ ਹੀ 14 ਸਰਕਾਰੀ ਅਤੇ 10 ਪ੍ਰਾਈਵੇਟ ਐਂਬੂਲੈਂਸਾਂ ਤੋਂ ਇਲਾਵਾ 14 ਮੈਡੀਕਲ ਕੈਂਪ ਟੀਮਾਂ ਅਤੇ 21 ਰਿਲੀਫ ਕੈਂਪ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਸਿਵਲ ਸਰਜਨ ਡਾਕਟਰ ਸਤਿੰਦਰ ਭਗਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਸਰਹਾਲੀ ਦੇ ਐੱਸ.ਐੱਮ.ਓ ਡਾਕਟਰ ਜੀ.ਐੱਸ ਗਿੱਲ, ਘਰਿਆਲਾ ਦੇ ਐੱਸ.ਐੱਮ.ਓ ਡਾਕਟਰ ਨੀਤੂ ਚੱਡਾ, ਮੀਆਂਵਿੰਡ ਦੇ ਐੱਸ.ਐੱਮ.ਓ ਡਾਕਟਰ ਸ਼ਲਿੰਦਰ ਅਤੇ ਖੇਮਕਰਨ ਦੇ ਐੱਸ.ਐੱਮ.ਓ ਡਾਕਟਰ ਅਮਨ ਧੰਜੂ ਦੀ ਨਿਗਰਾਨੀ ਹੇਠ ਸਿਹਤ ਕਰਮਚਾਰੀ ਆਪੋ ਆਪਣੀਆਂ ਸਿਹਤ ਕਰਮਚਾਰੀ ਆਪੋ ਆਪਣੀਆਂ ਡਿਊਟੀਆਂ ਵਿਚ ਲੱਗੇ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਬਰਸਾਤੀ ਮੌਸਮ ਵਿਚ ਹੋ ਰਹੀ ਤਬਦੀਲੀ ਦੇ ਚੱਲਦਿਆਂ ਵੱਖ-ਵੱਖ ਬੀਮਾਰੀਆਂ ਤੋਂ ਬਚਾਉਣ ਸਬੰਧੀ ਸਿਹਤ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੱਪ ਅਤੇ ਹੋਰ ਜ਼ਹਿਰੀਲੇ ਜਾਨਵਰਾਂ ਦੇ ਕੱਟਣ ਸਬੰਧੀ ਐਂਟੀ ਸਨੇਕ ਵੈਨਮ ਅਤੇ ਐਂਟੀ ਰੈਬਿਜ ਟੀਕੇ ਤੱਕ ਮੁਹੱਈਆ ਕਰਵਾਏ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8