ਰੇਲਵੇ ਫਾਟਕ ਟੁੱਟਣ ਕਾਰਨ ਲੋਕ ਪ੍ਰੇਸ਼ਾਨ

03/15/2018 8:08:16 AM

ਗਿੱਦੜਬਾਹਾ (ਸੰਧਿਆ) - ਲੰਬੀ ਰੋਡ 'ਤੇ ਸਥਿਤ ਰੇਲਵੇ ਫਾਟਕ ਦੇ ਇਕ ਵਾਰ ਫਿਰ ਡਿੱਗਣ ਕਾਰਨ ਉੱਥੋਂ ਲੰਘ ਰਹੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਫਾਟਕ ਕਰੀਬ 3 ਵਾਰ ਟੁੱਟ ਕੇ ਡਿੱਗ ਚੁੱਕਾ ਹੈ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ।
ਰੇਲਵੇ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਸਮੇਂ-ਸਮੇਂ 'ਤੇ ਫਾਟਕ ਦੀ ਮੁਰੰਮਤ ਕਰਵਾਈ ਜਾਂਦੀ ਰਹੀ ਹੈ ਪਰ ਫਿਰ ਵੀ ਫਾਟਕ ਦੇ ਕਰੀਬ 25 ਫੁੱਟ ਪਾਈਪ ਦਾ ਟੁੱਕੜਾ ਕਦੇ ਵੀ ਕਿਸੇ ਦਾ ਜਾਨੀ-ਮਾਲੀ ਨੁਕਸਾਨ ਕਰ ਸਕਦਾ ਹੈ। ਉੱਥੋਂ ਲੰਘਣ ਵਾਲਿਆਂ ਲੋਕਾਂ ਨੇ ਦੱਸਿਆ ਕਿ ਸਵੇਰੇ ਜਦੋਂ ਰੇਲ ਗੱਡੀ ਆਉਣ ਸਮੇਂ ਰੇਲਵੇ ਦਾ ਫਾਟਕ ਬੰਦ ਕੀਤਾ ਗਿਆ ਤਾਂ ਉਕਤ ਪਾਈਪ ਅਚਾਨਕ ਟੁੱਟ ਗਿਆ। ਇਸ ਸਮੇਂ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਆਵਾਜਾਈ ਵਿਚ ਵਿਘਨ ਪੈਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਵਾਸੀਆਂ ਨੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੰਬੀ ਫਾਟਕ 'ਤੇ ਵਾਰ-ਵਾਰ ਫਾਟਕ ਦੀ ਪਾਈਪ ਟੁੱਟਣ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਮਜ਼ਬੂਤ ਪਾਈਪਾਂ ਲਵਾਈਆਂ ਜਾਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਕੀਤਾ ਜਾ ਸਕੇ।


Related News