ਕੁੜੀਆਂ ਤੋਂ ਕਰਵਾ ਰਹੇ ਸੀ ਜਿਸਮਫਰੋਸ਼ੀ ਦਾ ਧੰਦਾ, ਗਾਹਕ ਸਣੇ 3 ਲੋਕ ਗ੍ਰਿਫ਼ਤਾਰ
Tuesday, Jul 01, 2025 - 02:06 PM (IST)

ਮੋਹਾਲੀ (ਜੱਸੀ) : ਮੋਹਾਲੀ ਪੁਲਸ ਵੱਲੋਂ ਜਿਸਮਫਰੋਸ਼ੀ ਦਾ ਰੈਕਟ ਚਲਾਉਣ ਵਾਲਿਆਂ ਤੋਂ ਇਲਾਵਾ ਇਕ ਗਾਹਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਮਾਮਲੇ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਨਾਹਿਦ ਆਲਮ ਨਾਂ ਦੇ ਨੌਜਵਾਨ ਨੇ ਪੁਲਸ ਕੰਟਰੋਲ ਰੂਮ 112 ’ਤੇ ਆਪਣੇ ਨਾਲ ਤਿੰਨ ਹਜ਼ਾਰ ਰੁਪਏ ਦੀ ਲੁੱਟ ਹੋਣ ਦੀ ਸੂਚਨਾ ਦਿੱਤੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਉਸ ਨੇ ਆਪਣਾ ਫੋਨ ਬੰਦ ਕਰ ਲਿਆ। ਪੁਲਸ ਦਾ 112 ’ਤੇ ਕਾਲ ਕਰਨ ਵਾਲੇ ਨਾਲ ਜਿਵੇਂ ਹੀ ਸੰਪਰਕ ਹੋਇਆ ਤਾਂ ਸਾਹਮਣੇ ਆਇਆ ਕਿ ਨਾਹਿਦ ਨੇ ਪੁਲਸ ਨੂੰ ਝੂਠੀ ਕਹਾਣੀ ਦੱਸ ਕੇ ਗੁੰਮਰਾਹ ਕੀਤਾ ਹੈ।
ਪੁਲਸ ਨੇ ਜਦੋਂ ਇਸ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਨਾਹਿਦ ਨੇ ਆਨਲਾਈਨ ਐਪ ਰਾਹੀਂ ਕੁੜੀ ਦੀ ਮੰਗ ਕੀਤੀ ਸੀ। ਮੌਕੇ ’ਤੇ ਜਿਹੜੀ ਕੁੜੀ ਆਈ, ਉਸ ਦਾ ਨਾਹਿਦ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਕੁੜੀ ਪਹਿਲਾਂ ਤੋਂ ਹਾਸਲ ਕੀਤੇ ਗਏ ਪੈਸੇ ਨੂੰ ਲੈ ਕੇ ਚਲੀ ਗਈ। ਪੁਲਸ ਇਸ ਮਾਮਲੇ ਦੀ ਤੈਅ ਤੱਕ ਪਹੁੰਚੀ ਅਤੇ ਕੁੜੀ ਨੂੰ ਲੈ ਕੇ ਆਉਣ ਵਾਲਿਆਂ ਤੱਕ ਪਹੁੰਚ ਕੀਤੀ, ਜਿਨ੍ਹਾਂ ਦੀ ਪਛਾਣ ਪਵਨ ਕੁਮਾਰ ਤੇ ਗੁਰਲਾਲ ਸਿੰਘ ਉਰਫ਼ ਲਾਲੀ ਵਜੋਂ ਹੋਈ ਹੈ।
ਜਾਂਚ ’ਚ ਆਇਆ ਕਿ ਦੋਵੇਂ ਮੁਲਜ਼ਮ ਕੁੜੀਆਂ ਨੂੰ ਹੋਰਨਾਂ ਸੂਬਿਆਂ ਤੋਂ ਲਿਆ ਕੇ ਵੱਧ ਪੈਸੇ ਕਮਾਉਣ ਦਾ ਲਾਲਚ ਦੇ ਕੇ ਜਿਸਮਫਰੋਸ਼ੀ ਲਈ ਮਜਬੂਰ ਕਰਦੇ ਹਨ। ਇਸ ਸਬੰਧੀ ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਫ਼ੇਜ਼-11 ਦੇ ਮੁਖੀ ਇੰਸਪੈਕਟਰ ਅਮਨ ਬੈਦਵਾਣ ਦੀ ਨਿਗਰਾਨੀ ਹੇਠ ਜਾਂਚ ਟੀਮ ਵੱਲੋਂ ਨਾਹਿਦ ਆਲਮ ਹਾਲ ਵਾਸੀ ਪਿੰਡ ਮੌਲੀ ਬੈਦਵਾਣ, ਪਵਨ ਕੁਮਾਰ ਹਾਲ ਵਾਸੀ ਪਿੰਡ ਕੁੰਭੜਾ ਤੇ ਗੁਰਲਾਲ ਸਿੰਘ ਉਰਫ਼ ਲਾਲੀ ਹਾਲ ਵਾਸੀ ਕੁੰਭੜਾ ਖ਼ਿਲਾਫ਼ ਪਰਚਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੰਗਲਵਾਰ ਨੂੰ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।