Cyber ਠੱਗੀ ਦਾ ਸ਼ਿਕਾਰ ਲੋਕ ਮਿਹਣਿਆਂ ਤੋਂ ਪ੍ਰੇਸ਼ਾਨ! ਲੋਕ ਨਹੀਂ ਦਿੰਦੇ ਉਧਾਰ
Thursday, Jul 03, 2025 - 02:12 PM (IST)

ਲੁਧਿਆਣਾ: ਆਨਲਾਈਨ ਠੱਗੀ ਹੁਣ ਸਿਰਫ਼ ਪੈਸੇ ਗੁਆਉਣ ਤੱਕ ਸੀਮਤ ਨਹੀਂ ਰਹੀ। ਹਕੀਕਤ ਵਿਚ ਪੀੜਤਾਂ ਨੂੰ ਸਭ ਤੋਂ ਵੱਡਾ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਆਪਣੇ ਹੀ ਲੋਕ ਉਨ੍ਹਾਂ ਨੂੰ ਤਾਹਨੇ-ਮਿਹਣੇ ਮਾਰਨ ਲੱਗ ਜਾਂਦੇ ਹਨ। ਕੋਈ ਉਨ੍ਹਾਂ ਨੂੰ ਲਾਪਰਵਾਹ ਦੱਸਦਾ ਹੈ ਤਾਂ ਕੋਈ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਠੱਗੇ ਜਾਣ ਦਾ ਮਜ਼ਾਕ ਉਡਾਉਂਦੇ ਹਨ।
ਪੰਜਾਬ ਦੇ ਬਹੁਤ ਸਾਰੇ ਲੋਕ ਬੀਤੇ ਕੁਝ ਸਮੇਂ ਵਿਚ ਸਾਈਬਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਲੋਕਾਂ ਨੇ ਆਪਣਾ ਦਰਦ ਬਿਆਨ ਕੀਤਾ। ਜ਼ਿਆਦਾਤਰ ਪੀੜਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੈਸੇ ਜਾਣ ਦਾ ਦੁੱਖ ਤਾਂ ਹੈ ਹੀ, ਪਰ ਜਦੋਂ ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਤਾਂ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - AI ਨਾਲ ਕੱਢੀ ਆਵਾਜ਼ ਤੇ ਕੀਤੇ ਹਸਤਾਖ਼ਰ! MLA ਦੇ ਖਾਤੇ 'ਚੋਂ ਕੱਢਵਾ ਲਏ 3,20,00,000 ਰੁਪਏ
ਕਈ ਪੀੜਤਾਂ ਦਾ ਤਾਂ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਬੱਚੇ ਵੀ ਉਨ੍ਹਾਂ 'ਤੇ ਸ਼ੱਕ ਕਰਨ ਲੱਗ ਪਏ ਹਨ। ਉਨ੍ਹਾਂ ਨੂੰ ਖ਼ੁਦ ਵੀ ਬੱਚਿਆਂ ਅੱਗੇ ਬਹੁਤ ਸ਼ਰਮਿੰਦਗੀ ਹੁੰਦੀ ਹੈ। ਇਕ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਜਦੋਂ ਤੋਂ ਉਸ ਨਾਲ ਠੱਗੀ ਹੋਈ ਹੈ, ਉਸ ਨੇ ਆਨਲਾਈਨ ਦੁਨੀਆ ਤੋਂ ਬਹੁਤ ਦੂਰੀ ਬਣਾ ਲਈ ਹੈ। ਇਸੇ ਤਰ੍ਹਾਂ ਹੀ ਠੱਗਾਂ ਨੇ ਇਕ ਵਿਅਕਤੀ ਤੋਂ ਉਸ ਦਾ ਮੈਨੇਜਰ ਬਣ ਕੇ ਠੱਗੀ ਮਾਰ ਲਈ। ਉਸ ਦੇ ਪੈਸੇ ਤਾਂ ਗਏ ਹੀ, ਨਾਲ ਹੀ ਕੰਪਨੀ ਨੇ ਵੀ ਉਸ ਤੋਂ ਅਹੁਦੇ ਤੋਂ ਹਟਾ ਦਿੱਤਾ। ਹੁਣ ਉਸ ਨੂੰ ਦਫ਼ਤਰ ਜਾਣਾ ਵੀ ਬਹੁਤ ਮੁਸ਼ਕਲ ਲਗਦਾ ਹੈ, ਕਿਉਂਕਿ ਲੋਕ ਉਸ ਵੱਲ ਅਜੀਬ ਤਰੀਕੇ ਨਾਲ ਵੇਖਦੇ ਹਨ।
ਇਕ ਸੇਵਾਮੁਕਤ ਪ੍ਰਿੰਸੀਪਲ ਤੇ ਉਸ ਦੇ ਪਤੀ ਨੂੰ 15 ਦਿਨ ਤਕ ਡਿਜੀਟਲ ਅਰੈਸਟ ਵਿਚ ਰੱਖ ਕੇ 47.30 ਲੱਖ ਰੁਪਏ ਠੱਗ ਲਏ ਗਏ। ਇਸ ਮਗਰੋਂ ਲੋਕ ਉਸ ਦਾ ਮਜ਼ਾਕ ਉਡਾਉਣ ਲੱਗ ਪਏ, ਜਿਸ ਕਾਰਨ ਉਨ੍ਹਾਂ ਨੇ ਪ੍ਰੋਗਰਾਮਾਂ ਵਿਚ ਜਾਣਾ ਵੀ ਬੰਦ ਕਰ ਦਿੱਤਾ ਹੈ। ਉੱਥੇ ਹੀ 38 ਲੱਖ ਦੀ ਠੱਗੀ ਦਾ ਸ਼ਿਕਾਰ ਹੋਏ ਇਕ ਹੋਰ ਪੀੜਤ ਦੇ ਸਿਰ ਕਾਫ਼ੀ ਕਰਜ਼ਾ ਚੜ੍ਹ ਗਿਆ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਕੋਈ ਉਧਾਰੇ ਪੈਸੇ ਦੇ ਕੇ ਵੀ ਰਾਜ਼ੀ ਨਹੀਂ। ਇਕ ਹੋਰ ਪੀੜਤ ਨੂੰ ਤਾਂ ਯਾਰ-ਦੋਸਤ ਇੰਨੀਆਂ ਟਿੱਚਰਾਂ ਕਰਦੇ ਹਨ ਕਿ ਉਸ ਨੇ ਉਨ੍ਹਾਂ ਦੇ ਫ਼ੋਨ ਚੁੱਕਣੇ ਹੀ ਬੰਦ ਕਰ ਦਿੱਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8