ਮਾਲੀ ਹਾਲਤ ਤੋਂ ਪ੍ਰੇਸ਼ਾਨ ਕਿਸਾਨ ਨੇ ਪੀਤੀ ਸਪਰੇਅ, ਮੌਤ

Saturday, Jul 05, 2025 - 04:31 PM (IST)

ਮਾਲੀ ਹਾਲਤ ਤੋਂ ਪ੍ਰੇਸ਼ਾਨ ਕਿਸਾਨ ਨੇ ਪੀਤੀ ਸਪਰੇਅ, ਮੌਤ

ਅਬੋਹਰ (ਸੁਨੀਲ) : ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਮਹਿਰਾਣਾ ਦੇ ਇਕ ਕਿਸਾਨ ਨੇ ਸੇਮ ਕਾਰਨ ਫਸਲ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਪਿਛਲੇ ਦਿਨ ਸਪਰੇਅ ਪੀ ਲਈ। ਉਸ ਦੀ ਬੀਤੀ ਰਾਤ ਮੌਤ ਹੋ ਗਈ। ਪੁਲਸ ਵੱਲੋਂ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ। ਜਾਣਕਾਰੀ ਅਨੁਸਾਰ 52 ਸਾਲਾ ਸੁਭਾਸ਼ ਚੰਦਰ ਪੁੱਤਰ ਹਜ਼ਾਰੀ ਲਾਲ ਦੇ ਚਚੇਰੇ ਭਰਾ ਅਜੀਤ ਨੇ ਦੱਸਿਆ ਕਿ ਸੁਭਾਸ਼ ਚੰਦਰ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ ਅਤੇ ਉਸ ਦੀ ਲੱਗਭਗ ਢਾਈ ਏਕੜ ਜ਼ਮੀਨ ਹੈ।

ਉਸ ਨੇ ਦੱਸਿਆ ਕਿ ਸੁਭਾਸ਼ ਚੰਦਰ ਦੀ ਜ਼ਮੀਨ ’ਚ 2011 ਤੋਂ ਇੰਨੀ ਜ਼ਿਆਦਾ ਸੇਮ ਆ ਚੁੱਕੀ ਹੈ ਕਿ ਉਸ ’ਚ ਅਕਸਰ ਪਾਣੀ ਭਰਿਆ ਰਹਿੰਦਾ ਹੈ ਅਤੇ ਕੋਈ ਵੀ ਫਸਲ ਨਹੀਂ ਹੁੰਦੀ। ਇਸ ਕਾਰਨ ਸੁਭਾਸ਼ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਸ ਲਈ ਆਪਣਾ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਸੀ। ਇਸ ਮਾਨਸਿਕ ਪ੍ਰੇਸ਼ਾਨੀ ਅਤੇ ਵਿੱਤੀ ਸੰਕਟ ਕਾਰਨ ਉਸ ਨੇ ਪਿਛਲੇ ਦਿਨ ਖੇਤ ’ਚ ਸਪਰੇਅ ਪੀ ਲਈ। ਉਸ ਨੂੰ ਇਲਾਜ ਲਈ ਏਮਜ਼ ਬਠਿੰਡਾ ਅਤੇ ਸ਼੍ਰੀ ਗੰਗਾਨਗਰ ਵੀ ਲਿਜਾਇਆ ਗਿਆ ਸੀ ਪਰ ਬੀਤੀ ਰਾਤ ਉਸਦੀ ਮੌਤ ਹੋ ਗਈ। ਉਸ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਉਸ ਦੇ ਪਰਿਵਾਰ ਨੂੰ ਵਿੱਤੀ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਕੁਝ ਮਦਦ ਮਿਲ ਸਕੇ।


author

Gurminder Singh

Content Editor

Related News