ਸੂਰਜੀ ਊਰਜਾ ਨਾਲ ਜਗਮਗਾਏਗਾ ਚੰਡੀਗੜ੍ਹ ਦਾ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ
Monday, Jul 14, 2025 - 11:56 AM (IST)

ਚੰਡੀਗੜ੍ਹ (ਲਲਨ) : ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਚੰਡੀਗੜ੍ਹ ਹੁਣ ਸੂਰਜੀ ਊਰਜਾ ਨਾਲ ਰੌਸ਼ਨ ਹੋਵੇਗਾ ਕਿਉਂਕਿ ਰੇਲਵੇ ਨੇ 1350 ਕਿੱਲੋਵਾਟ ਬਿਜਲੀ ਖ਼ੁਦ ਪੈਦਾ ਕਰਨ ਦੀ ਯੋਜਨਾ ਬਣਾਈ ਹੈ। ਇਸ ਤਹਿਤ ਰੇਲਵੇ ਵੱਲੋਂ ਸੋਲਰ ਪੈਨਲ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (ਆਰ. ਐੱਲ. ਡੀ. ਏ.) ਵੱਲੋਂ ਬਣਾਈ ਜਾ ਰਹੀ ਇਮਾਰਤ ’ਤੇ ਸੋਲਰ ਪੈਨਲ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਆਪਣੀ ਖ਼ਪਤ ਅਨੁਸਾਰ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਵਿਭਾਗ ’ਤੇ ਵਾਧੂ ਬੋਝ ਨਾ ਪਵੇ।
ਜਾਣਕਾਰੀ ਅਨੁਸਾਰ ਪੰਚਕੂਲਾ ਵੱਲ ਲਗਾਏ ਗਏ ਸ਼ੈਲਟਰਾਂ ’ਤੇ ਸੋਲਰ ਪੈਨਲ ਲਗਾਉਣ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਕਾਰਜ ਸ਼ੁਰੂ ਹੋਣ ਤੋਂ ਪਹਿਲਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਰੋਜ਼ਾਨਾ ਬਿਜਲੀ ਦੀ ਖ਼ਪਤ 500 ਕਿੱਲੋਵਾਟ ਤੋਂ ਵੱਧ ਸੀ, ਪਰ ਜਦੋਂ ਤੋਂ ਆਰ. ਐੱਲ. ਡੀ. ਏ. ਵਲੋਂ ਕੰਮ ਦੀ ਸ਼ੁਰੂਆਤ ਹੋਈ ਹੈ। ਰੇਲਵੇ ਸਟੇਸ਼ਨ ’ਤੇ ਬਹੁਤ ਸਾਰੀ ਟੁੱਟ-ਭੱਜ ਹੋਈ ਹੈ, ਇਸ ਲਈ ਮੌਜੂਦਾ ਖ਼ਪਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਅਜਿਹੀ ਸਥਿਤੀ ਵਿਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਸਮੇਂ ਰੇਲਵੇ ਸਟੇਸ਼ਨ ਆਪਣੀ ਬਿਜਲੀ ਦੀ ਖ਼ਪਤ ਦਾ ਕਰੀਬ 40 ਫ਼ੀਸਦੀ ਸੋਲਰ ਪੈਨਲਾਂ ਰਾਹੀਂ ਪੈਦਾ ਕਰਦਾ ਸੀ।
ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਰੀਬ 1350 ਕਿੱਲੋਵਾਟ ਦਾ ਇੱਕ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿਚ ਦੋਵੇਂ ਪਾਸੇ ਇਮਾਰਤਾਂ ਅਤੇ ਸਾਰੇ ਪਲੇਟਫਾਰਮਾਂ ਅਤੇ ਪਾਰਕਿੰਗ ਖੇਤਰ ਵਿਚ ਲਾਈਟਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਪਲੇਟਫਾਰਮ ਦੀ ਛੱਤ ਦੋਵੇਂ ਪਾਸੇ ਇਮਾਰਤਾਂ ਅਤੇ ਪੈਦਲ ਚੱਲਣ ਲਈ ਬਣਾਏ ਗਏ ਸ਼ੈਲਟਰਾਂ ’ਤੇ ਪੈਨਲ ਲਗਾਏ ਜਾਣਗੇ। ਰੇਲਵੇ ਵੱਲੋਂ ਆਪਣੇ ਆਪ 1350 ਕਿੱਲੋਵਾਟ ਬਿਜਲੀ ਪੈਦਾ ਕਰਨ ਦੇ ਪ੍ਰਸਤਾਵ ਨੂੰ ਧਿਆਨ ਵਿਚ ਰੱਖਦੇ ਹੋਏ, ਚੰਡੀਗੜ੍ਹ ਰੇਲਵੇ ਸਟੇਸ਼ਨ ਦੀਆਂ ਸਾਰੀਆਂ ਇਮਾਰਤਾਂ ਅਤੇ ਪਲੇਟਫਾਰਮਾਂ ’ਤੇ ਯਾਤਰੀਆਂ ਲਈ ਬਣਾਏ ਗਏ ਸ਼ੈਲਟਰਾਂ ਅਤੇ ਪਾਰਕਿੰਗ ਖੇਤਰਾਂ ਅਤੇ ਪੈਦਲ ਚੱਲਣ ਲਈ ਬਣਾਏ ਗਏ ਸ਼ੈਲਟਰਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਾਏ ਜਾਣਗੇ, ਤਾਂ ਜੋ ਰੇਲਵੇ ਆਪਣੀ ਖ਼ਪਤ ਅਨੁਸਾਰ ਬਿਜਲੀ ਪੈਦਾ ਕਰ ਸਕੇ।